ਡੇਂਗੂ ਦੇ ਮਾਮਲੇ ਇਸ ਸਾਲ 85 ਫ਼ੀਸਦੀ ਘਟੇ : ਸਿਵਲ ਸਰਜਨ
ਡੇਂਗੂ ਦੇ ਮਾਮਲੇ ਇਸ ਸਾਲ 85 ਫ਼ੀਸਦੀ ਘਟੇ : ਸਿਵਲ ਸਰਜਨ,
Publish Date: Fri, 12 Dec 2025 07:03 PM (IST)
Updated Date: Fri, 12 Dec 2025 07:06 PM (IST)

‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸਾਂਝੇ ਯਤਨਾਂ ਦਾ ਨਤੀਜਾ : ਡਾ. ਸੰਗੀਤਾ ਜੈਨ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਲ੍ਹੇ ਵਿਚ ਡੇਂਗੂ ਬੁਖ਼ਾਰ ਦੇ ਮਾਮਲੇ ਲਗਭਗ 85 ਫ਼ੀਸਦੀ ਘਟੇ ਹਨ, ਜੋ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਇਸ ਮਾਰੂ ਬਿਮਾਰੀ ਤੋਂ ਬਚਾਉਣ ਲਈ ਲਗਾਤਾਰ ਕੀਤੀਆਂ ਗਈਆਂ ਵਿਆਪਕ ਸਰਗਰਮੀਆਂ ਦਾ ਨਤੀਜਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੇ ਤਮਾਮ ਸੀਨੀਅਰ ਅਧਿਕਾਰੀਆਂ ਸਮੇਤ ਸਿਹਤ ਕਾਮਿਆਂ, ਨਰਸਿੰਗ ਵਿਦਿਆਰਥੀਆਂ ਸਮੇਤ ਸਮੁੱਚੀ ਸਿਹਤ ਟੀਮ ਦੇ ਸਾਂਝੇ ਯਤਨਾਂ ਸਦਕਾ ਇਹ ਸੰਭਵ ਹੋਇਆ ਹੈ। ਵੇਰਵੇ ਸਾਂਝੇ ਕਰਦਿਆਂ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਮਹੀਨੇ ਤੱਕ ਜ਼ਿਲ੍ਹੇ ਵਿਚ ਡੇਂਗੂ ਦੇ 1530 ਮਾਮਲੇ ਦਰਜ ਸਨ, ਜਦਕਿ ਇਸ ਵਾਰ ਹੁਣ ਤਕ 213 ਮਾਮਲੇ ਦਰਜ ਹੋਏ ਹਨ। ਇਸੇ ਤਰ੍ਹਾਂ ਸਾਲ 2023 ਵਿਚ ਹੁਣ ਤੱਕ 1325 ਤੇ 2022 ਵਿਚ 1831 ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਇਸ ਸਾਲ ਡੇਂਗੂ ਦੀ ਜਾਂਚ ਵੀ ਵਧੀ ਹੈ। ਸਾਲ 2024 ਵਿਚ ਕੁੱਲ 9879 ਸੈਂਪਲ ਟੈਸਟ ਕੀਤੇ ਗਏ ਸਨ ਅਤੇ ਇਸ ਸਾਲ ਹੁਣ ਤਕ 11212 ਸੈਂਪਲ ਟੈਸਟ ਕੀਤੇ ਗਏ ਹਨ। ਇਸੇ ਤਰ੍ਹਾਂ ਇਸ ਸਾਲ ਹੁਣ ਤੱਕ ਜ਼ਿਲ੍ਹੇ ਵਿਚ 670409 ਘਰਾਂ ਅਤੇ ਹੋਰ ਥਾਵਾਂ ’ਚ ਸਰਵੇ ਕੀਤਾ ਜਾ ਚੁੱਕਾ ਹੈ ਜਦਕਿ ਪਿਛਲੇ ਸਾਲ 298098 ਘਰਾਂ ਦਾ ਸਰਵੇ ਕੀਤਾ ਗਿਆ ਸੀ। ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੁਆਰਾ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਘਰ-ਘਰ ਜਾ ਕੇ ਕੀਤੀ ਗਈ ਜਾਂਚ ਅਤੇ ਜਾਗਰੂਕਤਾ ਸਰਗਰਮੀ ਸਦਕਾ ਵੀ ਇਹ ਗਿਣਤੀ ਕਾਫ਼ੀ ਘਟੀ ਹੈ। ਇਸ ਤੋਂ ਇਲਾਵਾ, ਪਿੰਡਾਂ ਅਤੇ ਸ਼ਹਿਰਾਂ ਵਿਚ ਪੰਚਾਇਤ ਵਿਭਾਗ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕੀਤੇ ਗਏ ਮੱਛਰ-ਮਾਰ ਦਵਾਈ ਦੇ ਛਿੜਕਾਅ ਨੇ ਵੀ ਕੇਸ ਘਟਾਉਣ ’ਚ ਅਹਿਮ ਰੋਲ ਨਿਭਾਇਆ। ਇਸ ਵਾਰ ਵਿਸ਼ੇਸ਼ ਤੌਰ ’ਤੇ ਉੱਚ-ਜੋਖ਼ਮ ਵਾਲੇ ਇਲਾਕਿਆਂ ਵਿਚ ਹਰ ਸੋਮਵਾਰ ਅਤੇ ਵੀਰਵਾਰ ਨੂੰ ਮਾਸ ਸਰਵੇ ਵੀ ਕੀਤਾ ਗਿਆ, ਜਦਕਿ ਘਰਾਂ, ਦਫ਼ਤਰਾਂ, ਸਕੂਲਾਂ, ਬਾਜ਼ਾਰਾਂ, ਧਾਰਮਿਕ ਥਾਵਾਂ ਸਮੇਤ ਹਰ ਥਾਂ ਡੇਂਗੂ ਵਿਰੋਧੀ ਮੁਹਿੰਮ ਹਾਲੇ ਤੱਕ ਲਗਾਤਾਰ ਚੱਲ ਰਹੀ ਹੈ। ਡਾ. ਜੈਨ ਨੇ ਲੋਕਾਂ ਨੂੰ ਨਾਲ ਹੀ ਅਪੀਲ ਕੀਤੀ ਕਿ ਕੇਸ ਘੱਟ ਹੋਣ ਦੀ ਜਾਣਕਾਰੀ ਸਾਂਝੀ ਕਰਨ ਦਾ ਇਹ ਅਰਥ ਨਾ ਲਿਆ ਜਾਵੇ ਕਿ ਸਾਵਧਾਨੀਆਂ ਵਰਤਣੀਆਂ ਛੱਡ ਦਿੱਤੀਆਂ ਜਾਣ, ਸਗੋਂ ਇਸ ਮਾਰੂ ਬਿਮਾਰੀ ਤੋਂ ਬਚਾਅ ਲਈ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਹੋਰ ਸਾਵਧਾਨੀਆਂ ਵੀ ਵਰਤੀਆਂ ਜਾਣ, ਕਿਉਂਕਿ ਡੇਂਗੁ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੀਆਂ ਡੇਂਗੂ ਵਿਰੋਧੀ ਟੀਮਾਂ ਜਨਵਰੀ ਮਹੀਨੇ ਤੋਂ ਜਾਂਚ, ਜਾਗਰੂਕਤਾ ਅਤੇ ਸਪਰੇਅ ਦਾ ਕੰਮ ਲਗਾਤਾਰ ਕਰ ਰਹੀਆਂ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਦਸੰਬਰ ਮਹੀਨੇ ਦੌਰਾਨ ਵੀ ਸਾਵਧਾਨੀ ਅਤੇ ਚੌਕਸੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਡੇਂਗੂ ਬੁਖ਼ਾਰ ਹੋਣ ਦਾ ਸ਼ੱਕ ਪੈਂਦਾ ਹੈ ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੈ।