ਪੰਜਾਬੀ ਗਾਇਕ ਅਲਫ਼ਾਜ਼ ਸ਼ਨਿੱਚਰਵਾਰ ਦੇਰ ਰਾਤ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ। ਪਤਾ ਚੱਲਿਆ ਹੈ ਕਿ ਉਸ ਨੂੰ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਵੱਜੀ ਹੈ ਜਿਸ ਕਰਕੇ ਇਲਾਜ ਵਾਸਤੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਡਿਪਟੀ ਚੀਫ਼ ਰਿਪੋਰਟਰ, ਮੁਹਾਲੀ : ਪੰਜਾਬੀ ਗਾਇਕ ਅਲਫ਼ਾਜ਼ ਸ਼ਨਿੱਚਰਵਾਰ ਦੇਰ ਰਾਤ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ। ਪਤਾ ਚੱਲਿਆ ਹੈ ਕਿ ਉਸ ਨੂੰ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟ ਵੱਜੀ ਹੈ ਜਿਸ ਕਰਕੇ ਇਲਾਜ ਵਾਸਤੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਲਾਂਡਰਾਂ ਬਨੂੜ ਸੜਕ 'ਤੇ ਸਨੇਟਾ ਪੈਟਰੋਲ ਪੰਪ ਦੇ ਕੋਲ਼ ਵਾਪਰਿਆ ਜਦੋਂ ਊਹ ਇਥੇ ਪੈਟਰੌਲ ਪਵਾਉਣ ਲਈ ਰੁਕਿਆ ਸੀ। ਇਸ ਦੌਰਾਨ ਜਦੋਂ ਅਲਫ਼ਾਜ਼ ਬਾਥਰੂਮ ਜਾਣ ਲਈ ਉਤਰਿਆ ਤਾਂ ਅਣਪਛਾਤੇ ਟੈਂਪੂ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਲਾਂ ਕਿ ਸੋਸ਼ਲ ਮੀਡੀਆ 'ਤੇ ਐਤਵਾਰ ਨੂੰ ਉਸ 'ਤੇ ਹਮਲਾ ਹੋਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਰਿਹਾ।
ਡੀਐੱਸਪੀ ਸਿਟੀ-2 ਹਰਸਿਮਰਤ ਸਿੰਘ ਬੱਲ ਨੇ ਕਿਹਾ ਕਿ ਅਲਫ਼ਾਜ਼ ਵੱਲੋਂ ਦਰਜ ਬਿਆਨਾਂ 'ਚ ਹਾਲੇ ਇਸ ਮਾਮਲੇ ਨੂੰ ਹਾਦਸਾ ਦੱਸਿਆ ਗਿਆ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਪੜਤਾਲ਼ ਕਰ ਰਹੀ ਹੈ। ਪਤਾ ਚੱਲਿਆ ਹੈ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਤਾਂ ਕਰ ਰਹੀ ਹੈ ਪਰ ਹਾਲੇ ਟੱਕਰ ਮਾਰਨ ਵਾਲੇ ਚਾਲਕ ਬਾਰੇ ਕੋਈ ਉੱਘ-ਸੁੱਘ ਨਹੀਂ ਮਿਲ ਸਕੀ। ਸੂਤਰਾਂ ਤੋੰ ਪਤਾ ਚੱਲਿਆ ਹੈ ਕਿ ਅਲਫ਼ਾਜ਼ ਆਪਣੇ ਦੋਸਤਾਂ ਨਾਲ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਉਸ ਨੇ ਚੰਡੀਗੜ੍ਹ ਸਥਿੱਤ ਇਕ ਹੋਟਲ 'ਚ ਖਾਣਾ ਖਾਣ ਮਗਰੋਂ ਵਾਪਸ ਪਰਤ ਰਹੇ ਸਨ। ਉਸਦੇ ਹਾਦਸੇ ਦੀ ਖ਼ਬਰ ਮਗਰੋਂ ਪੰਜਾਬੀ ਸੰਗੀਤ ਜਗਤ ਦੀਆਂ ਆਹਲਾ ਸ਼ਖ਼ਸੀਅਤਾਂ ਉਸ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰ ਰਹੀਆਂ ਹਨ।