ਫਰੀਡਮ ਫਾਈਟਰ ਜਥੇਬੰਦੀਆਂ ਨੇ ਲਿਆ ਅਹਿਮ ਫ਼ੈਸਲਾ, ਸਾਮਾਨ ਨਹੀਂ, ਸਨਮਾਨ ਦਿਓ

- ਸਾਮਾਨ ਨਹੀਂ, ਸਨਮਾਨ ਦਿਓ, ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਉਪਰੰਤ ਸ਼ਾਂਤਮਈ ਬਾਈਕਾਟ ਦਾ ਐਲਾਨ : ਆਗੂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਦੇਸ਼ ਭਗਤ ਪਰਿਵਾਰਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਅਹਿਮ ਬੈਠਕ ਹੋਈ। ਫਰੀਡਮ ਫਾਈਟਰ ਉਤਰਾਧਿਕਾਰੀ ਐਸੋਸੀਏਸ਼ਨ 234 ਦੇ ਸੂਬਾ ਆਗੂਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇੰਦਰਪਾਲ ਸਿੰਘ ਧਾਲੀਵਾਲ ਸੋਨੀ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਪਿਛਲੇ ਚਾਰ ਸਾਲਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਹੱਕੀ ਸਨਮਾਨ ਸਹੂਲਤਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਫਰੀਡਮ ਫਾਈਟਰ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀਆਂ ਗਈਆਂ ਬੈਠਕਾਂ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾ ਤੋਂ ਸੁਨਾਮ ਵਿਖੇ ਸਨਮਾਨ ਸਹੂਲਤਾਂ ਲਾਗੂ ਕਰਵਾਉਣ ਲਈ ਦੇਸ਼ ਭਗਤ ਪਰਿਵਾਰਾਂ ਵੱਲੋਂ ਦਿਨ ਰਾਤ ਦਾ ਧਰਨਾ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਕਿ ਪੰਜਾਬ ਸਰਕਾਰ ਨਾਲ ਸਨਮਾਨ ਸਹੂਲਤਾਂ ਲਈ ਸੰਘਰਸ਼ ਤਾਂ ਸਾਡਾ ਹੱਕ ਹੈ, ਪਰ ਸਰਕਾਰ ਵੱਲੋਂ ਜਾਰੀ ਨੀਤੀਆਂ ਨੂੰ ਲਾਗੂ ਕਰਵਾਉਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀ ਭਲਾਈ ਲਈ ਮਹੀਨੇਵਾਰ ਬੈਠਕ ਕਰਵਾਉਣ ਦੇ ਹੁਕਮਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਜਨਰਲ ਸਕੱਤਰ ਰਾਜ ਕੁਮਾਰ ਡਕਾਲਾ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਸੁਤੰਤਰਤਾ ਸੰਗਰਾਮੀ ਪਰਿਵਾਰ ਸ਼ਮੂਲੀਅਤ ਕਰਨਗੇ। ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਉਪਰੰਤ ਸ਼ਾਂਤਮਈ ਰੂਪ ਵਿਚ ਸਮਾਗਮ ਦਾ ਬਾਈਕਾਟ ਕੀਤਾ ਜਾਵੇਗਾ। ਗੁਰਇਕਬਾਲ ਸਿੰਘ ਸੰਧੂ ਅਤੇ ਦਫ਼ਤਰ ਇੰਚਾਰਜ ਕਮਲਦੀਪ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਰੱਖਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਫਰੀਡਮ ਫਾਈਟਰ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੈਨਲ ਮੀਟਿੰਗ ਤਹਿ ਕਰਵਾਈ ਜਾਵੇ। ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ ਹਕੂਮਤ ਵਿਰੁੱਧ ਤਿੱਖੇ ਸੰਘਰਸ਼ ਕੀਤੇ ਗਏ ਹਨ ਤਾਂ ਉਨ੍ਹਾਂ ਦੇਸ਼ ਭਗਤਾਂ ਦੇ ਪਰਿਵਾਰ ਸਰਕਾਰਾਂ ਤੋਂ ਸਨਮਾਨ ਸਹੂਲਤਾਂ ਲਾਗੂ ਕਰਵਾਉਣ ਲਈ ਵੀ ਤਿੱਖਾ ਸੰਘਰਸ਼ ਉਲੀਕ ਸਕਦੇ ਹਨ। ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਹੱਕੀ ਸਨਮਾਨ ਸਹੂਲਤਾਂ ਚੌਥੀ ਪੀੜ੍ਹੀ ਨੂੰ ਕਾਨੂੰਨੀ ਮਾਨਤਾ ਦੇਣ, ਨੌਕਰੀ ਵਿਚ ਵੱਖਰੀ ਪ੍ਰਮੋਸ਼ਨ ਪ੍ਰਕਿਰਿਆ, ਸਨਮਾਨ ਪੈਨਸ਼ਨ, ਸੁਤੰਤਰਤਾ ਸੰਗਰਾਮੀ ਭਲਾਈ ਬੋਰਡ, ਦੇਸ਼ ਭਗਤ ਯਾਦਗਾਰ ਹਾਲ ਬਣਾਉਣੇ, ਵਾਰਿਸਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀ ਦੇਣਾ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਅੱਜ ਦੀ ਇਕੱਤਰਤਾ ਦੌਰਾਨ ਇੰਦਰਪਾਲ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਰਾਜ ਕੁਮਾਰ ਡਕਾਲਾ ਜ਼ਿਲ੍ਹਾ ਜਰਨਲ ਸਕੱਤਰ, ਗੁਰਇਕਬਾਲ ਸਿੰਘ ਸੰਧੂ, ਕਮਲਦੀਪ ਸਿੰਘ ਗਿੱਲ ਦਫ਼ਤਰ ਇੰਚਾਰਜ ਸ਼ਾਮਲ ਹੋਏ।