ਸਵਾਮੀ ਕ੍ਰਿਸ਼ਨਾਨੰਦ ਨੇ ਕਿਹਾ ਕਿ ਸਰਕਾਰ ਦੇ ਅਧੀਨ ਗਊਸ਼ਾਲਾਵਾਂ ਦੀ ਹਾਲਤ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਲਈ ਪੈਸਾ ਜਾਰੀ ਕਰਨ ਤੇ ਚਾਰੇ ਦੇ ਪ੍ਰਬੰਧ ਨੂੰ ਲੈ ਕੇ ਕਈ ਵਾਰ ਸਰਕਾਰ ਨੂੰ ਪੱਤਰ ਦਿੱਤਾ ਜਾ ਚੁੱਕਾ ਹੈ, ਪਰ ਕੋਈ ਕਾਰਵਾਈ ਨਹੀਂ ਹੋਈ।

ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਸੂਬੇ ਦੀਆਂ 500 ਤੋਂ ਵੱਧ ਗਊਸ਼ਾਲਾਵਾਂ 'ਚ ਚਾਰੇ ਦਾ ਭਾਰੀ ਸੰਕਟ ਪੈਦਾ ਹੋ ਗਿਆ ਹੈ। ਪੰਜਾਬ ਗਊਸ਼ਾਲਾ ਮਹਾਸੰਘ ਵੱਲੋਂ ਪੰਜਾਬ ਸਰਕਾਰ ਨੂੰ ਤੂੜੀ ਅਤੇ ਚਾਰੇ ਦੇ ਵੱਖ-ਵੱਖ ਮਿੱਲ ਤੇ ਫੈਕਟਰੀ ਸੰਚਾਲਕਾਂ ਵੱਲੋਂ ਕੀਤੇ ਜਾ ਰਹੇ ਭੰਡਾਰਨ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਤੂੜੀ ਦੀ ਘਾਟ ਕਾਰਨ ਗਊਸ਼ਾਲਾਵਾਂ 'ਚ ਗਊਧਨ ਭੁੱਖ ਨਾਲ ਨਾ ਮਰੇ। ਸੂਬੇ ਭਰ 'ਚ ਪੰਜਾਬ ਸਰਕਾਰ ਦੇ ਅਧੀਨ ਅਤੇ ਹੋਰ ਗਊਸ਼ਾਲਾਵਾਂ 'ਚ ਗਊਧਨ ਨੂੰ ਬਚਾਇਆ ਜਾ ਸਕੇ। ਇਹ ਜਾਣਕਾਰੀ ਸੋਮਵਾਰ ਨੂੰ ਗਊ ਸੇਵਾ ਮਿਸ਼ਨ ਦੇ ਮੁਖੀ ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਚੰਡੀਗੜ੍ਹ 'ਚ ਹੋਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਸਵਾਮੀ ਕ੍ਰਿਸ਼ਨਾਨੰਦ ਨੇ ਕਿਹਾ ਕਿ ਪੰਜਾਬ 'ਚ ਮਿੱਲ ਅਤੇ ਫੈਕਟਰੀ ਸੰਚਾਲਕਾਂ ਵੱਲੋਂ ਵੱਡੇ ਪੱਧਰ 'ਤੇ ਚਾਰੇ ਦਾ ਸਟਾਕ ਖਰੀਦਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ, ਬਾਜ਼ਾਰ ਵਿੱਚ ਵੀ ਗਊਸ਼ਾਲਾਵਾਂ ਲਈ ਚਾਰਾ ਨਹੀਂ ਮਿਲ ਰਿਹਾ। ਜੇਕਰ ਸਮੇਂ ਸਿਰ ਪੰਜਾਬ ਸਰਕਾਰ ਨੇ ਇਸ 'ਤੇ ਕਾਬੂ ਨਾ ਪਾਇਆ ਤਾਂ ਹਜ਼ਾਰਾਂ ਪਸ਼ੂਆਂ ਦੇ ਜੀਵਨ ਲਈ ਖਤਰਾ ਬਣ ਸਕਦਾ ਹੈ। ਜਾਣਕਾਰੀ ਦਿੰਦਿਆਂ ਸਵਾਮੀ ਕ੍ਰਿਸ਼ਨਾਨੰਦ ਨੇ ਦੱਸਿਆ ਕਿ 2016 ਤੋਂ ਪੰਜਾਬ ਸਰਕਾਰ ਵੱਲੋਂ 9 ਵੱਖ-ਵੱਖ ਸੇਵਾਵਾਂ 'ਤੇ 'ਕਾਊ ਸੈੱਸ' ਲਗਾਇਆ ਜਾ ਰਿਹਾ ਹੈ, ਜਿਸ ਨਾਲ ਸਰਕਾਰ ਨੂੰ ਜਨਤਾ ਤੋਂ ਕਰੋੜਾਂ ਰੁਪਏ ਮਿਲ ਰਹੇ ਹਨ। ਪਰ ਸਰਕਾਰ ਵੱਲੋਂ ਗਊਸ਼ਾਲਾਵਾਂ ਨੂੰ ਅਜੇ ਤੱਕ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਅਧੀਨ ਗਊਸ਼ਾਲਾਵਾਂ ਦੀ ਹਾਲਤ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਲਈ ਪੈਸਾ ਜਾਰੀ ਕਰਨ ਤੇ ਚਾਰੇ ਦੇ ਪ੍ਰਬੰਧ ਨੂੰ ਲੈ ਕੇ ਕਈ ਵਾਰ ਸਰਕਾਰ ਨੂੰ ਪੱਤਰ ਦਿੱਤਾ ਜਾ ਚੁੱਕਾ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਸਰਕਾਰ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸ਼ੁੱਕਰਵਾਰ ਤਕ ਇਸ ਮਾਮਲੇ 'ਚ ਸਰਕਾਰ ਨੇ ਕੋਈ ਸਖ਼ਤ ਕਦਮ ਨਾ ਚੁੱਕਿਆ ਤਾਂ ਸ਼ਨੀਵਾਰ ਨੂੰ ਪੂਰੇ ਸੂਬੇ 'ਚ ਸਾਰੀਆਂ ਗਊਸ਼ਾਲਾਵਾਂ ਦੇ ਸੰਚਾਲਕ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀਆਂ ਦੇ ਨਿਵਾਸ ਸਥਾਨਾਂ 'ਤੇ ਰੋਸ ਪ੍ਰਦਰਸ਼ਨ ਕਰਨਗੇ।
'ਕਾਊ ਸੈੱਸ' ਦੇ ਕਰੋੜਾਂ ਰੁਪਏ ਸੂਬੇ ਦੀਆਂ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਕੋਲ ਹਨ, ਪਰ ਉਸ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਤੁਲਨਾ 'ਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਸਰਕਾਰਾਂ ਵੱਲੋਂ ਗਊਸ਼ਾਲਾਵਾਂ ਨੂੰ ਹਰ ਸਾਲ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਹਰਿਆਣਾ ਸਰਕਾਰ ਹਰ ਸਾਲ ਗਊਸ਼ਾਲਾਵਾਂ ਨੂੰ 6800 ਕਰੋੜ ਰੁਪਏ ਦੀ ਗ੍ਰਾਂਟ ਦਿੰਦੀ ਹੈ। ਹਰੇਕ ਗਊਧਨ ਦੀ ਦੇਖਭਾਲ ਅਤੇ ਚਾਰੇ ਲਈ ਪ੍ਰਤੀ ਦਿਨ ਘੱਟੋ-ਘੱਟ 100 ਰੁਪਏ ਖਰਚਾ ਆਉਂਦਾ ਹੈ। ਸਵਾਮੀ ਕ੍ਰਿਸ਼ਨਾਨੰਦ ਨੇ ਕਿਹਾ ਕਿ ਤੂੜੀ ਦਾ ਭਾਅ ਜੋ ਕਦੇ ਤਿੰਨ ਰੁਪਏ ਹੁੰਦਾ ਸੀ, ਉਹ ਹੁਣ ਮਿੱਲ ਤੇ ਫੈਕਟਰੀ ਸੰਚਾਲਕਾਂ ਵੱਲੋਂ 750 ਰੁਪਏ ਤਕ ਕਰ ਦਿੱਤਾ ਗਿਆ ਹੈ, ਜਿਸ ਨਾਲ ਚਾਰੇ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਗਊਸ਼ਾਲਾ ਮਹਾਸੰਘ ਨਾਲ ਜੁੜੇ ਵਿਨੋਦ ਕੁਮਾਰ ਅਤੇ ਵਿਜੇਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਇਸ ਗੰਭੀਰ ਮੁੱਦੇ 'ਤੇ ਕਾਰਵਾਈ ਨੂੰ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ। ਇਸ ਸਮੇਂ ਸੂਬੇ ਦੀਆਂ ਗਊਸ਼ਾਲਾਵਾਂ ਵਿੱਚ 3 ਲੱਖ ਦੇ ਕਰੀਬ ਗਊਧਨ ਹੈ।