ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਇੱਕ ਮਾਰਚ 2025 ਤੋਂ ਸ਼ੁਰੂ ਕੀਤੀ ਗਈ ਇਸ ਸੂਬਾ ਪੱਧਰੀ ਮੁਹਿੰਮ ਦਾ ਮਕਸਦ ਸਿਰਫ਼ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਹੀਂ, ਸਗੋਂ ਤਸਕਰੀ ਨੂੰ ਆਰਥਿਕ ਸਹਾਰਾ ਦੇਣ ਵਾਲੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਨਸ਼ਾ ਤਸਕਰੀ ਅਤੇ ਇਸ ਨਾਲ ਜੁੜੇ ਹਵਾਲਾ ਨੈੱਟਵਰਕਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ 15 ਮਹੀਨਿਆਂ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਕਰੀਬ 750 ਨਸ਼ਾ ਤਸਕਰਾਂ ਦੀ 300 ਕਰੋੜ ਰੁਪਏ ਮੁੱਲ ਦੀ ਜਾਇਦਾਦ ਫਰੀਜ਼ ਕੀਤੀ ਹੈ। ਇਸ ਦੇ ਨਾਲ ਹੀ ਕਰੋੜਾਂ ਰੁਪਏ ਦੀ ਡਰੱਗ ਮਨੀ ਅਤੇ ਵਿਦੇਸ਼ੀ ਮੁਦਰਾ ਵੀ ਬਰਾਮਦ ਕੀਤੀ ਗਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਦੱਸਿਆ ਕਿ ਇੱਕ ਮਾਰਚ 2025 ਤੋਂ ਸ਼ੁਰੂ ਕੀਤੀ ਗਈ ਇਸ ਸੂਬਾ ਪੱਧਰੀ ਮੁਹਿੰਮ ਦਾ ਮਕਸਦ ਸਿਰਫ਼ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਹੀਂ, ਸਗੋਂ ਤਸਕਰੀ ਨੂੰ ਆਰਥਿਕ ਸਹਾਰਾ ਦੇਣ ਵਾਲੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਆਪਣਾ ਧਿਆਨ ਤਸਕਰਾਂ ਦੀਆਂ ਵਿੱਤੀ ਜੜ੍ਹਾਂ ਤੱਕ ਪਹੁੰਚਣ ‘ਤੇ ਕੇਂਦਰਿਤ ਕੀਤਾ ਹੈ।
ਡੀਜੀਪੀ ਮੁਤਾਬਕ 28 ਪੁਲਿਸ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਵਿਸ਼ੇਸ਼ ਮੁਹਿੰਮਾਂ ਚਲਾਈਆਂ ਗਈਆਂ, ਜਿਨ੍ਹਾਂ ਦੌਰਾਨ ਐਨਡੀਪੀਐੱਸ ਐਕਟ ਤਹਿਤ 46,937 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 65,884 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 2,950 ਕਿਲੋ ਹੈਰੋਇਨ, 792 ਕਿਲੋ ਅਫੀਮ, 666 ਕੁਇੰਟਲ ਪੋਸਤ, 71 ਕਿਲੋ ਚਰਸ, 986 ਕਿਲੋ ਗਾਂਜਾ, 56 ਕਿਲੋ ਆਈਸ (ਸਿੰਥੈਟਿਕ ਡਰੱਗ) ਅਤੇ 55 ਲੱਖ ਨਸ਼ੀਲੀਆਂ ਗੋਲੀਆਂ ਤੇ ਟੈਬਲੇਟਾਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ 20 ਕਰੋੜ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ। ਹਵਾਲਾ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਲਈ ਸਾਰੇ ਜ਼ਿਲ੍ਹਿਆਂ ਵਿੱਚ ਫਾਇਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ (ਐਫਆਈਯੂ) ਬਣਾਏ ਗਏ, ਜਿਨ੍ਹਾਂ ਦੀ ਮਦਦ ਨਾਲ 65 ਹਵਾਲਾ ਆਪਰੇਟਰਾਂ ਨੂੰ ਗ੍ਰਿਫ਼ਤਾਰ ਕਰਕੇ 8.85 ਕਰੋੜ ਰੁਪਏ ਦੀ ਹਵਾਲਾ ਰਕਮ ਬਰਾਮਦ ਕੀਤੀ ਗਈ।
ਫਗਵਾੜਾ ਸਥਿਤ ਸ਼ਰਮਾ ਫਾਰੇਕਸ ਮਨੀ ਐਕਸਚੇਂਜ ਖ਼ਿਲਾਫ਼ ਕੀਤੀ ਕਾਰਵਾਈ ਨੂੰ ਮੁਹਿੰਮ ਦੀ ਵੱਡੀ ਸਫ਼ਲਤਾ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਜਾਂਚ ਵਿੱਚ ਇਹ ਨੈੱਟਵਰਕ ਯੂਏਈ ਰਾਹੀਂ ਪਾਕਿਸਤਾਨ ਬੈਠੇ ਹੈਂਡਲਰਾਂ ਤੱਕ ਪੈਸਾ ਪਹੁੰਚਾਉਣ ਲਈ ਵਰਤਿਆ ਜਾ ਰਿਹਾ ਸੀ। ਇਸ ਮਾਮਲੇ ਵਿੱਚ 5.09 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਅਤੇ ਫਰੀਜ਼ ਕੀਤੀ ਗਈ। ਇਸੇ ਤਰ੍ਹਾਂ ਲੁਧਿਆਣਾ ਵਿੱਚ ਇੱਕ ਆਪਰੇਟਰ ਕੋਲੋਂ 20.55 ਲੱਖ ਰੁਪਏ ਬਰਾਮਦ ਹੋਏ, ਜੋ ਪਾਕਿਸਤਾਨ ਤੋਂ ਹੋਣ ਵਾਲੀ ਡਰੱਗ ਤਸਕਰੀ ਲਈ ਅਗਾਊਂ ਭੁਗਤਾਨ ਦਾ ਪ੍ਰਬੰਧ ਕਰਦਾ ਸੀ।
ਅੰਮ੍ਰਿਤਸਰ ਵਿੱਚ ਪੁਲਿਸ ਨੇ ਨਾਰਕੋ-ਆਰਮਜ਼ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 1.24 ਕਰੋੜ ਰੁਪਏ ਦੀ ਭਾਰਤੀ ਕਰੰਸੀ ਅਤੇ ਵਿਦੇਸ਼ੀ ਮੁਦਰਾ ਬਰਾਮਦ ਕੀਤੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀਏਆਈਐੱਸ) ਦੀ ਮਦਦ ਨਾਲ 1.36 ਲੱਖ ਐਨਡੀਪੀਐੱਸ ਮਾਮਲਿਆਂ ਅਤੇ 93 ਹਜ਼ਾਰ ਤੋਂ ਵੱਧ ਆਵਾਜ਼ੀ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ ਨਾਲ 45,809 ਅਪਰਾਧਿਕ ਨੈੱਟਵਰਕ ਕਨੈਕਸ਼ਨਾਂ ਦੀ ਪਛਾਣ ਹੋਈ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ, ਹਵਾਲਾ ਆਪਰੇਟਰਾਂ ਅਤੇ ਸਰਹੱਦ ਪਾਰ ਬੈਠੇ ਉਨ੍ਹਾਂ ਦੇ ਹੈਂਡਲਰਾਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।