ਫਰਜ਼ੀ ਮੁਕਾਬਲੇ ’ਚ ਭਗੌੜਾ ਸਾਬਕਾ ਪੁਲਿਸ ਮੁਲਾਜ਼ਮ 34 ਸਾਲ ਬਾਅਦ ਗ੍ਰਿਫ਼ਤਾਰ, 2005 ’ਚ ਐਲਾਨਿਆ ਸੀ ਭਗੌੜਾ, ਮੁੜ ਉੱਥੋਂ ਸ਼ੁਰੂ ਹੋਵੇਗਾ ਕੇਸ, ਜਿੱਥੇ ਰੁਕਿਆ ਸੀ
ਕਸ਼ਮੀਰ ਸਿੰਘ ਦੀ ਗ੍ਰਿਫ਼ਤਾਰੀ ਦੇ ਨਾਲ, ਇਸ ਮਾਮਲੇ ’ਚ ਆਖ਼ਰੀ ਮੁਲਜ਼ਮ ਹੁਣ ਕਰੀਬ 34 ਸਾਲਾਂ ਬਾਅਦ ਮੁਕੱਦਮੇ ਦਾ ਸਾਹਮਣਾ ਕਰੇਗਾ। ਮੁਕੱਦਮੇ ਦੀ ਕਾਰਵਾਈ ਹੁਣ ਉੱਥੋਂ ਹੀ ਸ਼ੁਰੂ ਹੋਵੇਗੀ, ਜਿੱਥੋਂ ਇਹ ਰੋਕੀ ਗਈ ਸੀ। ਗਵਾਹਾਂ ਦੀ ਜਿਰਹਾ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।
Publish Date: Fri, 14 Nov 2025 09:05 PM (IST)
Updated Date: Fri, 14 Nov 2025 09:07 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ ਮੋਹਾਲੀ : 34 ਸਾਲ ਪੁਰਾਣੇ ਫ਼ਰਜ਼ੀ ਮੁਕਾਬਲੇ ਦੇ ਕੇਸ ’ਚ ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਗ੍ਰਿਫ਼ਤਾਰੀ ਤੋਂ ਬਚਦੇ ਰਹੇ ਪੰਜਾਬ ਪੁਲਿਸ ਦੇ ਸਾਬਕਾ ਕਰਮਚਾਰੀ ਕਸ਼ਮੀਰ ਸਿੰਘ (55) ਨੂੰ ਸੀਬੀਆਈ ਨੇ ਮੋਗਾ ਜ਼ਿਲ੍ਹੇ ’ਚ ਉਸਦੀ ਭੈਣ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਕਸ਼ਮੀਰ ਸਿੰਘ ’ਤੇ 1991 ਦੇ ਫਰਜ਼ੀ ਮੁਕਾਬਲੇ ਦੇ ਇਕ ਮਾਮਲੇ ’ਚ ਦੋਸ਼ੀ ਹੈ ਤੇ 2005 ’ਚ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ। ਉਸਨੂੰ ਉਸਦੇ ਨਾਮ ’ਤੇ ਜਾਰੀ ਹੋਏ ਇਕ ਮੋਬਾਈਲ ਸਿਮ ਕਾਰਡ ਦੀ ਮਦਦ ਨਾਲ ਟਰੇਸ ਕੀਤਾ ਗਿਆ। ਇਸ ਮਾਮਲੇ ’ਚ ਸਹਿ-ਮੁਲਜ਼ਮ, ਤੱਤਕਾਲੀਨ ਐੱਸਐੱਚਓ ਸੂਬਾ ਸਿੰਘ, ਸਬ-ਇੰਸਪੈਕਟਰ ਦਲਬੀਰ ਸਿੰਘ ਤੇ ਸਹਾਇਕ ਸਬ-ਇੰਸਪੈਕਟਰ ਰਵੈਲ ਸਿੰਘ ਨੂੰ ਮਾਰਚ 2023 ’ਚ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾ ਕੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਕਸ਼ਮੀਰ ਸਿੰਘ ਦੀ ਗ੍ਰਿਫ਼ਤਾਰੀ ਦੇ ਨਾਲ, ਇਸ ਮਾਮਲੇ ’ਚ ਆਖ਼ਰੀ ਮੁਲਜ਼ਮ ਹੁਣ ਕਰੀਬ 34 ਸਾਲਾਂ ਬਾਅਦ ਮੁਕੱਦਮੇ ਦਾ ਸਾਹਮਣਾ ਕਰੇਗਾ। ਮੁਕੱਦਮੇ ਦੀ ਕਾਰਵਾਈ ਹੁਣ ਉੱਥੋਂ ਹੀ ਸ਼ੁਰੂ ਹੋਵੇਗੀ, ਜਿੱਥੋਂ ਇਹ ਰੋਕੀ ਗਈ ਸੀ। ਗਵਾਹਾਂ ਦੀ ਜਿਰਹਾ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਭਗੌੜੇ ਨੂੰ ਸ਼ਰਨ ਦੇਣ ਦੇ ਦੋਸ਼ ’ਚ ਉਸਦੇ ਰਿਸ਼ਤੇਦਾਰਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਸੀ ਮਾਮਲਾ
ਇਹ ਮਾਮਲਾ 7 ਅਗਸਤ 1991 ਦਾ ਹੈ, ਜਦੋਂ ਤੱਤਕਾਲੀਨ ਐੱਸਐੱਚਓ ਸੁਬਾ ਸਿੰਘ, ਐੱਸਆਈ ਦਲਬੀਰ ਸਿੰਘ, ਏਐੱਸਆਈ ਰਵੈਲ ਸਿੰਘ ਤੇ ਕਾਂਸਟੇਬਲ ਕਸ਼ਮੀਰ ਸਿੰਘ ਨੇ ਕਥਿਤ ਤੌਰ ’ਤੇ ਮੱਲੋਵਾਲ ਸਾਂਤਾ ਪਿੰਡ ਦੇ ਵਸਨੀਕ ਬਲਜੀਤ ਸਿੰਘ ਨੂੰ ਅਗਵਾ ਕਰ ਕੇ ਝੂਠੇ ਮੁਕਾਬਲੇ ’ਚ ਮਾਰ ਦਿੱਤਾ ਸੀ। ਸੀਬੀਆਈ ਦੀ ਜਾਂਚ ਮੁਤਾਬਕ ਬਲਜੀਤ ਸਿੰਘ ਆਪਣੇ ਭਰਾ ਪਰਮਜੀਤ ਸਿੰਘ ਨਾਲ ਚਾਬਲ ਬੱਸ ਸਟੈਂਡ ’ਤੇ ਖੜ੍ਹਾ ਸੀ, ਜਦੋਂ ਪੁਲਿਸ ਨੇ ਉਸਨੂੰ ਜ਼ਬਰਦਸਤੀ ਜਿਪਸੀ ’ਚ ਬਿਠਾ ਕੇ ਥਾਣਾ ਚਾਬਲ ਲੈ ਗਈ। ਬਲਜੀਤ ਸਿੰਘ ਦੀ ਪਤਨੀ ਬਲਬੀਰ ਕੌਰ ਨੇ ਉਸਨੂੰ ਲੱਭਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਰਿਟ ਪਟੀਸ਼ਨ ਦਾਖ਼ਲ ਕੀਤੀ ਸੀ। ਹਾਈ ਕੋਰਟ ਨੇ ਬਾਅਦ ’ਚ ਜਾਂਚ ਸੀਬੀਆਈ ਨੂੰ ਸੌਂਪੀ, ਜਿਸ ’ਚ ਪਾਇਆ ਗਿਆ ਕਿ ਬਲਜੀਤ ਨੂੰ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖ ਕੇ ਮਾਰਿਆ ਗਿਆ ਸੀ।