ਪਰਿਵਾਰ ਨਿਯੋਜਨ ਸਮਾਜਕ ਤਰੱਕੀ ਲਈ ਵੀ ਜ਼ਰੂਰੀ : ਸਿਵਲ ਸਰਜਨ
ਪਰਿਵਾਰ ਨਿਯੋਜਨ ਸਮਾਜਕ ਤਰੱਕੀ ਲਈ ਵੀ ਜ਼ਰੂਰੀ : ਸਿਵਲ ਸਰਜਨ,
Publish Date: Thu, 04 Dec 2025 06:09 PM (IST)
Updated Date: Thu, 04 Dec 2025 06:11 PM (IST)

ਪੁਰਸ਼ ਨਸਬੰਦੀ ਪੰਦਰਵਾੜੇ ਦੀ ਸਮਾਪਤੀ ਮੌਕੇ ਜ਼ਿਲ੍ਹਾ ਹਸਪਤਾਲ ਚ ਹੋਇਆ ਜਾਗਰੂਕਤਾ ਸਮਾਗਮ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਰਿਵਾਰ ਨਿਯੋਜਨ ਸਿਰਫ਼ ਜਨਸੰਖਿਆ ਕੰਟਰੋਲ ਦਾ ਹੀ ਸਾਧਨ ਨਹੀਂ, ਸਗੋਂ ਮਾਂ-ਬੱਚੇ ਦੀ ਸਿਹਤ, ਪਰਿਵਾਰ ਦੀ ਆਰਥਿਕ ਸਥਿਤੀ ਅਤੇ ਸਮਾਜਿਕ ਤਰੱਕੀ ਲਈ ਵੀ ਬਹੁਤ ਜ਼ਰੂਰੀ ਹੈ। ਇਹ ਗੱਲ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਵੀਰਵਾਰ ਨੂੰ ਇਥੇ ਜ਼ਿਲ੍ਹਾ ਹਸਪਤਾਲ ਵਿਚ ਪੁਰਸ਼ ਨਸਬੰਦੀ ਪੰਦਰਵਾੜੇ ਦੀ ਸਮਾਪਤੀ ਮੌਕੇ ਕਰਵਾਏ ਗਏ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਇਹ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਸੁਰੱਖਿਅਤ ਪੁਰਸ਼ ਨਸਬੰਦੀ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਫੈਲਾਉਣਾ ਅਤੇ ਯੋਗ ਜੋੜਿਆਂ ਨੂੰ ਸਿਹਤਮੰਦ ਪਰਿਵਾਰ ਯੋਜਨਾ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਚਾਹੇ ਔਰਤਾਂ ਲਈ ਟਿਊਵੈਕਟੋਮੀ ਹੋਵੇ ਜਾਂ ਪੁਰਸ਼ਾਂ ਲਈ ਵਸੈਕਟੋਮੀ, ਇਹ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਇਕ-ਵਾਰ ਕੀਤਾ ਜਾਣ ਵਾਲਾ ਪਰਿਵਾਰ ਨਿਯੋਜਨ ਢੰਗ ਹੈ, ਜੋ ਹਮੇਸ਼ਾ ਲਈ ਭਰੋਸੇਮੰਦ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਨਰਸਿੰਗ ਵਿਦਿਆਰਥੀਆਂ ਨੂੰ ਨਸਬੰਦੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਘਲ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਸਿਹਤ ਸਟਾਫ਼ ਵੱਲੋਂ ਪੁਰਸ਼ ਨਸਬੰਦੀ (ਵਸੈਕਟਮੀ) ਨੂੰ ਵਿਸ਼ੇਸ਼ ਤੌਰ ਤੇ ਪਹਿਲ ਦਿੱਤੀ ਗਈ ਕਿਉਂਕਿ ਇਹ ਇਕ ਆਸਾਨ, ਤੇਜ਼ ਤੇ ਬਿਨਾਂ ਟਾਂਕੇ ਦੀ ਪ੍ਰਕਿਰਿਆ ਹੈ, ਜੋ ਔਰਤਾਂ ਦੀ ਜ਼ਿੰਮੇਵਾਰੀ ਨੂੰ ਘਟਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸਬੰਦੀ ਕਰਵਾਉਣ ਨਾਲ ਸਰੀਰਕ ਸ਼ਕਤੀ ’ਤੇ ਕਿਸੇ ਤਰ੍ਹਾਂ ਦਾ ਕੋਈ ਮਾੜਾ ਅਸਰ ਨਹੀਂ ਪੈਦਾ। ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਨਵਦੀਪ ਸੈਣੀ ਨੇ ਪੁਰਸ਼ ਨਸਬੰਦੀ ਦੇ ਸੰਕਲਪ ਦੀ ਸ਼ੂਰੁਆਤ, ਪੁਰਸ਼ਾਂ ਅਤੇ ਖ਼ਾਸਕਰ ਸਮਾਜ ਲਈ ਇਸ ਦੇ ਫ਼ਾਇਦਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸਮਾਜ ਦੇ ਸਭ ਵਰਗਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਿਵਾਰ ਨਿਯੋਜਨ ਬਾਰੇ ਗ਼ਲਤਫ਼ਹਿਮੀਆਂ ਜਾਂ ਕਿਸੇ ਤਰ੍ਹਾਂ ਦੇ ਵਹਿਮਾਂ-ਭਰਮਾਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਨ। ਇਸ ਮੌਕੇ ਹਸਪਤਾਲ ਦੇ ਐੱਸਐੱਮਓ ਡਾ. ਪਰਮਿੰਦਰਜੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਹਰਚਰਨ ਸਿੰਘ, ਡਿਪਟੀ ਮਾਸ ਮੀਡੀਆ ਅਧਿਕਾਰੀ ਦਲਜੀਤ ਕੌਰ, ਨਰਸਿੰਗ ਸਿਸਟਰ ਸੁਖਵਿੰਦਰ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ।