ਕਿਸਾਨਾਂ ਦੇ ਵੱਡੇ ਮੋਰਚੇ ਕਰਕੇ ਅਗਲੇ ਦੋ ਦਿਨਾਂ ਵਿੱਚ ਚੰਡੀਗੜ੍ਹ ‘ਚ ਹਾਲਾਤ ਤਣਾਅਪੂਰਨ ਹੋ ਸਕਦੇ ਹਨ, ਕਿਉਂਕਿ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਦੇ ਪੰਜਵੇਂ ਵਿਰੋਧ ਦਿਹਾੜੇ ਨੂੰ ਮਰਕਜ਼ ਬਣਾਉਂਦੇ ਹੋਏ ਦੋ ਦਰਜਨ ਤੋਂ ਵੱਧ ਯੂਨੀਅਨਾਂ ਦੇ ਕਰੀਬ 10 ਹਜ਼ਾਰ ਮੈਂਬਰਾਂ ਦੇ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਕਿਸਾਨਾਂ ਦੇ ਵੱਡੇ ਮੋਰਚੇ ਕਰਕੇ ਅਗਲੇ ਦੋ ਦਿਨਾਂ ਵਿੱਚ ਚੰਡੀਗੜ੍ਹ ‘ਚ ਹਾਲਾਤ ਤਣਾਅਪੂਰਨ ਹੋ ਸਕਦੇ ਹਨ, ਕਿਉਂਕਿ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਦੇ ਪੰਜਵੇਂ ਵਿਰੋਧ ਦਿਹਾੜੇ ਨੂੰ ਮਰਕਜ਼ ਬਣਾਉਂਦੇ ਹੋਏ ਦੋ ਦਰਜਨ ਤੋਂ ਵੱਧ ਯੂਨੀਅਨਾਂ ਦੇ ਕਰੀਬ 10 ਹਜ਼ਾਰ ਮੈਂਬਰਾਂ ਦੇ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ।
ਇਸ ਵੱਡੇ ਇਕੱਠ ਨੂੰ ਵੇਖਦਿਆਂ ਚੰਡੀਗੜ੍ਹ ਪੁਲਿਸ ਨੇ ਸੈਕਟਰ–43 ਦੇ ਦਸਹਿਰਾ ਮੈਦਾਨ ਨੂੰ ਪ੍ਰਦਰਸ਼ਨ ਲਈ ਨਿਰਧਾਰਤ ਕਰ ਦਿੱਤਾ ਹੈ ਅਤੇ ਕਾਨੂੰਨ–ਵਿਵਸਥਾ ਬਰਕਰਾਰ ਰੱਖਣ ਲਈ ਕਰੀਬ 3,000 ਪੁਲਿਸ ਕਰਮਚਾਰੀ ਤਾਇਨਾਤ ਕਰਨ ਦੀ ਤਿਆਰੀ ਕਰ ਲਈ ਹੈ।
ਇਸ ਦੌਰਾਨ ਟ੍ਰਾਈਸਿਟੀ ਦੇ ਰਹਿਣ ਵਾਲਿਆਂ ਨੂੰ ਟ੍ਰੈਫਿਕ ਰੂਟ ‘ਤੇ ਪਾਬੰਦੀਆਂ ਅਤੇ ਮੋਹਾਲੀ ਤੋਂ ਚੰਡੀਗੜ੍ਹ ਦਾਖਲੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਦਿਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੀ ਯੂ ਕੈਂਪਸ ਵਿੱਚ ਪੂਰਨ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ, ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਸਭ ਤੋਂ ਵੱਡਾ ਇਕੱਠ ਐਸ ਕੇ ਐਮ ਵੱਲੋਂ ਆਉਣ ਦੀ ਉਮੀਦ ਹੈ, ਜੋ ਕਿ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਆੰਦੋਲਨ ਦੇ ਪੰਜ ਸਾਲ ਪੂਰੇ ਹੋਣ ‘ਤੇ ਮਾਰਚ ਕੱਢ ਰਹੇ ਹਨ। ਕੇਂਦਰੀ ਟ੍ਰੇਡ ਯੂਨੀਅਨਾਂ ਨੇ ਵੀ ਦੇਸ਼–ਪੱਧਰੀ ਧਰਨਿਆਂ ਦੀ ਕਾਲ ਦਿੱਤੀ ਹੈ।
ਐੱਸਐੱਸਪੀ ਚੰਡੀਗੜ੍ਹ ਪੁਲਿਸ ਕਨਵਰਦੀਪ ਕੌਰ ਨੇ ਕਿਹਾ ਕਿ ਯੂਨੀਅਨਾਂ ਦੀ ਮੰਗ ‘ਤੇ ਸੈਕਟਰ–43 ਵਿੱਚ ਮੈਦਾਨ ਪ੍ਰਦਾਨ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸ਼ਾਂਤੀਪੂਰਨ ਰੈਲੀ ਕਰਨ ਦੀ ਆਗਿਆ ਹੈ। ਕਾਨੂੰਨ–ਵਿਵਸਥਾ ਲਈ 3,000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਤੱਕ ਅਸੀਂ ਸ਼ਹਿਰ ਦੇ ਬਾਰਡਰ ਸੀਲ ਕਰਨ ਬਾਰੇ ਫੈਸਲਾ ਨਹੀਂ ਕੀਤਾ।”
ਕਿਸਾਨ ਯੂਨੀਅਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ 30 ਤੋਂ ਵੱਧ ਜਥੇਬੰਦੀਆਂ ਦੇ ਮੈਂਬਰ ਚੰਡੀਗੜ੍ਹ ਆ ਰਹੇ ਹਨ। ਅਸੀਂ ਪੁਲਿਸ ਤੋਂ ਜਗ੍ਹਾ ਦੀ ਮੰਗ ਕੀਤੀ ਸੀ, ਜਿਸ ਉਪਰੰਤ ਸੈਕਟਰ–43 ਦਾ ਮੈਦਾਨ ਸਾਨੂੰ ਦਿੱਤਾ ਗਿਆ। ਇਹ ਰੈਲੀ ਐਸ ਕੇ ਐਮ ਦੇ ਪੰਜ ਸਾਲ ਪੂਰੇ ਹੋਣ ਤੇ ਮੁੱਖ ਤੌਰ ‘ਤੇ ਮਨਾਈ ਜਾ ਰਹੀ ਹੈ, ਨਾਲੇ ਪੰਜਾਬ ਸੰਬੰਧੀ ਕੁਝ ਮਸਲਿਆਂ ‘ਤੇ ਵੀ ਸ਼ਾਂਤੀਪੂਰਨ ਵਿਰੋਧ ਹੈ।”
ਪਿਛਲੇ ਸਾਲ ਸਤੰਬਰ ਵਿੱਚ ਵੀ ਹਜ਼ਾਰਾਂ ਕਿਸਾਨ ਸੂਬਾ–ਪੱਧਰੀ ਧਰਨੇ ਲਈ ਚੰਡੀਗੜ੍ਹ ਆਏ ਸਨ ਅਤੇ ਪੰਜ ਦਿਨ ਤੱਕ ਡਟੇ ਰਹੇ ਸਨ। ਇਸ ਵਾਰ ਚੰਡੀਗੜ੍ਹ ਦੀ ਚਿੰਤਾ ਇਸ ਕਰਕੇ ਵੀ ਵਧ ਗਈ ਹੈ ਕਿਉਂਕਿ ਪੀ ਯੂ ਬਚਾਓ ਮੋਰਚੇ ਨੇ 26 ਨਵੰਬਰ ਨੂੰ ਪੂਰੇ ਪੰਜਾਬ ਯੂਨੀਵਰਸਿਟੀ ਦੇ ਸ਼ਟਡਾਊਨ ਦਾ ਐਲਾਨ ਕੀਤਾ ਹੈ। ਉਹ ਲੰਬੇ ਸਮੇਂ ਤੋਂ ਲਟਕ ਰਹੀ ਸੈਨੇਟ ਚੋਣਾਂ ਦੀ ਮਿਤੀ ਦੇ ਐਲਾ ਦੀ ਮੰਗ ਕਰ ਰਹੇ ਹਨ।