ਗੈਂਗਸਟਰ ਭਰਤੀ ਨੈੱਟਵਰਕ ’ਤੇ ਸਿੱਧਾ ਵਾਰ, ਸੰਪਰਕ ਮੁਹਿੰਮ ਬਣੀ ਪ੍ਰਿਵੈਂਟਿਵ ਪੁਲਿਸਿੰਗ ਦਾ ਮਜ਼ਬੂਤ ਮਾਡਲ
ਪੁਲਿਸ ਨੂੰ “ਗੈਂਗਸਟਰਾਂ ’ਤੇ ਵਾਰ” ਮੁਹਿੰਮ ਦੌਰਾਨ ਮਿਲੇ ਇਨਪੁੱਟਾਂ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਸੋਸ਼ਲ ਮੀਡੀਆ, ਦੋਸਤੀ ਨੈੱਟਵਰਕ ਅਤੇ ਵਿਦੇਸ਼ ਭੇਜਣ ਦੇ ਝੂਠੇ ਸੁਪਨਿਆਂ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵੱਲ ਧੱਕ ਦਿੱਤਾ ਜਾਂਦਾ ਹੈ। ਸੰਪਰਕ ਸੈਸ਼ਨਾਂ ਦੌਰਾਨ ਨੌਜਵਾਨਾਂ ਨੂੰ ਇਸ ਭਰਤੀ ਮਾਡਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
Publish Date: Mon, 11 May 2026 08:36 AM (IST)
Updated Date: Mon, 11 May 2026 08:38 AM (IST)
ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਵਿੱਚ ਵਧ ਰਹੇ ਗੈਂਗਸਟਰ ਨੈੱਟਵਰਕਾਂ ਦਰਮਿਆਨ ਨੌਜਵਾਨਾਂ ਦੀ ਭਰਤੀ ’ਤੇ ਰੋਕ ਲਗਾਉਣ ਲਈ ਪੰਜਾਬ ਪੁਲਿਸ ਨੇ ਸੰਪਰਕ ਮੁਹਿੰਮ ਨੂੰ ਵੱਡੇ ਪੱਧਰ ’ਤੇ ਅੱਗੇ ਵਧਾਇਆ ਹੈ। ਇਹ ਮੁਹਿੰਮ ਹੁਣ ਸਿਰਫ਼ ਜਾਗਰੂਕਤਾ ਤੱਕ ਸੀਮਤ ਨਹੀਂ ਰਹੀ, ਸਗੋਂ ਪ੍ਰਿਵੈਂਟਿਵ ਪੁਲਿਸਿੰਗ ਦੇ ਮਜ਼ਬੂਤ ਮਾਡਲ ਵਜੋਂ ਉਭਰ ਰਹੀ ਹੈ। ਤਿੰਨ ਮਹੀਨਿਆਂ ਦੌਰਾਨ 28 ਜ਼ਿਲ੍ਹਿਆਂ ਵਿੱਚ 2800 ਤੋਂ ਵੱਧ ਪ੍ਰੋਗਰਾਮ ਕਰਕੇ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਧਿਆਨ ਸਿਰਫ਼ ਅਪਰਾਧ ਹੋਣ ਮਗਰੋਂ ਕਾਰਵਾਈ ਕਰਨ ’ਤੇ ਨਹੀਂ, ਸਗੋਂ ਅਪਰਾਧ ਨੂੰ ਪਹਿਲਾਂ ਹੀ ਰੋਕਣ ’ਤੇ ਹੈ।
ਪੁਲਿਸ ਨੂੰ “ਗੈਂਗਸਟਰਾਂ ’ਤੇ ਵਾਰ” ਮੁਹਿੰਮ ਦੌਰਾਨ ਮਿਲੇ ਇਨਪੁੱਟਾਂ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਸੋਸ਼ਲ ਮੀਡੀਆ, ਦੋਸਤੀ ਨੈੱਟਵਰਕ ਅਤੇ ਵਿਦੇਸ਼ ਭੇਜਣ ਦੇ ਝੂਠੇ ਸੁਪਨਿਆਂ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵੱਲ ਧੱਕ ਦਿੱਤਾ ਜਾਂਦਾ ਹੈ। ਸੰਪਰਕ ਸੈਸ਼ਨਾਂ ਦੌਰਾਨ ਨੌਜਵਾਨਾਂ ਨੂੰ ਇਸ ਭਰਤੀ ਮਾਡਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ।
ਗੌਰਵ ਯਾਦਵ ਨੇ ਕਿਹਾ ਕਿ ਇਹ ਮੁਹਿੰਮ ਰਿਐਕਟਿਵ ਨਹੀਂ, ਸਗੋਂ ਪ੍ਰੋਐਕਟਿਵ ਪੁਲਿਸਿੰਗ ਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਸਰਗਨੇ ਖੁਦ ਸਾਹਮਣੇ ਨਹੀਂ ਆਉਂਦੇ, ਸਗੋਂ ਨੌਜਵਾਨਾਂ ਨੂੰ ਅੱਗੇ ਕਰਦੇ ਹਨ, ਜਿਸ ਨਾਲ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਦਾ ਹੁੰਦਾ ਹੈ।
ਮਾਨਸਾ ਦੇ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਹੋਏ ਸੈਸ਼ਨ ਵਿੱਚ ਕਰੀਬ 1500 ਲੋਕਾਂ ਦੀ ਭਾਗੀਦਾਰੀ ਅਤੇ ਫਾਜ਼ਿਲਕਾ ਦੇ ਕਰਨੀ ਖੇੜਾ ਸਕੂਲ ਵਿੱਚ ਵਿਦਿਆਰਥੀਆਂ, ਅਧਿਆਪਕਾਂ ਤੇ ਪਿੰਡ ਵਾਸੀਆਂ ਵੱਲੋਂ ਖੁੱਲ੍ਹਾ ਸੰਵਾਦ ਇਸ ਮੁਹਿੰਮ ਨੂੰ ਮਿਲ ਰਹੇ ਸਮਰਥਨ ਦੀ ਮਿਸਾਲ ਹਨ। ਪੁਲਿਸ ਨੇ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਅਤੇ ਇਨਾਮ ਨੀਤੀ ਰਾਹੀਂ ਕਮਿਊਨਿਟੀ ਇੰਟੈਲੀਜੈਂਸ ਨੂੰ ਵੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ।