ਪੈਸੇ ਕਮਾਉਣ ਖਾਤਰ ਆਪਣੇ ਧੀਆਂ-ਪੁੱਤਾਂ ਨੂੰ ਮੌਤ ਦੇ ਮੂੰਹ ਵਿਚ ਨਾ ਧੱਕੋ : ਅਮਨਜੋਤ ਕੌਰ ਰਾਮੂਵਾਲੀਆ
ਪੈਸੇ ਕਮਾਉਣ ਖਾਤਰ ਆਪਣੇ ਧੀਆਂ-ਪੁੱਤਾਂ ਨੂੰ ਮੌਤ ਦੇ ਮੂੰਹ ਵਿਚ ਨਾ ਧਕੇਲੋ : ਅਮਨਜੋਤ ਕੌਰ ਰਾਮੂਵਾਲੀਆ
Publish Date: Fri, 19 Dec 2025 08:30 PM (IST)
Updated Date: Fri, 19 Dec 2025 08:34 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਲੇਰਕੋਟਲੇ ਦੇ ਬੁੱਧਰਾਮ ਨਾਮਕ ਨੌਜਵਾਨ ਅਤੇ ਹਿਸਾਰ ਤੋਂ ਅਮਨ ਨਾਮ ਦੇ ਨੌਜਵਾਨ ਜੋ ਕਿ ਰਸ਼ੀਆ ਦੇ ਵਿਚ ਰੁਜ਼ਗਾਰ ਲਈ ਗਏ ਸਨ, ਜਿੱਥੇ ਲਾਪਤਾ ਹਨ, ਉਨ੍ਹਾਂ ਦੀ ਪੈਰਵਾਈ ਕਰਨ ਲਈ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤ੍ਰ ਮਾਰਗੇਰੀਟਾ ਨੂੰ ਮਿਲੇ। ਅਮਨਜੋਤ ਨੇ ਕਿਹਾ ਕਿ ਹਿਸਾਰ ਦੇ ਅਮਨ ਦਾ ਇਕ ਸਾਥੀ ਸੋਨੂ ਉਥੇ ਰਸ਼ੀਆ ਵਿਚ ਫ਼ੌਜ ਦੇ ਵਿਚ ਭਰਤੀ ਕਰ ਲਿਆ ਗਿਆ, ਜਿਸ ਦੌਰਾਨ ਉਸਦੀ ਮੌਤ ਹੋ ਗਈ, ਉਸਦੀ ਲਾਸ਼ ਹਿਸਾਰ ਪਹੁੰਚਾਈ ਗਈ ਲੇਕਿਨ ਸੋਨੂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਅਮਨਜੋਤ ਨੇ ਦੱਸਿਆ ਕੇਂਦਰੀ ਮੰਤਰਾਲਾ ਪੂਰੀ ਤਰ੍ਹਾਂ ਇਸ ਕੰਮ ਵਿਚ ਲੱਗਾ ਹੈ ਕਿ ਹੋਰ ਨੌਜਵਾਨ ਜੋ ਭਾਰਤ ਦੇ ਹਨ, ਉਨ੍ਹਾਂ ਨੂੰ ਸਰੁੱਖਿਅਤ ਵਾਪਸ ਲਿਆਂਦਾ ਜਾਵੇ। ਅਮਨਜੋਤ ਰਾਮੂਵਾਲੀਆਂ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਰਾਹੀਂ ਪਤਾ ਲੱਗਾ ਕਿ ਸੈਂਕੜੇ ਨੌਜਵਾਨ ਰਸ਼ੀਆ ਵਿਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦੇ ਮਾਤਾ-ਪਿਤਾ ਨੂੰ ਅਪੀਲ ਕਰਦੇ ਹਨ ਤੇ ਭਵਿੱਖ ਵਿਚ ਕਿਸੇ ਵੀ ਨੌਜਵਾਨ ਨੂੰ ਰਸ਼ੀਆ ਰੂਸ ਅਤੇ ਯੂਕਰੇਨ ਤਦ ਤੱਕ ਨਾ ਭੇਜਿਆ ਜਾਵੇ, ਜਦ ਤੱਕ ਇਨ੍ਹਾਂ ਮੁਲਕਾਂ ਵਿਚ ਸ਼ਾਂਤੀ ਸਥਾਪਿਤ ਨਹੀਂ ਹੋ ਜਾਂਦੀ, ਕਿਉਂਕਿ ਉਨ੍ਹਾਂ ਦੇਸ਼ਾਂ ਵਿਚ ਰੁਜ਼ਗਾਰ ਦੇ ਨਾਂ ’ਤੇ ਫ਼ੌਜ ਵਿਚ ਭਰਤੀ ਕਰਕੇ ਜੰਗ ਵਿਚ ਧਕੇਲਿਆ ਜਾ ਰਿਹਾ ਹੈ, ਜਿੱਥੇ ਅਜਾਈ ਜਾਨਾਂ ਜਾ ਰਹੀਆਂ ਹਨ। ਅਮਨਜੋਤ ਨੇ ਕਿਹਾ ਕਿ ਪੈਸੇ ਦੀ ਚਕਾਚੌਂਧ ਕਾਰਨ ਆਪਣੇ ਧੀਆਂ-ਪੁੱਤਾਂ ਨੂੰ ਮੌਤ ਦੇ ਮੂੰਹ ਵਿਚ ਨਾ ਧਕੇਲੋ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਗਏ ਬੱਚਿਆਂ ਦਾ ਵਾਪਸ ਆਉਣਾ ਵੀ ਅਸੰਭਵ ਹੈ ਤੇ ਉਸ ਨਾਲ ਤੁਹਾਡੇ ਘਰਾਂ ਦੇ ਦੀਵੇ ਬੁਝ ਜਾਣਗੇ, ਸੋ ਵੱਧ ਪੈਸਿਆਂ ਨਾਲੋਂ ਘਰ ਦੀ ਘੱਟ ਖਾ ਲਓ ਲੇਕਿਨ ਇਨ੍ਹਾਂ ਦੇਸ਼ਾਂ ਵੱਲ ਨਾ ਜਾਓ।