ਫੈਕਟਰੀ ਮਾਲਕ ’ਤੇ ਹਮਲਾ, ਸਕ੍ਰੈਪ ਦੇ ਲੈਣ-ਦੇਣ ਨੂੰ ਲੈ ਕੇ ਕੀਤੀ ਕੁੱਟਮਾਰ
ਇੰਡਸਟਰੀਅਲ ਏਰੀਆ ਫੇਜ਼-7 ਵਿਚ ਫੈਕਟਰੀ ਮਾਲਕ 'ਤੇ ਹਮਲਾ, ਸਕ੍ਰੈਪ ਦੇ ਲੈਣ-ਦੇਣ ਨੂੰ ਲੈ ਕੇ ਸਰੀਏ ਨਾਲ ਕੁੱਟਮਾਰ
Publish Date: Mon, 24 Nov 2025 07:53 PM (IST)
Updated Date: Tue, 25 Nov 2025 04:14 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਇੰਡਸਟਰੀਅਲ ਏਰੀਆ ਫੇਜ਼-7 ਸਥਿਤ ਇਕ ਟਰੈਕਟਰ ਪਾਰਟਸ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਊਮਾ ਸ਼ੰਕਰ (ਨਿਵਾਸੀ ਓਮੇਗਾ ਸਿਟੀ, ਖਰੜ) ਨਾਲ ਐਤਵਾਰ ਦੁਪਹਿਰ ਉਸ ਸਮੇਂ ਕੁੱਟਮਾਰ ਹੋ ਗਈ, ਜਦੋਂ ਸਕ੍ਰੈਪ ਡੀਲਰ ਅਜੇ ਅਤੇ ਉਸ ਦਾ ਸਾਥੀ ਟੁਨਟੁਨ ਹਿਸਾਬ-ਕਿਤਾਬ ਕਰਨ ਲਈ ਫੈਕਟਰੀ ਪਹੁੰਚੇ। ਪੁਲਿਸ ਨੇ ਜ਼ਖ਼ਮੀ ਮਾਲਕ ਦੇ ਬਿਆਨ ਦਰਜ ਕਰ ਲਏ ਹਨ ਅਤੇ ਦੋਵਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਫੈਕਟਰੀ ਮਾਲਕ ਊਮਾ ਸ਼ੰਕਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਫੈਕਟਰੀ ਦੇ ਬਾਹਰ ਬੁਲਾਇਆ। ਜਿਵੇਂ ਹੀ ਉਹ ਬਾਹਰ ਪਹੁੰਚੇ, ਪੁਰਾਣੇ ਲੈਣ-ਦੇਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਂਪਾਈ ਵਿਚ ਬਦਲ ਗਈ। ਬਚਾਅ ਵਿਚ ਊਮਾ ਸ਼ੰਕਰ ਨੇ ਨੇੜੇ ਪਿਆ ਇਕ ਸਰੀਆ ਚੁੱਕ ਲਿਆ, ਪਰ ਅਜੇ ਅਤੇ ਟੁਨਟੁਨ ਨੇ ਸਰੀਆ ਖੋਹ ਕੇ ਉਸੇ ਸਰੀਏ ਨਾਲ ਉਨ੍ਹਾਂ ਦੇ ਸਿਰ ਤੇ ਕਈ ਵਾਰ ਕੀਤੇ। ਇਸ ਹਮਲੇ ਵਿਚ ਊਮਾ ਸ਼ੰਕਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸਿਰ ਤੇ ਡੂੰਘੀ ਸੱਟ ਲੱਗਣ ਕਾਰਨ ਛੇ ਟਾਂਕੇ ਲੱਗੇ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਊਮਾ ਸ਼ੰਕਰ ਨੂੰ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸੂਚਨਾ ਮਿਲਦੇ ਹੀ ਫੇਜ਼-8 ਪੁਲਿਸ ਚੌਕੀ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਊਮਾ ਸ਼ੰਕਰ ਦੇ ਬਿਆਨ ਦਰਜ ਕੀਤੇ। ਪੁਲਿਸ ਅਨੁਸਾਰ, ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਹੀ ਸਕ੍ਰੈਪ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਫੈਕਟਰੀ ਦੇ ਆਸ-ਪਾਸ ਦੀਆਂ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਲਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਮੁਕੱਦਮਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਅਜੈ ਤੇ ਟੁਨਟੁਨ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।