ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪੈਰਾ ਬੈਡਮਿੰਟਨ ਖਿਡਾਰੀ ਰਣਜੀਤ ਸਿੰਘ ਦੀ ਸਹਾਇਤਾ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਪੈਰਾ ਬੈਡਮਿੰਟਨ ਖਿਡਾਰੀ ਰਣਜੀਤ ਸਿੰਘ ਦੀ ਸਹਾਇਤਾ,
Publish Date: Fri, 09 Jan 2026 07:08 PM (IST)
Updated Date: Fri, 09 Jan 2026 07:12 PM (IST)

ਸਪੇਨ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2026 ਲਈ 1.44 ਲੱਖ ਰੁਪਏ ਦਾ ਖੇਡਾਂ ਦਾ ਸਾਮਾਨ ਸੌਪਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸ਼ੁੱਕਰਵਾਰ ਨੂੰ ਉਭਰਦੇ ਪੈਰਾ ਬੈਡਮਿੰਟਨ ਖਿਡਾਰੀ ਰਣਜੀਤ ਸਿੰਘ ਨੂੰ 1.44 ਲੱਖ ਰੁਪਏ ਮੁੱਲ ਦਾ ਖੇਡ ਸਾਮਾਨ ਸੌਪਿਆ ਗਿਆ। ਰਣਜੀਤ ਸਿੰਘ ਸਪੇਨ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਵਿੱਕਟੋਰੀਆ-ਗਾਸਟੇਇਜ਼ 2026 ਵਿਚ ਭਾਗ ਲੈਣ ਜਾ ਰਹੇ ਹਨ। ਇਹ ਅੰਤਰਰਾਸ਼ਟਰੀ ਟੂਰਨਾਮੈਂਟ ਬੀ ਡਬਲਯੂ ਐੱਫ਼ ਪੈਰਾ ਬੈਡਮਿੰਟਨ ਵਰਲਡ ਸਰਕਿਟ (ਗ੍ਰੇਡ-2, ਲੈਵਲ-2) ਦਾ ਹਿੱਸਾ ਹੈ, ਜੋ ਕਿ 16 ਤੋਂ 22 ਮਾਰਚ 2026 ਤੱਕ ਅਰਾਨਾਲਦੇ ਸਪੋਰਟਸ ਸੈਂਟਰ, ਵਿੱਕਟੋਰੀਆ-ਗਾਸਟੇਇਜ਼ (ਸਪੇਨ) ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਤਿਭਾਸ਼ਾਲੀ ਖਿਡਾਰੀਆਂ, ਖ਼ਾਸ ਕਰਕੇ ਪੈਰਾ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਰਣਜੀਤ ਸਿੰਘ ਨੂੰ ਨਾਈਜੀਰੀਆ ਵਿਚ ਹੋਈ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ 1.37 ਲੱਖ ਰੁਪਏ ਦਾ ਖੇਡ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ, ਜਿੱਥੇ ਉਸਨੇ ਤਿੰਨ ਕਾਂਸੀ ਦੇ ਤਗ਼ਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਸੀ। ਡੀਸੀ ਕੋਮਲ ਮਿੱਤਲ ਨੇ ਰਣਜੀਤ ਸਿੰਘ ਨੂੰ ਇਕ ਪ੍ਰਤਿਭਾਸ਼ਾਲੀ ਪੈਰਾ ਖਿਡਾਰੀ ਕਰਾਰ ਦਿੰਦਿਆਂ, ਆਉਣ ਵਾਲੇ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਉਹ ਭਵਿੱਖ ਵਿਚ ਵੀ ਪੰਜਾਬ ਅਤੇ ਦੇਸ਼ ਦਾ ਮਾਣ ਵਧਾਏਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਐੱਸਡੀਐੱਮ ਮੁਹਾਲੀ ਦਮਨਦੀਪ ਕੌਰ, ਐੱਸਡੀਐੱਮ ਖਰੜ ਦਿਵਿਆ ਪੀ. ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਵੀ ਹਾਜ਼ਰ ਸਨ।