ਡੇਰਾਬੱਸੀ-ਰਾਮਗੜ੍ਹ ਰੋਡ 'ਤੇ ਧੂੜ ਦਾ ਕਹਿਰ, ਨੀਂਹ ਪੱਥਰ ਰੱਖਣ ਮਗਰੋਂ ਵੀ ਕੰਮ ਸ਼ੁਰੂ ਨਾ ਹੋਣ 'ਤੇ ਲੋਕ ਪਰੇਸ਼ਾਨ
ਡੇਰਾਬੱਸੀ-ਰਾਮਗੜ੍ਹ ਰੋਡ 'ਤੇ ਧੂੜ ਦਾ ਕਹਿਰ, ਨੀਂਹ ਪੱਥਰ ਰੱਖਣ ਮਗਰੋਂ ਵੀ ਕੰਮ ਸ਼ੁਰੂ ਨਾ ਹੋਣ 'ਤੇ ਲੋਕ ਪ੍ਰੇਸ਼ਾਨ
Publish Date: Fri, 21 Nov 2025 05:56 PM (IST)
Updated Date: Fri, 21 Nov 2025 05:58 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਤੋਂ ਰਾਮਗੜ੍ਹ ਨੂੰ ਜਾਣ ਵਾਲੀ ਮੁੱਖ ਸੜਕ ਦੀ ਖ਼ਸਤਾ ਹਾਲਤ ਅਤੇ ਇਸ ਤੋਂ ਉੱਡਦੀ ਧੂੜ-ਮਿੱਟੀ ਨੇ ਇਲਾਕੇ ਦੇ ਲੋਕਾਂ ਅਤੇ ਵਾਹਨ ਚਾਲਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਸਥਾਨਕ ਪਿੰਡਾਂ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਹਲਕੇ ਦੇ ਵਿਧਾਇਕ ਵੱਲੋਂ ਸੜਕ ਦੇ ਨਿਰਮਾਣ ਲਈ ਨੀਂਹ ਪੱਥਰ ਰੱਖੇ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਜਿਸ ਕਾਰਨ ਲੋਕਾਂ ਦੀ ਸਿਹਤ ਅਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਡੇਰਾਬੱਸੀ ਰਾਮਗੜ੍ਹ ਸੜਕ ਦੀ ਟੁੱਟ-ਭੱਜ ਕਾਰਨ ਪੈਦਾ ਹੋਈ ਸੰਘਣੀ ਧੂੜ ਕਾਰਨ ਰਾਹਗੀਰਾਂ ਅਤੇ ਸੜਕ ਦੇ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਜਿਸ ਕਾਰਨ ਲੋਕਾਂ ਖਤਰਨਾਕ ਬਿਮਾਰੀਆਂ ਲੱਗਣ ਦਾ ਖ਼ਤਰਾ ਮਡਰਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਧੂੜ ਕਾਰਨ ਬੱਚੇ ਅਤੇ ਬਜ਼ੁਰਗ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਡੇਰਾਬੱਸੀ ਰਾਮਗੜ੍ਹ ਰੋਡ ਤੇ ਉਡਦੀ ਧੂੜ ਮਿੱਟੀ ਕਾਰਨ ਵਾਹਨ ਚਾਲਕਾਂ ਨੂੰ ਧੂੜ ਕਾਰਨ ਰਸਤਾ ਦੇਖਣ ਵਿੱਚ ਪਰੇਸ਼ਾਨੀ ਆਉਂਦੀ ਹੈ, ਜਿਸ ਨਾਲ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸੜਕ ਤੇ ਰੋਜ਼ਾਨਾ ਕੈਦੀ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਇਸ ਸੜਕ ਤੇ ਕਈ ਵੱਡੇ ਮੈਰਿਜ ਪੈਲੇਸ ਵੀ ਸਥਿਤ ਹਨ। ਜਿਥੇ ਵਿਆਹਾਂ ਦੇ ਸੀਜ਼ਨ ਵਿਚ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਇਸ ਸੜਕ ਤੇ ਅਨੇਕਾਂ ਕਰੈਸ਼ਰ ਅਤੇ ਸਕਰੀਨਿੰਗ ਪਲਾਟ ਵੀ ਮੌਜੂਦ ਹਨ। ਜਿਨ੍ਹਾਂ ਵਿਚੋਂ ਇਸ ਸੜਕ ਤੇ ਸਾਰਾ ਦਿਨ ਮਿੱਟੀ ਉਡਦੀ ਰਹਿੰਦੀ ਹੈ। ‘‘‘‘‘‘‘‘‘‘‘‘‘‘‘‘‘‘‘‘ ਡੱਬੀ.. ਸੜਕ ਦਾ ਨਿਰਮਾਣ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਇਸ ਸੜਕ ਦੀ ਖ਼ਸਤਾ ਹਾਲ ਤੋਂ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਇਲਾਕੇ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਇਸ ਸੜਕ ਦੇ ਨਿਰਮਾਣ ਦਾ ਰਸਮੀ ਤੌਰ ਤੇ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਖ਼ਤਮ ਹੋ ਜਾਵੇਗੀ। ਨੀਂਹ ਪੱਥਰ ਰੱਖੇ ਨੂੰ ਕਾਫੀ ਸਮਾਂ ਬੀਤ ਗਿਆ ਹੈ, ਪਰ ਸੜਕ ਬਣਾਉਣ ਵਾਲੀ ਕੰਪਨੀ ਜਾਂ ਪ੍ਰਸ਼ਾਸਨ ਨੇ ਅਜੇ ਤੱਕ ਕੰਮ ਸ਼ੁਰੂ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹ ਰੋਜ਼ਾਨਾ ਇਸ ਧੂੜ-ਮਿੱਟੀ ਨਾਲ ਜੂਝ ਰਹੇ ਹਨ। ਸਥਾਨਕ ਲੋਕਾਂ ਅਤੇ ਵਾਹਨ ਚਾਲਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨੀਂਹ ਪੱਥਰ ਰੱਖਣ ਦੇ ਬਾਵਜੂਦ ਰੁਕੇ ਹੋਏ ਕੰਮ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਇਸ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ।