ਪਾਰਟੀ ਛੱਡਣ ਵਾਲਿਆਂ ਨੂੰ ਪੰਜਾਬ ਦੇ ਗ਼ੱਦਾਰ ਦੱਸਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਨੇਤਾਵਾਂ ਨੂੰ ਸਮਾਂ ਆਉਣ ’ਤੇ ਜਵਾਬ ਜ਼ਰੂਰ ਦੇਣਗੇ। ਇਨ੍ਹਾਂ ਨੇਤਾਵਾਂ ਦਾ ਉਹੀ ਹਾਲ ਹੋਵੇਗਾ ਜਿਹੋ ਜਿਹਾ ਇਨ੍ਹਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਨੇਤਾਵਾਂ ਦਾ ਹੋਇਆ। ਇਨ੍ਹਾਂ ਗ਼ੱਦਾਰਾਂ ਨੂੰ ਵੀ ਭਾਜਪਾ ਦੂਜੇ ਨੇਤਾਵਾਂ ਵਾਂਗ ਸਾਈਡ ਲਾਈਨ ਕਰ ਦੇਵੇਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਦੋਂ ਤੋਂ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਮਨ ਬਣਾਏ ਗੇ ਹਨ, ਭਾਜਪਾ ਮੈਨੂੰ ਕਮਜ਼ੋਰ ਤੇ ਖ਼ਤਮ ਕਰਨ ਦੀਆਂ ਸਾਜ਼ਿਸ਼ਾ ਰਚ ਰਹੀ ਹੈ। ਭਾਜਪਾ, ਜਿਸ ਨੂੰ ਪੰਜਾਬ ਨੇ ਵਾਰ-ਵਾਰ ਨਕਾਰਿਆ ਹੈ ਹੁਣ ਸਾਡੇ ਨੇਤਾਵਾਂ ਨੂੰ ਡਰਾਉਣ-ਧਮਕਾਉਣ ਦੀਆਂ ਚਾਲਾਂ ਚੱਲ ਰਹੀ ਹੈ। ਪਾਰਟੀ ਛੱਡਣ ਵਾਲਿਆਂ ਨੂੰ ਪੰਜਾਬ ਦੇ ਗ਼ੱਦਾਰ ਦੱਸਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਨੇਤਾਵਾਂ ਨੂੰ ਸਮਾਂ ਆਉਣ ’ਤੇ ਜਵਾਬ ਜ਼ਰੂਰ ਦੇਣਗੇ। ਇਨ੍ਹਾਂ ਨੇਤਾਵਾਂ ਦਾ ਉਹੀ ਹਾਲ ਹੋਵੇਗਾ ਜਿਹੋ ਜਿਹਾ ਇਨ੍ਹਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਨੇਤਾਵਾਂ ਦਾ ਹੋਇਆ। ਇਨ੍ਹਾਂ ਗ਼ੱਦਾਰਾਂ ਨੂੰ ਵੀ ਭਾਜਪਾ ਦੂਜੇ ਨੇਤਾਵਾਂ ਵਾਂਗ ਸਾਈਡ ਲਾਈਨ ਕਰ ਦੇਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਪ ਦੀ ਤਾਕਤ ਆਮ ਲੋਕ ਹਨ। ਸਿਧਾਂਤਕ ਪੈਮਾਨੇ ਤੇ ਕ੍ਰਾਂਤੀਕਾਰੀ ਸੋਚ ਸਾ਼ਡੀ ਪਾਰਟੀ ਦਾ ਆਧਾਰ ਹੈ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ’ਚ ਕਿਹਾ ਕਿ ਭਾਜਪਾ ਭਾਵੇਂ ਮੈਨੂੰ ਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੋਈ ਵੀ ਤਿਕੜਮ ਲਗਾ ਲਵੇ, ਉਸ ਨੂੰ ਕਾਮਯਾਬੀ ਨਹੀਂ ਮਿਲੇਗੀ।
ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਮਝਦਾਰ ਤੇ ਸਵੈ ਮਾਨ ਵਾਲੇ ਲੋਕ ਉਨ੍ਹਾਂ ਗ਼ੱਦਾਰਾਂ ਨੂੰ ਕਦੀ ਮਾਫ਼ ਨਹੀਂ ਕਰਨਗੇ, ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਉਨ੍ਹਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਪੰਜਾਬੀ ਕਦੀ ਵੀ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਨਹੀਂ ਭੁੱਲਦੇ ਤੇ ਜਿਨ੍ਹਾਂ ਨੇ ਵੀ ਉਨ੍ਹਾਂ ਨੂੰ ਧੋਖਾ ਦੇਣ ਦੀ ਸੋਚੀ, ਉਹ ਲੋਕ ਸਿਆਸਤ ਤੋਂ ਲੁਪਤ ਹੋ ਗਏ। ਮਾਨ ਨੇ ਕਿਹਾ ਕਿ ਕਈ ਨੇਤਾਵਾਂ ਨੂੰ ਤਾਂ ਬਗ਼ੈਰ ਕਿਸੇ ਠੋਸ ਯੋਗਦਾਨ ਦੇ ਅਹੁਦੇ ਹਾਸਲ ਹੋਏ, ਪਰ ਹੁਣ ਉਨ੍ਹਾਂ ਨੇ ਆਪਣੇ ਨਿੱਜੀ ਲਾਭ ਲਈ ਆਪਣੀ ਮੂਲ ਪਾਰਟੀ ਨੂੰ ਧੋਖਾ ਦੇਣਾ ਚੁਣਿਆਂ। ਭਾਜਪਾ ਦਾ ਅਸਲੀ ਨਾਂ ‘ਕੱਢੇ ਛੱਡੇ ਪਾਰਟੀ’ ਹੈ, ਕਿਉੰਕਿ ਇਹ ਆਪਣੀ ਵਾਸ਼ਿੰਗ ਮਸ਼ੀਨ ਦਾ ਇਸਤੇਮਾਲ ਦੂਜੀਆਂ ਪਾਰਟੀਆਂ ਦੇ ਦਾਗੀ ਨੇਤਾਵਾਂ ਨੂੰ ਸਾਫ਼ ਕਰਨ ਲਈ ਕਰਦੀ ਹੈ। ਮਾਨ ਨੇ ਕਿਹਾ ਕਿ ਭਾਜਪਾ ਭਾਵੇਂ ਜਿੰਨੇ ਮਰਜ਼ੀ ਢੰਗ-ਤਰੀਕੇ ਅਪਣਾ ਲਵੇ ਪਰ ਪੰਜਾਬ ਵਿਰੋਧੀ ਮਾਨਸਿਕਤਾ ਕਾਰਨ ਪੰਜਾਬ ’ਚ ਉਸਦਾ ਕੋਈ ਆਧਾਰ ਨਹੀਂ ਬਣ ਸਕਦਾ।
ਭਾਜਪਾ ਨੂੰ ਪੰਜਾਬ ਦਾ ਦੁਸ਼ਮਣ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਸ ਨੇ ਪੇਂਡੀ ਵਿਕਾਸ ਫੰਡ (ਆਰਡੀਐੱਫ), ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਤੇ ਹੋਰ ਯੋਜਨਾਵਾਂ ਤਹਿਤ ਸੂਬੇ ਦੇ ਫੰਡਾਂ ਦੇ ਹਿੱਸੇ ਨੂੰ ਰੋਕਿਆ ਹੋਇਆ ਹੈ, ਜਿਸ ਨਾਲ ਸੂਬੇ ਦੇ ਵਿਕਾਸ ਕਾਰਜਾਂ ’ਚ ਅੜਿੱਕਾ ਪੈਦਾ ਹੋ ਰਿਹਾ ਹੈ। ਪੰਜਾਬ ’ਚ ਕੋਈ ਆਧਾਰ ਨਾ ਹੋਣ ਕਾਰਨ ਭਾਜਪਾ ਕੇਂਦਰੀ ਏਜੰਸੀਆਂ ਦੇ ਇਸਤੇਮਾਲ ਜ਼ਰੀਏ ਸਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬੀ ਅਜਿਹੀਆਂ ਘਟੀਆਂ ਚਾਲਾਂ ਦਾ ਸਖ਼ਤ ਵਿਰੋਧ ਕਰਨਗੇ ਤੇ ਗ਼ੱਦਾਰਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ। ਮੁੱਖ ਮੰਤਰੀ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਰਾਜ ਸਭਾ ਮੈਂਬਰ, ਜੋ ਹੁਣ ਆਪਣੇ ਨਿੱਜੀ ਹਿੱਤਾਂ ਕਾਰਨ ‘ਆਪ’ ’ਚ ਘੁਟਣ ਮਹਿਸੂਸ ਕਰ ਰਿਹਾ ਹੈ, ਨੇ ਕੋਠੀ ਨੰਬਰ 50 ’ਚ ਸੱਤਾ ਦਾ ਆਨੰਦ ਲਿਆ ਹੈ।
ਪਾਰਟੀ ਦੇ ਵਿਚਾਰਕ ਆਧਾਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀ ਖੂਨ ਪਸੀਨੇ ਤੇ ਕੁਰਬਾਨੀ ਨਾਲ ਬਣਈ ਹੈ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਮੈਂ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਕਰੀਅਰ ਛੱਡ ਦਿੱਤਾ। ਉਨ੍ਹਾਂ ਜ਼ੋਰ ਦੇ ਕਿ ਕਿਹਾ ਕਿ ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੈਨੂੰ ਖ਼ਰੀਦਣ, ਪਰੇਸ਼ਾਨ ਕਰਨ ਜਾਂ ਡਰਾਉਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਨਾ ਤਾਂ ਭਾਜਪਾ ਤੇ ਨਾ ਹੀ ਇਸ ਦੀਆਂ ਕੇਂਦਰੀ ਏਜੰਸੀਆਂ ਕੋਲ ਅਜਿਹਾ ਕਰਨ ਦੀ ਹਿੰਮਤ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ’ਚ ਭਾਜਪਾ ਦੀ ਰਾਜਨੀਤਿਕ ਰਣਨੀਤੀ, ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੀ ਰਹੀ ਹੈ। ਭਾਜਪਾ ਸਿਰਫ਼ ਦੂਜੀਆਂ ਪਾਰਟੀਆਂ ਨੂੰ ਤੋੜਨਾ ਜਾਣਦੀ ਹੈ ਕਿਉਂਕਿ ਇਸ ਕੋਲ ਭਰੋਸੇਯੋਗ ਲੀਡਰਸ਼ਿਪ ਦੀ ਘਾਟ ਹੈ। ਉਨ੍ਹਾਂ ਨੇ ਮਮਤਾ ਬੈਨਰਜੀ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਊਧਵ ਠਾਕਰੇ ਦੀ ਪਾਰਟੀ ‘ਚ ਵੰਡੀਆਂ ਪਾਈਆਂ ਅਤੇ ਸ਼ਰਦ ਪਵਾਰ ਦੀ ਪਾਰਟੀ ਦਾ ਵੀ ਇਹੀ ਹਾਲ ਕੀਤਾ। ਨਵੀਨ ਪਟਨਾਇਕ, ਦੁਸ਼ਯੰਤ ਚੌਟਾਲਾ ਅਤੇ ਨਿਤੀਸ਼ ਕੁਮਾਰ ਵਰਗੇ ਆਗੂਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਚਾਲਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ’ਆਪ’ ਨਾਲ ਡਟ ਕੇ ਖੜ੍ਹੇ ਹਨ ਤੇ ਇਹ ਸੱਤ ਆਗੂ ਪੂਰੀ ਪਾਰਟੀ ਦੀ ਨੁਮਾਇੰਦਗੀ ਨਹੀਂ ਕਰਦੇ। ਇਨ੍ਹਾਂ ਆਗੂਆਂ ਨੂੰ ਪੰਜਾਬ ਦੀ ਸੇਵਾ ਕਰਨ ਲਈ ਅਹਿਮ ਅਹੁਦੇ ਦਿੱਤੇ ਗਏ ਸਨ, ਪਰ ਉਨ੍ਹਾਂ ਨੇ ਆਪਣੇ ਆਹੁਦਿਆਂ ਤੇ ਜਿੰਮੇਵਾਰੀਆਂ ਨਾਲ ਸਮਝੌਤਾ ਕੀਤਾ। ਅਸੀਂ ਪਾਰਟੀ ਛੱਡਣ ਵਾਲਿਆਂ ਅਤੇ ਉਨ੍ਹਾਂ ਨੂੰ ਸ਼ਾਮਲ ਕਰਨ ਵਾਲਿਆਂ ਦੋਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ।