ਡੀਜੀਪੀ ਯੂਟੀ ਸਾਗਰਪ੍ਰੀਤ ਹੁੱਡਾ, ਆਈਜੀ ਪੁਸ਼ਪੇਂਦਰ ਕੁਮਾਰ, ਡੀਆਈਜੀ ਰਾਜੀਵ ਰੰਜਨ ਸਿੰਘ ਅਤੇ ਐਸਐਸਪੀ ਕੰਵਰਦੀਪ ਕੌਰ ਦੇ ਨਿਰਦੇਸ਼ਾਂ 'ਤੇ ਆਪ੍ਰੇਸ਼ਨ ਸੈੱਲ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਐਸਪੀ ਆਪ੍ਰੇਸ਼ਨ ਗੀਤਾਂਜਲੀ ਖੰਡੇਲਵਾਲ ਅਤੇ ਡੀਐਸਪੀ ਵਿਕਾਸ ਸ਼ਿਓਕੰਦ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਇੰਸਪੈਕਟਰ ਸਤਵਿੰਦਰ ਸਿੰਘ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਦਬੋਚਿਆ।

ਮਨੋਜ ਬਿਸ਼ਟ, ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਪੰਜਾਬ ਯੂਨੀਵਰਸਿਟੀ ਸ਼ੂਟਆਊਟ ਅਤੇ ਲੁੱਟਖੋਹ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਵਿਦੇਸ਼ ਬੈਠੇ ਗੈਂਗਸਟਰ ਸ਼ਗਨਪ੍ਰੀਤ ਸਿੰਘ ਅਤੇ ਡੋਨੀ ਬਲ ਦੇ ਨਜ਼ਦੀਕੀ ਸਹਿਯੋਗੀ ਅਤੇ ਸ਼ੂਟਰ ਦੱਸੇ ਜਾ ਰਹੇ ਹਨ। ਪੁਲਿਸ ਨੇ ਸ਼ੂਟਰਾਂ ਦੇ ਕਬਜ਼ੇ ਵਿੱਚੋਂ ਤਿੰਨ ਅਤਿ-ਆਧੁਨਿਕ ਆਟੋਮੈਟਿਕ ਪਿਸਤੌਲ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਗੌਰਵ ਉਰਫ਼ ਗੋਲਾ, ਰਜਤ ਉਰਫ਼ ਗੁੱਡਾ, ਆਰੀਅਨ ਅਤੇ ਹਰਿਆਣਾ ਦੇ ਸਿਰਸਾ ਨਿਵਾਸੀ ਰਵੀ ਨਿੱਜਰ ਉਰਫ਼ ਕਾਲੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹਨਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਯੂਨੀਵਰਸਿਟੀ ਫਾਇਰਿੰਗ ਕੇਸ ਤੋਂ ਇਲਾਵਾ ਪੰਜਾਬ ਦੇ ਦੋ ਸਨਸਨੀਖੇਜ਼ ਕਤਲ ਮਾਮਲਿਆਂ ਅਤੇ ਖੰਨਾ ਫਾਇਰਿੰਗ ਕੇਸ ਦਾ ਵੀ ਖੁਲਾਸਾ ਹੋਇਆ ਹੈ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ 17 ਮਾਰਚ 2026 ਨੂੰ ਪੰਜਾਬ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਦੀ ਪਾਰਕਿੰਗ 'ਚ ਸੋਪੂ (SOPU) ਆਗੂ ਜਸ਼ਨ ਜਵੰਧਾ 'ਤੇ ਹਮਲਾ ਕਰਨ ਦੇ ਲਈ ਸ਼ੂਟਰ ਯੂਨੀਵਰਸਿਟੀ ਪਹੁੰਚੇ ਸਨ। ਵਾਰਦਾਤ ਤੋਂ ਬਾਅਦ ਮੁਲਜ਼ਮ ਪਿੱਛੇ ਵਾਲੇ ਗੇਟ ਤੋਂ ਸਕੂਟਰ 'ਤੇ ਫਰਾਰ ਹੋਏ ਤੇ ਬਾਅਦ 'ਚ ਮੰਦਰ ਦੇ ਕੋਲ ਇੱਕ ਬੁਲੇਟ ਮੋਟਰਸਾਈਕਲ ਗੰਨ ਪੁਆਇੰਟ 'ਤੇ ਖੋਹ ਕੇ ਮੋਹਾਲੀ ਵੱਲ ਭੱਜ ਗਏ।
ਪੁਲਿਸ ਮੁਤਾਬਕ ਸ਼ੂਟਰ ਵਿਦੇਸ਼ੀ ਗੈਂਗਸਟਰ ਸ਼ਗਨਪ੍ਰੀਤ ਸਿੰਘ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਐਨਕ੍ਰਿਪਟਡ ਸੋਸ਼ਲ ਐਪਲੀਕੇਸ਼ਨਾਂ ਰਾਹੀਂ ਨਿਰਦੇਸ਼ ਲੈਂਦੇ ਸਨ। ਫਰਾਰ ਰਹਿਣ ਦੌਰਾਨ ਨਸ਼ੇ ਅਤੇ ਹੋਰ ਖ਼ਰਚਿਆਂ ਦੇ ਲਈ ਉਹਨਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਪੈਸੇ ਵੀ ਭੇਜੇ ਜਾਂਦੇ ਸਨ।
ਡੀਜੀਪੀ ਯੂਟੀ ਸਾਗਰਪ੍ਰੀਤ ਹੁੱਡਾ, ਆਈਜੀ ਪੁਸ਼ਪੇਂਦਰ ਕੁਮਾਰ, ਡੀਆਈਜੀ ਰਾਜੀਵ ਰੰਜਨ ਸਿੰਘ ਅਤੇ ਐਸਐਸਪੀ ਕੰਵਰਦੀਪ ਕੌਰ ਦੇ ਨਿਰਦੇਸ਼ਾਂ 'ਤੇ ਆਪ੍ਰੇਸ਼ਨ ਸੈੱਲ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਐਸਪੀ ਆਪ੍ਰੇਸ਼ਨ ਗੀਤਾਂਜਲੀ ਖੰਡੇਲਵਾਲ ਅਤੇ ਡੀਐਸਪੀ ਵਿਕਾਸ ਸ਼ਿਓਕੰਦ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਇੰਸਪੈਕਟਰ ਸਤਵਿੰਦਰ ਸਿੰਘ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਦਬੋਚਿਆ।
ਪੁੱਛਗਿੱਛ 'ਚ ਸਾਹਮਣੇ ਆਇਆ ਕਿ ਮੁਲਜ਼ਮ ਪੰਜਾਬ ਦੇ ਚਰਚਿਤ ਗੋਪੀ ਨਿੱਜਰ ਕਤਲ ਕੇਸ, ਅੰਮ੍ਰਿਤਸਰ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਅਮਰਜੋਤ ਸਿੰਘ ਦੇ ਕਤਲ ਅਤੇ ਖੰਨਾ ਆੜ੍ਹਤੀ ਫਾਇਰਿੰਗ ਕੇਸ ਵਿੱਚ ਵੀ ਸ਼ਾਮਲ ਸਨ। ਪੁਲਿਸ ਅਨੁਸਾਰ ਗੌਰਵ ਉਰਫ਼ ਗੋਲਾ ਨੇ ਖੁਲਾਸਾ ਕੀਤਾ ਕਿ ਉਸਨੇ ਆਰੀਅਨ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਖੰਨਾ ਮੰਡੀ ਇਲਾਕੇ ਵਿੱਚ ਰੇਕੀ ਕੀਤੀ ਸੀ ਅਤੇ ਬਾਅਦ ਵਿੱਚ ਫਾਇਰਿੰਗ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਪੁਲਿਸ ਨੇ ਗੌਰਵ ਉਰਫ਼ ਗੋਲਾ ਤੋਂ ਇਕ .32 ਬੋਰ ਆਟੋਮੈਟਿਕ ਪਿਸਤੌਲ ਅਤੇ ਪੰਜ ਕਾਰਤੂਸ, ਰਜਤ ਉਰਫ਼ ਗੁੱਡਾ ਤੋਂ ਇਕ ਆਟੋਮੈਟਿਕ ਪਿਸਤੌਲ ਤੇ ਚਾਰ ਕਾਰਤੂਸ, ਆਰੀਅਨ ਤੋਂ ਇੱਕ ਆਟੋਮੈਟਿਕ ਪਿਸਤੌਲ ਅਤੇ ਚਾਰ ਕਾਰਤੂਸ ਅਤੇ ਰਵੀ ਨਿੱਜਰ ਤੋਂ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਰਿਕਾਰਡ ਦੇ ਅਨੁਸਾਰ ਗੌਰਵ ਉਰਫ਼ ਗੋਲਾ 'ਤੇ ਪਹਿਲਾਂ ਤੋਂ ਕਤਲ, ਕੁੱਟਮਾਰ ਅਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ, ਜਦਕਿ ਰਵੀ ਨਿੱਜਰ 'ਤੇ ਰਾਜਸਥਾਨ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਚੰਡੀਗੜ੍ਹ ਅਤੇ ਪੰਜਾਬ 'ਚ ਸਰਗਰਮ ਗੈਂਗ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ। ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਸਹਿਯੋਗੀਆਂ ਦੀ ਭਾਲ ਕੀਤੀ ਜਾ ਰਹੀ ਹੈ।