ਸੰਯੁਕਤ ਅਧਿਆਪਕ ਫਰੰਟ ਦੀ ਅਗਵਾਈ ਹੇਠ ਮਾਰੂ ਪੱਤਰ ਕੀਤੇ ਅਗਨ ਭੇਂਟ, ਮੁਲਾਜ਼ਮ ਵਿਰੋਧੀ ਕਟੌਤੀਆਂ ਮਨਜ਼ੂਰ ਨਹੀਂ : ਡੀਟੀਐੱਫ
ਸੰਯੁਕਤ ਅਧਿਆਪਕ ਫ਼ਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਵੱਲੋਂ ਪੇਂਡੂ ਭੱਤੇ ਦੀ ਕਟੌਤੀ ਦੇ ਮਾਰੂ ਪੱਤਰ ਅਤੇ ਪਰਖ ਕਾਲ ਦੌਰਾਨ ਅਧਿਅਪਕਾਂ ਦੇ ਬਕਾਏ ਹੜੱਪਣ ਖ਼ਿਲਾਫ਼ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਿਰੋਧੀ ਮਾਰੂ ਪੱਤਰ ਸਾੜ ਕੇ ਪੰਜਾਬ ਕਾਂਗਰਸ ਦੀ ਚੰਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
Publish Date: Wed, 15 Dec 2021 12:12 PM (IST)
Updated Date: Wed, 15 Dec 2021 12:17 PM (IST)

ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਸੰਯੁਕਤ ਅਧਿਆਪਕ ਫ਼ਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਵੱਲੋਂ ਪੇਂਡੂ ਭੱਤੇ ਦੀ ਕਟੌਤੀ ਦੇ ਮਾਰੂ ਪੱਤਰ ਅਤੇ ਪਰਖ ਕਾਲ ਦੌਰਾਨ ਅਧਿਅਪਕਾਂ ਦੇ ਬਕਾਏ ਹੜੱਪਣ ਖ਼ਿਲਾਫ਼ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਿਰੋਧੀ ਮਾਰੂ ਪੱਤਰ ਸਾੜ ਕੇ ਪੰਜਾਬ ਕਾਂਗਰਸ ਦੀ ਚੰਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਅਧਿਆਪਕ ਆਗੂ ਅਮਨਦੀਪ ਮਾਛੀਕੇ, ਜੱਸੀ ਹਿੰਮਤਪੁਰਾ, ਹੀਰਾ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਵਿੱਚ ਐਲਾਨਜੀਤ ਮੁੱਖ ਮੰਤਰੀ ਵਜੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਛੇਵੇਂ ਪੇ-ਕਮਿਸ਼ਨ ਦੀਆਂ ਮੁਲਾਜ਼ਮ ਪੱਖੀ ਸੋਧਾਂ ਤੋਂ ਪੂਰੀ ਤਰ੍ਹਾਂ ਮੁੱਕਰੀ ਬੈਠੀ ਚੰਨੀ ਸਰਕਾਰ ਨੇ ਪੇਂਡੂ ਭੱਤੇ ਉੱਤੇ ਕੱਟ ਲਗਾ ਕੇ ਅਤੇ ਪਰਖਕਾਲ ਦੌਰਾਨ ਅਧਿਅਪਕਾਂ ਦੇ ਹੱਕੀ ਬਕਾਇਆਂ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਕੇ ਮੁਲਾਜ਼ਮ ਵਿਰੋਧੀ ਅਤੇ ਲੋਕ ਵਿਰੋਧੀ ਸਰਕਾਰ ਹੋਣ ਦੀ ਗਵਾਹੀ ਭਰੀ ਹੈ। ਪੰਜਾਬ ਦੇ ਅਧਿਆਪਕ ਅਤੇ ਮੁਲਾਜ਼ਮ ਇਸ ਤਰ੍ਹਾਂ ਦੇ ਕੁੱਢਰ ਫੈਸਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਕਾਂਗਰਸ ਦੀ ਚੰਨੀ ਸਰਕਾਰ ਕੈਪਟਨ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਨੂੰ ਹੀ ਅੱਗੇ ਵਧਾ ਰਹੀ ਹੈ। ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮ ਪੱਖੀ ਸੋਧਾਂ ਲਾਗੂ ਕੀਤੀਆਂ ਜਾਣ, ਦੇਣ ਦੇ ਨਾਂ 'ਤੇ ਖੋਹਣ ਦੀ ਨੀਤੀ ਵਾਪਸ ਲਈ ਜਾਵੇ, ਪਰਖ ਕਾਲ ਦੌਰਾਨ ਬਕਾਏ ਦੱਬਣ ਦਾ ਮਾਰੂ ਪੱਤਰ ਵਾਪਸ ਲਿਆ ਜਾਵੇ, ਕੱਚੇ ਅਧਿਆਪਕ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਜਾਣ, ਖਾਲੀ ਪਈਆਂ ਅਸਾਮੀਆਂ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਛੁੱਟੀ ਹੋਣ ਉਪਰੰਤ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਮਾਰੂ ਅਤੇ ਅਧਿਆਪਕ ਵਿਰੋਧੀ ਪੱਤਰ ਅਗਨ ਭੇਂਟ ਕੀਤੇ ਗਏ।