ਪ੍ਰਬੰਧਕੀ ਕੰਪਲੈਕਸ ਵਿਖੇ ਫਸਟ ਏਡ ਟਰੇਨਿੰਗ ਕੈਂਪ ਲਾਇਆ
ਪ੍ਰਬੰਧਕੀ ਕੰਪਲੈਕਸ ਵਿਖੇ ਫਸਟ ਏਡ ਟਰੇਨਿੰਗ ਕੈਂਪ ਦਾ ਆਯੋਜਨ
Publish Date: Wed, 04 Feb 2026 07:25 PM (IST)
Updated Date: Wed, 04 Feb 2026 07:26 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਐੱਸਏਐੱਸ ਨਗਰ ਕੋਮਲ ਮਿੱਤਲ, ਆਈਏਐੱਸ ਦੀ ਅਗਵਾਈ ਹੇਠ ਸੇਂਟ ਜਾਨ ਐਂਬੂਲੈਂਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸਏਐੱਸ ਨਗਰ ਵਿਖੇ ਫਸਟ ਏਡ ਟਰੇਨਿੰਗ ਕੈਂਪ ਲਾਇਆ ਜਾ ਰਿਹਾ ਹੈ। ਇਸ ਟਰੇਨਿੰਗ ਕੈਂਪ ਦੌਰਾਨ ਭਾਰਤੀ ਰੈੱਡ ਕਰਾਸ ਦੇ ਪ੍ਰਮਾਣਿਤ ਟਰੇਨਰ ਸੰਦੀਪ ਸਿੰਘ ਵੱਲੋਂ ਕੰਡਕਟਰਾਂ, ਡਰਾਈਵਰਾਂ, ਫੈਕਟਰੀ ਮੁਲਾਜ਼ਮ ਅਤੇ ਨੈਨੀ ਸਟੂਡੈਂਟਸ ਨੂੰ ਹਾਦਸਿਆਂ ਅਤੇ ਐਮਰਜੈਂਸੀ ਹਾਲਾਤਾਂ ਦੌਰਾਨ ਕੀਮਤੀ ਜਾਨਾਂ ਬਚਾਉਣ ਸਬੰਧੀ ਵਿਸਤ੍ਰਿਤ ਸਿਖਲਾਈ ਦਿੱਤੀ ਗਈ। ਟਰੇਨਿੰਗ ਦੌਰਾਨ ਸਿੱਖਿਆਰਥੀਆਂ ਨੂੰ ਦੱਸਿਆ ਗਿਆ ਕਿ ਦੁਰਘਟਨਾਵਾਂ ਸਮੇਂ ਜ਼ਖ਼ਮੀਆਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਦੀ ਪੀੜਾ ਘਟਾਉਣ ਵਿਚ ਫਸਟ ਏਡ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਹਰ ਨਾਗਰਿਕ ਨੂੰ ਫਸਟ ਏਡ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ। ਟਰੇਨਰ ਵੱਲੋਂ ਸਿੱਖਿਆਰਥੀਆਂ ਨੂੰ ਸੀਪੀਆਰ, ਬਣਾਵਟੀ ਸਾਹ ਦੇਣਾ, ਬੇਹੋਸ਼ੀ ਦੀ ਸਥਿਤੀ, ਵਗਦੇ ਖ਼ੂਨ ਨੂੰ ਰੋਕਣਾ, ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣਾ, ਜਲਣ ਅਤੇ ਸੱਪ ਦੇ ਡੰਗਣ ਵਰਗੀਆਂ ਸਥਿਤੀਆਂ ਵਿਚ ਦਿੱਤੀ ਜਾਣ ਵਾਲੀ ਫਸਟ ਏਡ ਸਬੰਧੀ ਵਿਵਹਾਰਿਕ ਟਰੇਨਿੰਗ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਦਿਲ ਦੇ ਦੌਰੇ ਦੌਰਾਨ ਸਮੇਂ ਸਿਰ ਦਿੱਤੀ ਗਈ ਸੀਪੀਆਰ ਜਾਨ ਬਚਾਉਣ ਵਿਚ ਬੇਹੱਦ ਮਦਦਗਾਰ ਸਾਬਤ ਹੁੰਦੀ ਹੈ। ਇਸ ਦੇ ਨਾਲ ਹੀ ਸਿੱਖਿਆਰਥੀਆਂ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਠੀਕ ਰੱਖਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਵੱਲੋਂ ਸਿੱਖਿਆਰਥੀਆਂ ਨੂੰ ਰੈੱਡ ਕਰਾਸ ਦੇ ਸਿਧਾਂਤਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸੰਸਥਾ ਵੱਲੋਂ ਜ਼ਿਲ੍ਹੇ ਵਿਚ ਗਰੀਬਾਂ, ਮਰੀਜ਼ਾਂ, ਲੋੜਵੰਦਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸੰਸਥਾ ਨਾਲ ਜੁੜ ਕੇ ਮਾਨਵਤਾ ਦੀ ਸੇਵਾ ਕਰਨ ਦੀ ਅਪੀਲ ਕੀਤੀ।