ਦੀਪਇੰਦਰ ਸਿੰਘ ਢਿੱਲੋਂ ਦੀ ਕੋਸ਼ਿਸ਼ ਨਾਲ ਕੈਂਸਰ ਪੀੜਤ ਨੂੰ ਮਿਲੀ 3 ਲੱਖ ਰੁਪਏ ਦੀ ਆਰਥਿਕ ਮਦਦ
ਦੀਪਇੰਦਰ ਸਿੰਘ ਢਿੱਲੋਂ ਦੀ ਕੋਸ਼ਿਸ਼ ਨਾਲ ਕੈਂਸਰ ਪੀੜਤ ਨੂੰ ਮਿਲੀ 3 ਲੱਖ ਰੁਪਏ ਦੀ ਆਰਥਿਕ ਮਦਦ
Publish Date: Wed, 24 Dec 2025 06:23 PM (IST)
Updated Date: Wed, 24 Dec 2025 06:25 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦਿਆਂ ਡੇਰਾਬੱਸੀ ਦੇ ਨਜ਼ਦੀਕੀ ਪਿੰਡ ਫਤਿਹਪੁਰ ਜੱਟਾਂ ਨਿਵਾਸੀ ਅਨਿਲ ਸਹੋਤਾ ਨੂੰ ਵੱਡੀ ਰਾਹਤ ਦਿੱਤੀ। ਅਨਿਲ ਸਹੋਤਾ ਇਸ ਵੇਲੇ ਏਕਿਊਟ ਲਿੰਫੋਬਲਾਸਟਿਕ ਲੂਕੀਮੀਆ ਕੈਂਸਰ (ਫਿਲਾਡੈਲਫੀਆ ਕਰੋਮੋਜ਼ੋਮ ਪਾਜ਼ਿਟਿਵ) ਵਰਗੀ ਗੰਭੀਰ ਬਿਮਾਰੀ ਨਾਲ ਪੀੜਤ ਹਨ। ਢਿੱਲੋਂ ਨੇ ਉਨ੍ਹਾਂ ਦੀ ਪਰਿਵਾਰਕ ਸਥਿਤੀ ਨੂੰ ਸਮਝਦਿਆਂ ਐੱਮਪੀ ਫੰਡ ਵਿਚੋਂ 3 ਲੱਖ ਰੁਪਏ ਦੀ ਵਿੱਤੀ ਮਦਦ ਮਨਜ਼ੂਰ ਕਰਵਾਈ। ਦੀਪਇੰਦਰ ਢਿੱਲੋਂ ਨੇ ਇਹ ਮਦਦ ਮੈਂਬਰ ਆਫ਼ ਪਾਰਲੀਮੈਂਟ ਪਟਿਆਲਾ ਡਾ. ਧਰਮਵੀਰ ਗਾਂਧੀ ਦੁਆਰਾ ਮਨਜ਼ੂਰ ਕਰਵਾਈ ਗਈ। ਇਸ ਮਦਦ ਨਾਲ ਇਲਾਜ ਦੇ ਭਾਰੀ ਖਰਚਿਆਂ ਨਾਲ ਜੂਝ ਰਹੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। ਢਿੱਲੋਂ ਨੇ ਬੁੱਧਵਾਰ ਨੂੰ ਅਨਿਲ ਸਹੋਤਾ ਦੇ ਪਿੰਡ ਫਤਿਹਪੁਰ ਜੱਟਾਂ ਵਿਖੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਅਤੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਇਸ ਮੁਸ਼ਕਲ ਦੀ ਘੜੀ ਵਿਚ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਇਹ ਰਾਸ਼ੀ ਸੌਂਪੀ। ਉਨ੍ਹਾਂ ਕਿਹਾ ਕਿ ਮਨੁੱਖੀ ਜਾਨ ਦੀ ਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਮਾਮਲੇ ਵਿਚ ਰਾਜਨੀਤੀ ਨੂੰ ਕਦੇ ਵੀ ਆੜ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਇਹ ਉਪਰਾਲਾ ਪਾਰਟੀ ਲਕੀਰਾਂ ਤੋਂ ਉੱਪਰ ਉੱਠ ਕੇ ਕੀਤਾ ਗਿਆ ਇਕ ਸਰਾਹਣਯੋਗ ਕਦਮ ਮੰਨਿਆ ਜਾ ਰਿਹਾ ਹੈ, ਜੋ ਸਮਾਜ ਲਈ ਇਕ ਸਕਾਰਾਤਮਕ ਸੁਨੇਹਾ ਦਿੰਦਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ, ਅੰਕਿਤ ਜੈਨ ਅਤੇ ਹੋਰ ਹਾਜ਼ਰ ਸਨ।