ਲਾਰੈਂਸ ਬਿਸ਼ਨੋਈ ਦੇ ਵਕੀਲ ਕਰਨ ਸੌਫਤ ਨੇ ਦੱਸਿਆ ਕਿ ਸੋਹਾਣਾ ਥਾਣੇ ’ਚ ਸਾਲ 2022 ’ਚ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ, ਵਿਕਰਮ ਸਿੰਘ ਉਰਫ਼ ਵਿੱਕੀ ਤੇ ਸੋਨੂੰ ਖਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਰਮਜ਼ ਐਕਟ ਨਾਲ ਸਬੰਧਤ ਇਕ ਮਾਮਲੇ ’ਚ, ਮੁਹਾਲੀ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਚਾਰ ਮੁਲਜ਼ਮਾਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਹੈ। ਹਾਲਾਂਕਿ, ਇਸੇ ਮਾਮਲੇ ’ਚ ਇਕ ਹੋਰ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਰੈਂਸ ਬਿਸ਼ਨੋਈ ਦੇ ਵਕੀਲ ਕਰਨ ਸੌਫਤ ਨੇ ਦੱਸਿਆ ਕਿ ਸੋਹਾਣਾ ਥਾਣੇ ’ਚ ਸਾਲ 2022 ’ਚ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ, ਵਿਕਰਮ ਸਿੰਘ ਉਰਫ਼ ਵਿੱਕੀ ਤੇ ਸੋਨੂੰ ਖਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ’ਚ ਲਾਰੈਂਸ ਬਿਸ਼ਨੋਈ, ਅਸੀਮ ਉਰਫ਼ ਹਾਸ਼ਮ ਬਾਬਾ, ਦੀਪਕ ਤੇ ਵਿੱਕੀ ਖ਼ਿਲਾਫ਼ ਲਗਾਏ ਗਏ ਦੋਸ਼ ਸਾਬਤ ਨਹੀਂ ਹੋ ਸਕੇ, ਜਿਸ ਕਾਰਨ ਅਦਾਲਤ ਨੇ ਉਕਤ ਚਾਰਾਂ ਗੈਂਗਸਟਰਾਂ ਨੂੰ ਬਰੀ ਕਰ ਦਿੱਤਾ ਹੈ। ਜਦੋਂ ਕਿ ਮੁਲਜ਼ਮ ਸੋਨੂੰ ਨੂੰ ਆਰਮਜ਼ ਐਕਟ ਦੀ ਧਾਰਾ 25 ਤਹਿਤ ਤਿੰਨ ਸਾਲ ਦੀ ਸਜ਼ਾ ਤੇ 500 ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਦੀ ਸਜ਼ਾ ਇਕ ਮਹੀਨਾ ਵਧਾ ਦਿੱਤੀ ਜਾਵੇਗੀ।
ਐਡਵੋਕੇਟ ਕਰਨ ਸੌਫਤ ਨੇ ਦੱਸਿਆ ਕਿ ਅਦਾਲਤ ਨੇ ਪਾਇਆ ਕਿ ਜਾਂਚ ਅਧਿਕਾਰੀ ਆਪਣੀ ਗਵਾਹੀ ਪੂਰੀ ਨਹੀਂ ਕਰ ਸਕੇ। ਅਦਾਲਤ ਨੂੰ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਮੁਲਜ਼ਮ ਸੋਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਨਿਸ਼ਾਨਦੇਹੀ ’ਤੇ ਬਾਕੀ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ ਸਨ। ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਪ੍ਰੋਸੀਕਿਊਸ਼ਨ ਬਿਨਾਂ ਕਿਸੇ ਉਚਿਤ ਸ਼ੱਕ ਦੇ ਸਿਰਫ਼ ਮੁਲਜ਼ਮ ਸੋਨੂੰ ਦੇ ਜੁਰਮ ਨੂੰ ਸਾਬਤ ਕਰਨ ’ਚ ਸਫ਼ਲ ਰਿਹਾ ਹੈ।
ਮਾਮਲਾ ਕੀ ਸੀ:
ਮਾਮਲਾ ਇਹ ਸੀ ਕਿ 19 ਨਵੰਬਰ 2022 ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੋਨੂੰ ਨਿਵਾਸੀ ਪਿੰਡ ਸੋਰਗੜ੍ਹੀ, ਜ਼ਿਲ੍ਹਾ ਮੇਰਠ (ਯੂਪੀ), ਜੋ ਕਈ ਡਕੈਤੀ ਦੇ ਮਾਮਲਿਆਂ ਵਿਚ ਲੋੜੀਂਦਾ ਹੈ, ਉਹ ਲਾਂਡਰਾਂ ਵੱਲ ਆ ਰਿਹਾ ਹੈ ਅਤੇ ਉਸ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਜਾ ਸਕਦੇ ਹਨ। ਪੁਲਿਸ ਨੇ ਸੋਨੂੰ ਨੂੰ ਟੀਡੀਆਈ ਸਿਟੀ ਨੇੜਿਓਂ ਹਿਰਾਸਤ ’ਚ ਲਿਆ ਸੀ। ਉਸ ਦੇ ਬੈਗ ਦੀ ਤਲਾਸ਼ੀ ਲੈਣ ’ਤੇ ਚਾਰ ਪਿਸਤੌਲ ਪੁਆਇੰਟ 32 ਬੋਰ, ਇਕ ਪਿਸਤੌਲ ਪੁਆਇੰਟ 315 ਬੋਰ, 10 ਕਾਰਤੂਸ ਪੁਆਇੰਟ 32 ਬੋਰ ਅਤੇ 5 ਕਾਰਤੂਸ ਪੁਆਇੰਟ 315 ਬੋਰ ਬਰਾਮਦ ਹੋਏ ਸਨ, ਜਿਸ ਤੋਂ ਬਾਅਦ ਸੋਨੂੰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।