ਡੀਆਈਜੀ ਭੁੱਲਰ ਰਿਸ਼ਵਤ ਕਾਂਡ: ਕ੍ਰਿਸ਼ਨੂ ਵੱਲੋਂ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੀ ਮੰਗ
ਡੀਆਈਜੀ ਭੁੱਲਰ ਰਿਸ਼ਵਤਕਾਂਡ: ਕ੍ਰਿਸ਼ਨੂ ਵੱਲੋਂ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੀ ਮੰਗ
Publish Date: Fri, 06 Feb 2026 10:40 PM (IST)
Updated Date: Sat, 07 Feb 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਕਾਂਡ ਮਾਮਲੇ ’ਚ ਕ੍ਰਿਸ਼ਨੂ ਸ਼ਾਰਦਾ ਨੇ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ’ਚ ਇਕ ਅਰਜ਼ੀ ਦਾਖ਼ਲ ਕੀਤੀ ਹੈ। ਕ੍ਰਿਸ਼ਨੂ ਨੇ ਆਪਣੇ ਬਚਾਅ ਲਈ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕੁਝ ਇਲਾਕਿਆਂ ਦੀ 7 ਤੇ 8 ਨਵੰਬਰ 2025 ਦੀ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੀ ਮੰਗ ਕੀਤੀ ਹੈ। ਸੀਬੀਆਈ ਵੱਲੋਂ ਇਸ ਅਰਜ਼ੀ ਦਾ ਵਿਰੋਧ ਤਾਂ ਨਹੀਂ ਕੀਤਾ ਗਿਆ, ਪਰ ਆਪਣੇ ਜਵਾਬ ਲਈ ਸਮਾਂ ਮੰਗਿਆ ਗਿਆ। ਹਾਲਾਂਕਿ ਅਦਾਲਤ ਨੇ ਸੀਬੀਆਈ ਦੀ ਇਹ ਮੰਗ ਖਾਰਜ ਕਰ ਦਿੱਤੀ। ਇਸ ਉਪਰੰਤ ਜੱਜ ਨੇ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਕਮਾਂਡ ਕੰਟਰੋਲ ਸੈਂਟਰ ਨੂੰ ਸਬੰਧਤ ਸੀਸੀਟੀਵੀ ਫੁਟੇਜ ਸੰਭਾਲ ਕੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ ਵਿਚੌਲੀਆ ਕ੍ਰਿਸ਼ਨੂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ। ਇਸ ਤੋਂ ਇਲਾਵਾ, ਮੁਲਜ਼ਮ ਵੱਲੋਂ ਕੁਝ ਮੋਬਾਈਲ ਨੰਬਰਾਂ ਦੇ ਕਾਲ ਡੀਟੇਲ ਰਿਕਾਰਡ (ਸੀਡੀਆਰ) ਤੇ ਟਾਵਰ ਲੋਕੇਸ਼ਨ ਨੂੰ ਵੀ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਹੈ, ਜਿਸ ’ਤੇ ਅਦਾਲਤ ਨੇ ਸੀਬੀਆਈ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ। ਗੌਰਤਲਬ ਹੈ ਕਿ ਸੀਬੀਆਈ ਨੇ ਪਿਛਲੇ ਸਾਲ 16 ਅਕਤੂਬਰ ਨੂੰ ਕ੍ਰਿਸ਼ਨੂ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਸੀਬੀਆਈ ਨੇ ਭੁੱਲਰ ਦੇ ਘਰ ਦੀ ਤਲਾਸ਼ੀ ਲਈ, ਤਾਂ ਉਥੋਂ ਸਾਢੇ ਸੱਤ ਕਰੋੜ ਰੁਪਏ ਨਕਦ ਬਰਾਮਦ ਹੋਏ ਸਨ। ਇਸ ਕਰਕੇ ਇਹ ਮਾਮਲਾ ਕਾਫ਼ੀ ਚਰਚਾ ਵਿਚ ਰਿਹਾ ਸੀ।