ਸੰਯੁਕਤ ਕਿਸਾਨ ਮੋਰਚਾ ਨੇ ਇੰਦਰਜੀਤ ਕੌਰ ਮਾਨ 'ਤੇ ਕਿਸਾਨਾਂ ਨਾਲ ਬਦਤਮੀਜ਼ੀ ਕਰਨ ਦਾ ਲਾਇਆ ਦੋਸ਼, ਕਿਹਾ- ਤੁਰੰਤ ਮੰਗੇ ਮਾਫ਼ੀ
ਕਿਸਾਨ ਆਗੂਆਂ ਨੇ ਕਿਹਾ ਕਿ ਸਥਾਨਕ ਲੋਕ ਤੇ ਕਿਸਾਨ ਬੀਤੇ ਦਿਨ ਬਿਲਗਾ ਨੇੜ੍ਹੇ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਬਚਾਉਣ ਦੇ ਯਤਨਾਂ ’ਚ ਲੱਗੇ ਹੋਏ ਸਨ ਤਾਂ ਵਿਧਾਇਕਾ ਇੰਦਰਜੀਤ ਕੌਰ ਨੇ ਸਹਿਯੋਗ ਕਰਨ ਦੀ ਥਾਂ ਬਦਤਮੀਜ਼ੀ ਕੀਤੀ।
Publish Date: Thu, 04 Sep 2025 10:03 AM (IST)
Updated Date: Thu, 04 Sep 2025 10:11 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਆਪ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਕਿਸਾਨਾਂ ਤੇ ਸਥਾਨਕ ਲੋਕਾਂ ਨਾਲ ਕੀਤੀ ਬਦਤਮੀਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ ਲਾਇਆ ਕਿ ਮੰਤਰੀ ਤੇ ਵਿਧਾਇਕ ਮੁਸੀਬਤ ਵਿਚ ਫਸੇ ਲੋਕਾਂ ਨੂੰ ਬਚਾਉਣ ਦੀ ਬਜਾਏ ਫੋਟੋ ਸ਼ੂਟ ਵਿਚ ਰੁੱਝੇ ਹੋਏ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਤੇ ਕੁਲਵੰਤ ਸਿੰਘ ਸੰਧੂ ਨੇ ਵਿਧਾਇਕਾ ਨੂੰ ਤੁਰੰਤ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਥਾਨਕ ਲੋਕ ਤੇ ਕਿਸਾਨ ਬੀਤੇ ਦਿਨ ਬਿਲਗਾ ਨੇੜ੍ਹੇ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਬਚਾਉਣ ਦੇ ਯਤਨਾਂ ’ਚ ਲੱਗੇ ਹੋਏ ਸਨ ਤਾਂ ਵਿਧਾਇਕਾ ਇੰਦਰਜੀਤ ਕੌਰ ਨੇ ਸਹਿਯੋਗ ਕਰਨ ਦੀ ਥਾਂ ਬਦਤਮੀਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਬਿਪਤਾ ਦੀ ਘੜੀ ਵਿਚ ਲੋਕ ਤਾਂ ਇਕ ਦੂਜੇ ਦਾ ਸਹਾਰਾ ਬਣੇ ਹਨ ਪਰ ਸਰਕਾਰ ਦੇ ਪ੍ਰਬੰਧਾਂ ਦੀ ਬਦਇੰਤਜ਼ਾਮੀ ਦੀ ਪੋਲ ਵੀ ਖੁੱਲ੍ਹ ਗਈ ਹੈ। ਉਪਰੋ ਸਿਤਮਜ਼ਰੀਫੀ ਇਹ ਹੈ ਕਿ ਆਪ ਦੇ ਵਿਧਾਇਕ ਤੇ ਮੰਤਰੀਆਂ ਦੇ ਜ਼ਿਆਦਾਤਰ ਹਿੱਸੇ ਲੋਕਾਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਲਈ ਹਮਦਰਦੀ ਭਰਿਆ ਰਵੱਈਆ ਰੱਖਣ ਦੀ ਬਜਾਏ ਫੋਟੋ ਸ਼ੂਟਆਊਟ ਕਰਦੇ ਹਨ। ਆਗੂਆਂ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਆਪਣਾ ਰਵੱਈਆ ਸੁਧਾਰਨ ਦੀ ਸਲਾਹ ਦਿੱਤੀ ਹੈ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।