ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲਕਾਂਡ ’ਚ ਪਿਤਾ ਦਾ ਭਾਵੁਕ ਬਿਆਨ ਆਇਆ ਸਾਹਮਣੇ
ਮੁਹਾਲੀ ’ਚ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਪਿਤਾ ਕੰਵਰ ਰਾਜੀਵ ਸਿੰਘ ਨੇ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਆਪਣੇ ਪੁੱਤਰ ਨੂੰ ਬੇਗੁਨਾਹ ਦੱਸਿਆ ਹੈ। ਸ਼ੁੱਕਰਵਾਰ ਨੂੰ ਇਕ ਭਾਵੁਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਰਾਣਾ ਦਾ ਕਿਸੇ ਵੀ ਗ਼ਲਤ ਗਤੀਵਿਧੀ ਜਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੂਰੀਆ ਨਾਲ ਕੋਈ ਸਬੰਧ ਨਹੀਂ ਸੀ। ਬੰਬੀਹਾ ਗੈਂਗ ਦਾ ਡੋਨੀ ਬਲ ਸਿਰਫ਼ ਆਪਣੀ ਪਬਲੀਸਿਟੀ ਅਤੇ ਨਾਂ ਚਮਕਾਉਣ ਲਈ ਉਸ ਦੇ ਪੁੱਤਰ ਦੇ ਨਾਂ ਦੀ ਵਰਤੋਂ ਕਰ ਰਿਹਾ ਹੈ। ਪਿਤਾ ਨੇ ਦੱਸਿਆ ਕਿ ਰਾਣਾ ਦੇ ਕਤਲ ਤੋਂ ਮਹਿਜ਼ 10 ਦਿਨ ਪਹਿਲਾਂ ਹੀ ਉਸ ਦਾ ਵਿਆ
Publish Date: Sat, 20 Dec 2025 11:15 AM (IST)
Updated Date: Sat, 20 Dec 2025 11:18 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਮੁਹਾਲੀ ’ਚ ਕਤਲ ਕੀਤੇ ਗਏ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਪਿਤਾ ਕੰਵਰ ਰਾਜੀਵ ਸਿੰਘ ਨੇ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਆਪਣੇ ਪੁੱਤਰ ਨੂੰ ਬੇਗੁਨਾਹ ਦੱਸਿਆ ਹੈ। ਸ਼ੁੱਕਰਵਾਰ ਨੂੰ ਇਕ ਭਾਵੁਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਰਾਣਾ ਦਾ ਕਿਸੇ ਵੀ ਗ਼ਲਤ ਗਤੀਵਿਧੀ ਜਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੂਰੀਆ ਨਾਲ ਕੋਈ ਸਬੰਧ ਨਹੀਂ ਸੀ। ਬੰਬੀਹਾ ਗੈਂਗ ਦਾ ਡੋਨੀ ਬਲ ਸਿਰਫ਼ ਆਪਣੀ ਪਬਲੀਸਿਟੀ ਅਤੇ ਨਾਂ ਚਮਕਾਉਣ ਲਈ ਉਸ ਦੇ ਪੁੱਤਰ ਦੇ ਨਾਂ ਦੀ ਵਰਤੋਂ ਕਰ ਰਿਹਾ ਹੈ।
ਪਿਤਾ ਨੇ ਦੱਸਿਆ ਕਿ ਰਾਣਾ ਦੇ ਕਤਲ ਤੋਂ ਮਹਿਜ਼ 10 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਕਿਹਾ,"ਅਜੇ ਤਾਂ ਵਿਆਹ ਦੀ ਮਠਿਆਈ ਵੀ ਘਰ ਵਿਚ ਪਈ ਹੈ ਪਰ ਮੇਰੇ ਪੁੱਤ ਨੂੰ ਛੋਟੀ ਉਮਰੇ ਸਾਡੇ ਤੋਂ ਜੁਦਾ ਕਰ ਦਿੱਤਾ ਗਿਆ। ਉਹ ਮੁਹਾਲੀ ਜਾਣ ਵੇਲੇ ਆਪਣੀ ਮਾਂ, ਭੈਣ ਅਤੇ ਪਤਨੀ ਨੂੰ ਮਿਲ ਕੇ ਗਿਆ ਸੀ ਪਰ ਕੀ ਪਤਾ ਸੀ ਕਿ ਉਹ ਕਦੇ ਵਾਪਸ ਨਹੀਂ ਆਵੇਗਾ।"
ਕੰਵਰ ਰਾਜੀਵ ਸਿੰਘ ਨੇ ਕਿਹਾ ਕਿ ਰਾਣਾ ਹਮੇਸ਼ਾ ਇਕੱਲਾ ਘੁੰਮਦਾ ਸੀ ਅਤੇ ਉਸ ਦੇ ਮਨ ਵਿਚ ਕਿਸੇ ਦਾ ਡਰ ਨਹੀਂ ਸੀ। ਜੇਕਰ ਉਹ ਕਿਸੇ ਗ਼ਲਤ ਕੰਮ ਵਿਚ ਹੁੰਦਾ ਤਾਂ ਉਹ ਪੁਲਿਸ ਸੁਰੱਖਿਆ ਮੰਗਦਾ ਜਾਂ ਚਾਰ ਬੰਦੇ ਨਾਲ ਰੱਖਦਾ। ਉਨ੍ਹਾਂ ਕਿਹਾ ਕਿ ਐੱਸਐੱਸਪੀ ਮੁਹਾਲੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਰਾਣਾ ਕਿਸੇ ਗ਼ਲਤ ਕੰਮ ਵਿਚ ਸ਼ਾਮਲ ਨਹੀਂ ਸੀ, ਉਹ ਸਿਰਫ਼ ਖੇਡਾਂ ਨੂੰ ਪ੍ਰਮੋਟ ਕਰ ਰਿਹਾ ਸੀ।
ਪੁਲਿਸ ਕਾਰਵਾਈ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਨਾਲ ਗੱਲਬਾਤ ਹੋਈ ਹੈ, ਜਿਨ੍ਹਾਂ ਨੇ ਇਕ ਮੁਲਜ਼ਮ ਦੇ ਐਨਕਾਊਂਟਰ ਅਤੇ ਬਾਕੀਆਂ ਦੀ ਭਾਲ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਨਾ ਉਜੜੇ।