ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੱਡੀ ਰਕਮ ਵੱਖ-ਵੱਖ ਸ਼ੈੱਲ ਕੰਪਨੀਆਂ ਅਤੇ ਛੋਟੀਆਂ ਗਹਿਣਿਆਂ ਦੀਆਂ ਇਕਾਈਆਂ ਵਿੱਚ ਟ੍ਰਾਂਸਫਰ ਕੀਤੀ ਗਈ। ਇਹ ਪੈਸਾ ਕਈ ਸ਼ੈੱਲ ਕੰਪਨੀਆਂ ਰਾਹੀਂ ਘੁਮਾਇਆ ਗਿਆ ਅਤੇ ਵੱਡੀਆਂ ਲੈਣ-ਦੇਣਾਂ ਰਾਹੀਂ ਆਖ਼ਰਕਾਰ ਸੋਨੇ ਦੀ ਖਰੀਦ ਅਤੇ ਰੀਅਲ ਐਸਟੇਟ ’ਚ ਨਿਵੇਸ਼ ਦੇ ਨਾਂ ’ਤੇ ਗਬਨ ਕਰ ਲਿਆ ਗਿਆ। ਅਧਿਕਾਰੀਆਂ ਮੁਤਾਬਕ ਮਨੀ ਟ੍ਰੇਲ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਨਿਕਾਸੀ ਵੀ ਸਾਹਮਣੇ ਆਈ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਸਥਿਤ ਆਈਡੀਐੱਫਸੀ ਫਰਸਟ ਬੈਂਕ ਸ਼ਾਖਾ ’ਚ ਸਾਹਮਣੇ ਆਏ ਤਾਜ਼ਾ ਧੋਖਾਧੜੀ ਮਾਮਲੇ ਦੀ ਜਾਂਚ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ’ਚ 19 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਛਾਪੇਮਾਰੀ ਚੰਡੀਗੜ੍ਹ, ਹਰਿਆਣਾ ਦੇ ਗੁਰੁਗ੍ਰਾਮ ਅਤੇ ਪੰਜਾਬ ਦੇ ਮੋਹਾਲੀ ’ਚ ਕੀਤੀ ਗਈ। ਇਹ ਕਾਰਵਾਈ ਪੈਸੇ ਦੀ ਲੜੀ (ਮਨੀ ਟ੍ਰੇਲ) ਅਤੇ ਅਪਰਾਧ ਤੋਂ ਪ੍ਰਾਪਤ ਹੋਈ ਸੰਪਤੀ ਦੀ ਪੜਤਾਲ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ’ਚ ਲਗਭਗ 590 ਕਰੋੜ ਰੁਪਏ ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ ਤੋਂ ਗਬਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਈਡੀ ਦੇ ਚੰਡੀਗੜ੍ਹ ਜੋਨਲ ਦਫ਼ਤਰ ਵੱਲੋਂ ਇਹ ਤਲਾਸ਼ੀ ਅਭਿਆਨ ਚਲਾਇਆ ਹੈ। ਅਧਿਕਾਰੀਆਂ ਅਨੁਸਾਰ, ਹਰਿਆਣਾ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ 590 ਕਰੋੜ ਰੁਪਏ ਦੀ ਰਕਮ ਆਈਡੀਐੱਫਸੀ ਫਰਸਟ ਬੈਂਕ ’ਚ ਜਮ੍ਹਾਂ ਕਰਵਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਇਹ ਰਕਮ ਫਿਕਸਡ ਡਿਪਾਜ਼ਿਟ ’ਚ ਜਮ੍ਹਾਂ ਕਰਨ ਦੀ ਬਜਾਏ ਕਥਿਤ ਤੌਰ ’ਤੇ ਮੁਲਜ਼ਮਾਂ ਵੱਲੋਂ ਆਪਣੇ ਨਿੱਜੀ ਮਕਸਦਾਂ ਲਈ ਡਾਈਵਰਟ ਕਰ ਲਈ ਗਈ। ਮਾਮਲੇ ਦੀ ਜਾਂਚ ਦੇ ਆਧਾਰ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਛਾਪੇ ਉਹਨਾਂ ਵਪਾਰਕ ਇਕਾਈਆਂ ’ਤੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਮੁੱਖ ਮੁਲਜ਼ਮਾਂ ਨੂੰ ਅਕੋਮੋਡੇਸ਼ਨ ਐਂਟਰੀਆਂ ਮੁਹੱਈਆ ਕਰਵਾਈਆਂ। ਇਸ ’ਚ ਬੈਂਕ ਦੇ ਸਾਬਕਾ ਅਧਿਕਾਰੀ, ਘੋਟਾਲੇ ਦੇ ਕੁਝ ਲਾਭਪਾਤਰੀ ਅਤੇ ਰੀਅਲ ਐਸਟੇਟ ਏਜੰਟ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਅਪਰਾਧ ਤੋਂ ਪ੍ਰਾਪਤ ਰਕਮ ਪਹੁੰਚਣ ਦੇ ਸ਼ੱਕ ਹਨ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੱਡੀ ਰਕਮ ਵੱਖ-ਵੱਖ ਸ਼ੈੱਲ ਕੰਪਨੀਆਂ ਅਤੇ ਛੋਟੀਆਂ ਗਹਿਣਿਆਂ ਦੀਆਂ ਇਕਾਈਆਂ ਵਿੱਚ ਟ੍ਰਾਂਸਫਰ ਕੀਤੀ ਗਈ। ਇਹ ਪੈਸਾ ਕਈ ਸ਼ੈੱਲ ਕੰਪਨੀਆਂ ਰਾਹੀਂ ਘੁਮਾਇਆ ਗਿਆ ਅਤੇ ਵੱਡੀਆਂ ਲੈਣ-ਦੇਣਾਂ ਰਾਹੀਂ ਆਖ਼ਰਕਾਰ ਸੋਨੇ ਦੀ ਖਰੀਦ ਅਤੇ ਰੀਅਲ ਐਸਟੇਟ ’ਚ ਨਿਵੇਸ਼ ਦੇ ਨਾਂ ’ਤੇ ਗਬਨ ਕਰ ਲਿਆ ਗਿਆ। ਅਧਿਕਾਰੀਆਂ ਮੁਤਾਬਕ ਮਨੀ ਟ੍ਰੇਲ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਨਿਕਾਸੀ ਵੀ ਸਾਹਮਣੇ ਆਈ ਹੈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦਾ ਇੱਕ ਹੋਟਲ ਵਪਾਰੀ ਵਿਕਰਮ ਵਾਧਵਾ ਵੀ ਇਸ ਮਾਮਲੇ ’ਚ ਸ਼ਾਮਲ ਹੈ, ਜੋ ਘੋਟਾਲੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਫਰਾਰ ਹੈ। ਉਹ ਟ੍ਰਾਈਸਿਟੀ ਵਿੱਚ ਰੀਅਲ ਐਸਟੇਟ ਪ੍ਰੋਜੈਕਟਾਂ ਦੀ ਨਿਰਮਾਣ ਗਤੀਵਿਧੀਆਂ ਨਾਲ ਵੀ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।