ਵਿਸ਼ਵ ਯੁੱਧਾਂ ਦੌਰਾਨ ਅੰਗਰੇਜ਼ਾਂ ਨੇ ਲਡ਼ਾਈ ’ਚ ਆਪਣੀਆਂ ਫ਼ੌਜਾਂ ਭੇਜਣ ਲਈ ਭਾਰਤੀ ਨੌਜਵਾਨਾਂ ਨੂੰ ਧੱਕੇ ਨਾਲ ਫ਼ੌਜ ’ਚ ਭਰਤੀ ਕਰਨਾ ਸ਼ੁਰੂ ਕੀਤਾ ਸੀ। ਇਨ੍ਹਾਂ ਭਾਰਤੀ ਮੂਲ ਦੇ ਫ਼ੌਜੀਆਂ ਨੂੰ ਅੰਗਰੇਜ਼ੀ ਹਕੂਮਤ ਨੇ ਆਪਣੇ ਸ਼ਾਸਨ ਹੇਠਲੇ ਦੂਜੇ ਦੇਸ਼ਾਂ ’ਚ ਦੁਸ਼ਮਣ ਫ਼ੌਜਾਂ ਨਾਲ ਲਡ਼ਨ ਲਈ ਭੇਜਿਆ, ਜਿਨ੍ਹਾਂ ’ਚੋਂ ਕਈ ਉੱਥੇ ਮਾਰੇ ਗਏ ਤੇ ਕਈ ਉੱਥੇ ਪੱਕੇ ਤੌਰ ’ਤੇ ਹੀ ਵੱਸ ਗਏ।

ਪਰਵਾਸ ਜੀਵਨ ਦਾ ਹਿੱਸਾ ਹੈ ਤੇ ਇਹ ਵਰਤਾਰਾ ਆਦਿ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਮਨੁੱਖ ਤਾਂ ਕੀ ਪੰਛੀ ਵੀ ਪਰਵਾਸ ਕਰਕੇ ਦੂਰ-ਦੁਰਾਡੇ ਦੇਸ਼ਾਂ ’ਚ ਜਾਂਦੇ ਹਨ। ਪਰਵਾਸ ਦਾ ਮੁੱਖ ਕਾਰਨ ਜੀਵਨ ਦੀਆਂ ਲੋਡ਼ਾਂ ਦੀ ਪੂਰਤੀ ਤੇ ਬਿਹਤਰ ਜ਼ਿੰਦਗੀ ਜਿਊਣ ਦੀ ਇੱਛਾ ਹੈ। ਕੰਮ ਦੀ ਤਲਾਸ਼ ’ਚ ਲੋਕ ਆਪਣੇ ਘਰ ਤੋਂ ਦੂਰ ਸ਼ਹਿਰ, ਦੂਜੇ ਸੂਬੇ ਜਾਂ ਵਿਦੇਸ਼ ਜਾਂਦੇ ਹਨ। ਪਰਵਾਸ ਦਾ ਰੁਝਾਨ ਜਿੱਥੇ ਵਧੀਆ ਜੀਵਨ ਦੀ ਇੱਛਾ ਕਾਰਨ ਹੁੰਦਾ ਹੈ, ਉੱਥੇ ਮਾਡ਼ੀਆਂ ਹਾਲਤਾਂ ਤੋਂ ਨਿਜਾਤ ਪਾਉਣ ਲਈ ਮਜਬੂਰੀਵੱਸ ਵੀ ਘਰ ਛੱਡ ਕੇ ਦੂਜੇ ਸੂਬਿਆਂ ਜਾਂ ਵਿਦੇਸ਼ਾਂ ’ਚ ਜਾਣਾ ਪੈਂਦਾ ਹੈ। ਕਈ ਵਾਰ ਲੋਕ ਉੱਥੋਂ ਦੀਆ ਸੁੱਖ-ਸਹੂਲਤਾਂ ਤੇ ਜੀਵਨ ਦੀਆਂ ਸਾਰੀਆਂ ਲੋਡ਼ਾਂ ਪੂਰੀਆਂ ਹੋਣ ਕਰ ਕੇ ਉੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ। ਇਤਿਹਾਸ ’ਚੋਂ ਵੀ ਇਸ ਗੱਲ ਦੇ ਪ੍ਰਮਾਣ ਮਿਲਦੇ ਹਨ ਕਿ ਵਿਸ਼ਵ ਦੀਆਂ ਕਈ ਕੌਮਾਂ ਪਰਵਾਸ ਕਰ ਕੇ ਦੁਨੀਆ ਦੇ ਇਕ ਕੋਨੇ ਤੋਂ ਤੁਰ ਕੇ ਦੂਜੇ ਕੋਨੇ ਤਕ ਪੁੱਜ ਗਈਆਂ ਸਨ। ਇਸ ਨਾਲ ਨਵੇਂ ਕਿਸਮ ਦੇ ਸੱਭਿਆਚਾਰ ਵੀ ਪੈਦਾ ਹੁੰਦੇ ਹਨ ਅਤੇ ਹੋ ਰਹੇ ਹਨ। ਪੰਜਾਬੀਆਂ ਦੇ ਵਿਦੇਸ਼ ਜਾਣ ਦਾ ਰੁਝਾਨ ਬਰਤਾਨਵੀ ਹਕੂਮਤ ਵੇਲੇ ਸ਼ੁਰੂ ਹੋਇਆ ਸੀ। ਪਹਿਲਾਂ-ਪਹਿਲ ਤਾਂ ਰਾਜੇ-ਮਹਾਰਾਜਿਆਂ ਦੇ ਬੱਚੇ ਉੱਚ ਵਿੱਦਿਆ ਹਾਸਲ ਕਰਨ ਲਈ ਵਲਾਇਤ ਜਾਂਦੇ ਸਨ। ਵਿਸ਼ਵ ਯੁੱਧਾਂ ਦੌਰਾਨ ਅੰਗਰੇਜ਼ਾਂ ਨੇ ਲਡ਼ਾਈ ’ਚ ਆਪਣੀਆਂ ਫ਼ੌਜਾਂ ਭੇਜਣ ਲਈ ਭਾਰਤੀ ਨੌਜਵਾਨਾਂ ਨੂੰ ਧੱਕੇ ਨਾਲ ਫ਼ੌਜ ’ਚ ਭਰਤੀ ਕਰਨਾ ਸ਼ੁਰੂ ਕੀਤਾ ਸੀ। ਇਨ੍ਹਾਂ ਭਾਰਤੀ ਮੂਲ ਦੇ ਫ਼ੌਜੀਆਂ ਨੂੰ ਅੰਗਰੇਜ਼ੀ ਹਕੂਮਤ ਨੇ ਆਪਣੇ ਸ਼ਾਸਨ ਹੇਠਲੇ ਦੂਜੇ ਦੇਸ਼ਾਂ ’ਚ ਦੁਸ਼ਮਣ ਫ਼ੌਜਾਂ ਨਾਲ ਲਡ਼ਨ ਲਈ ਭੇਜਿਆ, ਜਿਨ੍ਹਾਂ ’ਚੋਂ ਕਈ ਉੱਥੇ ਮਾਰੇ ਗਏ ਤੇ ਕਈ ਉੱਥੇ ਪੱਕੇ ਤੌਰ ’ਤੇ ਹੀ ਵੱਸ ਗਏ। ਇਸ ਤੋਂ ਇਲਾਵਾ ਕਈ ਪਡ਼੍ਹੇ-ਲਿਖੇ ਪੰਜਾਬੀ ਨੌਜਵਾਨ ਪਡ਼੍ਹਾਈ ਲਈ ਅਮਰੀਕਾ ਤੇ ਇੰਗਲੈਂਡ ਜਾਣ ਲੱਗੇ, ਜਿਨ੍ਹਾਂ ’ਚੋਂ ਬਹੁਤ ਸਾਰੇ ਦੇਸ਼ ਦੀ ਆਜ਼ਾਦੀ ਲਈ ਮੁਡ਼ ਵਤਨ ਪਰਤੇ। ਇਨ੍ਹਾਂ ਦੇਸ਼ ਭਗਤਾਂ ਨੇ ਹੀ ਦੇਸ਼ ਦੀ ਆਜ਼ਾਦੀ ਲਈ ਗਦਰ ਲਹਿਰ ਆਰੰਭੀ ਤੇ ਦੇਸ਼ ਖ਼ਾਤਰ ਵਿਦੇਸ਼ਾਂ ਦਾ ਖੁਸ਼ਹਾਲ ਜੀਵਨ ਛੱਡ ਕੇ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿਦੇਸ਼ਾਂ ’ਚ ਰਹਿ ਕੇ ਪੰਜਾਬੀਆਂ ਨੇ ਆਪਣੇ ਸਕੇ-ਸੰਬੰਧੀਆਂ ਨੂੰ ਵਿਦੇਸ਼ਾਂ ’ਚ ਬੁਲਾਉਣਾ ਸ਼ੁਰੂ ਕਰ ਦਿੱਤਾ। ਕਈ ਰੁਜ਼ਗਾਰ ਲਈ ਤੇ ਕਈ ਪਡ਼੍ਹਾਈ ਦੇ ਆਧਾਰ ’ਤੇ ਵਿਦੇਸ਼ਾਂ ਖ਼ਾਸ ਕਰਕੇ ਵਿਕਸਤ ਦੇਸ਼ਾਂ ਵੱਲ ਜਾਣ ਲੱਗੇ। ਵਿਕਸਤ ਦੇਸ਼ਾਂ ’ਚ ਜਾ ਕੇ ਮਿਹਨਤ-ਮਜ਼ਦੂਰੀ ਕਰਕੇ ਉਨ੍ਹਾਂ ਨੇ ਆਪਣਾ ਜੀਵਨ ਪੱਧਰ ਉੱਚਾ ਚੁੱਕਿਆ। ਜਦੋਂ ਅਜਿਹੇ ਲੋਕ ਆਪਣੇ ਪਿੰਡਾਂ ਤੇ ਸ਼ਹਿਰਾਂ ’ਚ ਆਉਂਦੇ ਤਾਂ ਉਨ੍ਹਾਂ ਦੇ ਠਾਠ-ਬਾਠ ਤੇ ਰਹਿਣ-ਸਹਿਣ ਵੇਖ ਕੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਪਿੰਡ ਵਾਸੀ ਵੀ ਪ੍ਰਭਾਵਿਤ ਹੋਣ ਲੱਗੇ। ਇਸ ਤਰ੍ਹਾਂ ਵਿਦੇਸ਼ਾਂ ’ਚ ਜਾਣ ਦਾ ਸਿਲਸਿਲਾ ਹੌਲੀ-ਹੌਲੀ ਵਧਦਾ ਗਿਆ। ਪਹਿਲਾਂ-ਪਹਿਲ ਵਿਕਸਤ ਦੇਸ਼ਾਂ ’ਚ ਜਾਣ ਲਈ ਬਹੁਤੀਆਂ ਸ਼ਰਤਾਂ ਨਹੀਂ ਸਨ ਅਤੇ ਲੋਕ ਆਸਾਨੀ ਨਾਲ ਵਿਦੇਸ਼ ਪੁੱਜ ਜਾਂਦੇ ਸਨ। ਸਮੇਂ ਦੇ ਨਾਲ-ਨਾਲ ਇਮੀਗਰੇਸ਼ਨ ਦੇ ਨਿਯਮਾਂ ’ਚ ਵੀ ਤਬਦੀਲੀਆਂ ਹੋਣ ਲੱਗ ਪਈਆਂ। ਵਿਕਸਤ ਦੇਸ਼ਾਂ ਨੇ ਪਡ਼੍ਹਾਈ ਲਈ ਆਉਣ ਵਾਲੇ ਨੌਜਵਾਨਾਂ ਲਈ ਆਈਲੈਟਸ ਦੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਤੇ ਬੈਂਡਾਂ ਦੀ ਖੇਡ ਸ਼ੁਰੂ ਹੋ ਗਈ। ਮੌਜੂਦਾ ਸਮੇਂ ਪੰਜਾਬ ’ਚੋਂ ਬਹੁਤ ਸਾਰੇ ਲੋਕ ਪਡ਼੍ਹਾਈ ਜਾਂ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਖ਼ਾਸ ਕਰਕੇ ਵਿਕਸਤ ਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਪਹਿਲਾਂ-ਪਹਿਲ ਦੁਆਬੇ ਦੀ ਧਰਤੀ ਤੋਂ ਲੋਕ ਵਿਦੇਸ਼ਾਂ ਵੱਲ ਰੁਖ਼ ਕਰਦੇ ਸਨ ਪਰ ਹੁਣ ਇਹ ਵਰਤਾਰਾ ਮਾਝੇ ਤੇ ਮਾਲਵੇ ’ਚ ਵੀ ਵੱਲ ਪੱਧਰ ’ਤੇ ਵਾਪਰ ਰਿਹਾ ਹੈ। ਪੰਜਾਬ ਦਾ ਕੋਈ ਸ਼ਹਿਰ ਜਾਂ ਪਿੰਡ ਅਜਿਹਾ ਨਹੀਂ, ਜਿੱਥੋਂ ਨੌਜਵਾਨ ਪਡ਼੍ਹਾਈ ਜਾਂ ਰੁਜ਼ਗਾਰ ਲਈ ਬਾਹਰ ਨਾ ਗਿਆ ਹੋਵੇ। ਦੁਆਬੇ ਦੇ ਕਈ ਪਿੰਡ ਤਾਂ ਅਜਿਹੇ ਹਨ, ਜਿੱਥੋਂ ਦੇ 80 ਫ਼ੀਸਦੀ ਪਰਿਵਾਰ ਵਿਦੇਸ਼ਾਂ ’ਚ ਜਾ ਕੇ ਵੱਸ ਚੁੱਕੇ ਹਨ ਤੇ ਉਨ੍ਹਾਂ ਦੇ ਪਿਛਲੇ ਵੱਡੇ-ਵੱਡੇ ਘਰਾਂ ਨੂੰ ਤਾਲੇ ਵੱਜੇ ਹੋਏ ਹਨ।
ਡਾਲਰਾਂ ਤੇ ਪੌਂਡਾ ਦੀ ਚਕਾਚੌਂਧ ਨੌਜਵਾਨਾਂ ਨੂੰ ਕਰਦੀ ਹੈ ਪ੍ਰਭਾਵਿਤ
ਵਿਦੇਸ਼ੋਂ ਛੁੱਟੀ ਕੱਟਣ ਆਏ ਪਰਵਾਸੀ ਪੰਜਾਬੀ ਇੱਥੇ ਆ ਕੇ ਖੁੱਲ੍ਹੇ ਖ਼ਰਚੇ ਕਰਦੇ ਹਨ ਅਤੇ ਰਿਸ਼ਤੇਦਾਰਾਂ ਤੇ ਪਿੰਡਾਂ ਵਾਲਿਆਂ ਸਾਹਮਣੇ ਆਪਣੀ ਟੌਹਰ ਵਧਾਉਣ ਲਈ ਪੈਸਿਆਂ ਦੀ ਕੋਈ ਪਰਵਾਹ ਨਹੀਂ ਕਰਦੇ। ਉਨ੍ਹਾਂ ਦੇ ਸੈਂਕਡ਼ੇ ਡਾਲਰ ਜਾਂ ਪੌਂਡ ਹਜ਼ਾਰਾਂ/ਲੱਖਾਂ ਰੁਪਇਆਂ ’ਚ ਬਦਲ ਜਾਂਦੇ ਹਨ। ਇਸ ਲਈ ਉਹ ਹੱਥ ਖੋਲ੍ਹ ਕੇ ਖ਼ਰਚ ਕਰਦੇ ਹਨ। ਉਨ੍ਹਾਂ ਦੀ ਇਸ ਤਰ੍ਹਾਂ ਦੀ ਜ਼ਿੰਦਗੀ ਦੇਖ ਕੇ ਪਿੰਡਾਂ ਦੇ ਨੌਜਵਾਨਾਂ ਅੰਦਰ ਵੀ ਵਿਦੇਸ਼ ਜਾਣ ਦੀ ਤਾਂਘ ਵੱਧ ਜਾਂਦੀ ਹੈ।
ਸਟੱਡੀ ਵੀਜ਼ਾ ਵੱਡਾ ਰਾਹ
ਪੰਜਾਬ ’ਚੋਂ ਨੌਜਵਾਨਾਂ ਦੇ ਵਿਕਸਤ ਦੇਸ਼ਾਂ ’ਚ ਜਾਣ ਲਈ ਸਟੱਡੀ ਵੀਜ਼ਾ ਸਭ ਤੋਂ ਵੱਡਾ ਰਾਹ ਹੈ। ਮਾਪੇ ਵੀ ਆਪਣੇ ਤੇ ਬੱਚਿਆਂ ਦੇ ਭਵਿੱਖ ਖ਼ਾਤਰ ਜੋਡ਼-ਤੋਡ਼ ਕਰ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਯਤਨਸ਼ੀਲ ਹਨ। ਸਟੱਡੀ ਵੀਜ਼ੇ ’ਤੇ ਵਧੇਰੇ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ, ਨਿਊਜ਼ੀਲੈਂਡ ਆਦਿ ਦੇਸ਼ਾਂ ਨੂੰ ਜਾ ਰਹੇ ਹਨ। ਹਰ ਸਾਲ 8-10 ਲੱਖ ਪੰਜਾਬੀ ਨੌਜਵਾਨ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ ਤੇ ਢਾਈ-ਤਿੰਨ ਲੱਖ ਬੱਚੇ ਹਰ ਸਾਲ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਂਦੇ ਹਨ। ਦੋ ਜਾਂ ਤਿੰਨ ਸਾਲ ਦੀ ਪਡ਼੍ਹਾਈ ਉਪਰੰਤ ਉਨ੍ਹਾਂ ਨੂੰ ਉਕਤ ਦੇਸ਼ਾਂ ’ਚ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਵਰਕ ਪਰਮਿਟ ਤੋਂ ਬਾਅਦ ਉਹ ਪੀਆਰ ਲਈ ਅਰਜ਼ੀ ਲਾ ਦਿੰਦੇ ਹਨ। ਚਾਰ ਜਾਂ ਪੰਜ ਸਾਲ ਬਾਅਦ ਨੌਜਵਾਨ ਵਿਦੇਸ਼ ’ਚ ਸੈਟਲ ਹੋ ਜਾਂਦੇ ਹਨ ਤੇ ਉਹ ਆਪਣੇ ਭੈਣ-ਭਰਾਵਾਂ ਜਾਂ ਮਾਤਾ-ਪਿਤਾ ਨੂੰ ਵੀ ਉੱਥੇ ਹੀ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਹਨ।
ਸਟਡੀ ਵੀਜ਼ਾ ਮਾਹਰ ਸੁਖਚੈਨ ਸਿੰਘ ਰਾਹੀ ਕਹਿੰਦੇ ਹਨ ਕਿ ਸਾਡੇ ਦੇਸ਼ ’ਚੋਂ ਹਰ ਸਾਲ ਸਾਢੇ ਤਿੰਨ ਲੱਖ ਦੇ ਕਰੀਬ ਨੌਜਵਾਨ ਸਟਡੀ ਵੀਜ਼ੇ ’ਤੇ ਵਿਦੇਸ਼ ਜਾਂਦੇ ਹਨ, ਜਿਨ੍ਹਾਂ ’ਚੋਂ 70 ਫ਼ੀਸਦੀ ਪੰਜਾਬ ਦੇ ਹੁੰਦੇ ਹਨ। ਇਸ ਤਰ੍ਹਾਂ ਕਰੀਬ ਸਵਾ ਲੱਖ ਬੱਚੇ ਕੈਨੇਡਾ, 50 ਤੋਂ 60 ਹਜ਼ਾਰ ਆਸਟ੍ਰੇਲੀਆ ਤੇ ਏਨੇ ਹੀ ਯੂਕੇ ਤੇ ਨਿਊਜ਼ੀਲੈਂਡ ਜਾਂਦੇ ਹਨ। ਵਧੇਰੇ ਨੌਜਵਾਨ ਕੈਨੇਡਾ ਜਾ ਰਹੇ ਹਨ ਕਿਉਂਕਿ ਉੱਥੇ ਪਡ਼੍ਹਾਈ ਦੇ ਨਾਲ-ਨਾਲ ਕੰਮ ਵੀ ਮਿਲ ਜਾਂਦਾ ਹੈ।
ਬੇਰੁਜ਼ਗਾਰੀ, ਮਰਦੀ ਕਿਸਾਨੀ ਤੇ ਸਮਾਜਿਕ ਢਾਂਚਾ ਨੌਜਵਾਨਾਂ ਦੇ ਪਰਵਾਸ ਲਈ ਜ਼ਿੰਮੇਵਾਰ : ਭਾਈ ਪਾਲ ਸਿੰਘ ਫਰਾਂਸ
ਫਰਾਂਸ ’ਚ ਸਿੱਖਾਂ ਦੀ ਦਸਤਾਰ ਲਈ ਕਈ ਸਾਲ ਕੇਸ ਲਡ਼ਨ ਵਾਲੇ ਸ਼ਾਹਕੋਟ ਵਾਸੀ ਭਾਈ ਪਾਲ ਸਿੰਘ ਫਰਾਂਸ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਰੁਖ਼ ਕਰਨ ਦਾ ਮੁੱਖ ਕਾਰਨ ਬੇਰੁਜ਼ਗਾਰੀ, ਮਰਦੀ ਕਿਸਾਨੀ ਤੇ ਸਮਾਜਿਕ ਢਾਂਚਾ ਹੈ। ਨੌਜਵਾਨ ਪੀਡ਼੍ਹੀ ਇੱਥੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ। ਪੰਜਾਬ ਦੀ ਧਰਤੀ, ਹਵਾ ਤੇ ਧਰਤੀ ਹੇਠਲਾ ਪਾਣੀ ਗੰਧਲਾ ਹੋ ਚੁੱਕਾ ਹੈ। ਪੰਜਾਬ ਖੇਤੀ ਆਧਾਰਤ ਸੂਬਾ ਹੈ ਅਤੇ ਇੱਥੋਂ ਦੀ ਖੇਤੀ ਮਰਦੀ ਜਾ ਰਹੀ ਹੈ। ਕੈਮੀਕਲਾਂ ਦੀ ਵਰਤੋਂ ਕਰਕੇ ਸਾਡੀਆਂ ਜ਼ਮੀਨਾਂ ਨਸ਼ੇਡ਼ੀ ਤੇ ਬੰਜਰ ਹੋ ਚੁੱਕੀਆਂ ਹਨ ਅਤੇ ਜ਼ਹਿਰਾਂ ਪਾ ਕੇ ਜ਼ਹਿਰੀਲੀਆਂ ਫ਼ਸਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਲੋਕ ਚਾਹੁੰਦੇ ਹੋਏ ਵੀ ਇਨ੍ਹਾਂ ਜ਼ਹਿਰਾਂ ਤੋਂ ਖਹਿਡ਼ਾ ਨਹੀਂ ਛੁਡਾ ਪਾ ਰਹੇ। ਭਾਈ ਪਾਲ ਸਿੰਘ ਫਰਾਂਸ ਕਹਿੰਦੇ ਹਨ ਕਿ ਪੰਜਾਬ ਦੀ ਸਥਿਤੀ ਇਸ ਵੇਲੇ ਜੰਗਲ ’ਚ ਲੱਗੀ ਅੱਗ ਵਾਂਗ ਹੈ, ਜਿੱਥੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਏਧਰ-ਓਧਰ ਭੱਜ ਕੇ ਸੁਰੱਖਿਅਤ ਥਾਂ ਲੱਭ ਰਿਹਾ ਹੈ। ਖੇਤੀ ਦਾ ਧੰਦਾ ਲਾਹੇਵੰਦ ਨਾ ਰਹਿਣ ਕਾਰਨ ਕਿਸਾਨਾਂ ਦੇ ਬੱਚੇ ਵੀ ਇਸ ਤੋਂ ਮੂੰਹ ਮੋਡ਼ ਰਹੇ ਹਨ ਅਤੇ ਜ਼ਮੀਨਾਂ ਵੇਚ ਕੇ ਵਿਦੇਸ਼ਾਂ ’ਚ ਜਾ ਰਹੇ ਹਨ। ਹੋਰ ਤਾਂ ਹੋਰ ਸਮਾਜ ਵੀ ਗੰਧਲਾ ਹੋ ਚੁੱਕਾ ਹੈ ਅਤੇ ਕੋਈ ਵੀ ਆਪਣੇ ਆਪ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਸਰਕਾਰੀ ਤੰਤਰ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਤੇ ਸਰਕਾਰੀ ਦਫ਼ਤਰਾਂ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਸ ਕਦਰ ਹੈ ਕਿ ਤਹਿਸੀਲਾਂ-ਕਚਹਿਰੀਆਂ ਤੇ ਸਰਕਾਰੀ ਵਿਭਾਗਾਂ ਦਾ ਕੋਈ ਵੀ ਕੰਮ ਪੈਸੇ ਦੇ ਲੈਣ-ਦੇਣ ਤੋਂ ਬਿਨਾਂ ਨਹੀਂ ਹੁੰਦਾ। ਸਿਆਸੀ ਢਾਂਚਾ ਵੀ ਬੁਰੀ ਤਰ੍ਹਾਂ ਤਹਿਸ-ਨਹਿਸ ਚੁੱਕਾ ਹੈ ਤੇ ਸਿਆਸਤ ’ਚ ਅਪਰਾਧੀ ਤੇ ਗੁੰਡਾ ਅਨਸਰ ਆਉਣ ਕਾਰਨ ਗ਼ਰੀਬ ਤੇ ਲੋਡ਼ਵੰਦ ਆਦਮੀ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇਸ ਦੇ ਮੁਕਾਬਲੇ ਵਿਦੇਸ਼ਾਂ ’ਚ ਸਿਸਟਮ ਤਹਿਤ ਕੰਮ ਹੁੰਦੇ ਹਨ ਤੇ ਕਿਸੇ ਦੀ ਕੋਈ ਖੱਜਲ-ਖੁਆਰੀ ਨਹੀਂ ਹੁੰਦੀ। ਮੌਜੂਦਾ ਸਮੇਂ ਪੰਜਾਬ ’ਚ ਸਾਰੇ ਪਾਸੇ ਹਨੇਰਾ ਦਿਸਦਾ ਹੈ, ਇਸ ਲਈ ਮਾਪੇ ਵੀ ਹਰ ਹੀਲੇ ਆਪਣੇ ਬੱਚਿਆਂ ਨੂੰ ਇਸ ਹਨੇਰੇ ਵਾਲੀ ਜ਼ਿੰਦਗੀ ਤੋਂ ਦੂਰ ਭੇਜਣਾ ਚਾਹੁੰਦੇ ਹਨ। ਇੱਥੋਂ ਤਕ ਕਿ ਪੰਜਾਬ ਦੇ ਆਈਏਐੱਸ ਤੇ ਆਈਪੀਐੱਸ ਅਧਿਕਾਰੀ ਵੀ ਆਪਣੇ ਬੱਚਿਆਂ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ਾਂ ’ਚ ਭੇਜਣਾ ਠੀਕ ਸਮਝਦੇ ਹਨ ਤੇ ਬਹੁਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਕੋਲ ਜਾ ਕੇ ਰਹਿ ਰਹੇ ਹਨ।
ਰੁਜ਼ਗਾਰ ਆਧਾਰਤ ਸਿੱਖਿਆ ਨਾ ਹੋਣਾ ਵੱਡਾ ਕਾਰਨ : ਪ੍ਰਿੰਸੀਪਲ ਅਨੂਪ ਵਤਸ
ਸਿੱਖਿਆ ਸ਼ਾਸਤਰੀ ਤੇ ਡੀਏਵੀ ਕਾਲਜ ਨਕੋਦਰ ਦੇ ਪ੍ਰਿੰਸੀਪਲ ਡਾ. ਅਨੂਪ ਵਤਸ ਦਾ ਕਹਿਣਾ ਹੈ ਕਿ ਸਾਡੇ ਦੇਸ਼ ’ਚ ਸਿੱਖਿਆ ਰੁਜ਼ਗਾਰ ਆਧਾਰਤ ਨਾ ਹੋਣਾ ਨੌਜਵਾਨਾਂ ਦੇ ਵਿਦੇਸ਼ ਜਾਣ ਦਾ ਵੱਡਾ ਕਾਰਨ ਹੈ। ਵਿਦਿਆਰਥੀ ਡਿਗਰੀਆਂ ਤਾਂ ਹਾਸਲ ਕਰ ਲੈਂਦੇ ਹਨ ਪਰ ਵਿਹਾਰਕ ਸਿਖਲਾਈ ਤੇ ਕੁਸ਼ਲ ਨਾ ਬਣਾਏ ਜਾਣ ਕਾਰਨ ਪਡ਼੍ਹਾਈ ਤੋਂ ਬਾਅਦ ਉਨ੍ਹਾਂ ਨੂੰ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆ ਹਨ। ਇਸ ਦੇ ਉਲਟ ਵਿਕਸਤ ਦੇਸ਼ਾਂ ’ਚ ਸਿੱਖਿਆ ਢਾਂਚਾ ਰੁਜ਼ਗਾਰ ਆਧਾਰਤ ਹੈ ਤੇ ਉੱਥੇ ਥਿਊਰੀ ਤੋਂ ਜ਼ਿਆਦਾ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ। ਯੂਨੀਵਰਸਿਟੀਆਂ ’ਚ ਉਨ੍ਹਾਂ ਬੱਚਿਆਂ ਨੂੰ ਭੇਜਿਆ ਜਾਂਦਾ ਹੈ, ਜਿਹਡ਼ੇ ਸਬੰਧਤ ਵਿਸ਼ਿਆਂ ’ਚ ਮੁਹਾਰਤ ਰੱਖਦੇ ਹਨ ਜਦੋਂਕਿ ਇੱਥੇ ਡਿਗਰੀਆਂ ਧਡ਼ਾਧਡ਼ ਦਿੱਤੀਆਂ ਜਾਂਦੀਆਂ ਹਨ ਤੇ ਵਿਦਿਆਰਥੀ ਡਿਗਰੀਆਂ ਹੱਥਾਂ ’ਚ ਫਡ਼ ਕੇ ਰੁਜ਼ਗਾਰ ਲਈ ਭਟਕਦੇ ਰਹਿੰਦੇ ਹਨ। ਉੱਚ ਵਿੱਦਿਆ ਦਿਵਾਉਣ ਲਈ ਮਾਪਿਆਂ ਨੂੰ ਮੋਟੀਆਂ ਰਕਮਾਂ ਖ਼ਰਚਣੀਆ ਪੈਂਦੀਆਂ ਹਨ ਜਦੋਂਕਿ ਇਸ ਦੇ ਉਲਟ ਵਿਦੇਸ਼ਾਂ ’ਚ ਪਡ਼੍ਹਨ ਗਏ ਬੱਚੇ ਆਪਣੀ ਪਡ਼੍ਹਾਈ ਦਾ ਖ਼ਰਚਾ ਕੱਢਣ ਦੇ ਨਾਲ ਹੀ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਵੀ ਆਪ ਹੀ ਕਰਦੇ ਹਨ। ਇਸ ਤੋਂ ਇਲਾਵਾ ਨੌਜਵਾਨ ਪੀਡ਼੍ਹੀ ਵਿਦੇਸ਼ਾਂ ’ਚ ਮਿਲਣ ਵਾਲੀਆਂ ਸਹੂਲਤਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਉਹ ਉੱਥੋਂ ਦੇ ਸਿੱਖਿਆ ਢਾਂਚੇ, ਭ੍ਰਿਸ਼ਟਾਚਾਰ ਰਹਿਤ ਦਫ਼ਤਰੀ ਕਾਰਜ ਪ੍ਰਣਾਲੀ, ਪਡ਼੍ਹਾਈ ਦੇ ਨਾਲ-ਨਾਲ ਕੰਮ ਮਿਲਣ ਦੇ ਸਿਸਟਮ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇਕ ਹੋਰ ਵੱਡਾ ਕਾਰਨ ਇਹ ਹੈ ਕਿ ਇੱਥੇ ਸਿਆਸੀ ਇੱਛਾ ਸ਼ਕਤੀ ਦੀ ਬਹੁਤ ਘਾਟ ਹੈ। ਸਿਆਸੀ ਪਾਰਟੀਆਂ ਚੋਣਾਂ ਦੌਰਾਨ ਤਾਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਸਰਕਾਰਾਂ ਬਣਨ ਉਪਰੰਤ ਚਾਰ ਸਾਲ ਤੋਂ ਕੁਝ ਨਹੀਂ ਕੀਤਾ ਜਾਂਦਾ ਪਰ ਚੋਣਾਂ ਨੇਡ਼ੇ ਆਉਂਦਿਆਂ ਹੀ ਨੌਕਰੀਆਂ ਤੇ ਸਹੂਲਤਾਂ ਦੀ ਬੁਛਾਰ ਸ਼ੁਰੂ ਹੋ ਜਾਂਦੀ ਹੈ। ਦੇਸ਼ ਦੀ ਸਿੱਖਿਆ ਨੀਤੀ 2020 ’ਚ ਬਹੁਤ ਸਾਰੀਆਂ ਸਾਰਥਕ ਤਬਦੀਲੀਆਂ ਕੀਤੀਆ ਗਈਆਂ ਹਨ ਪਰ ਉਨ੍ਹਾਂ ਨੂੰ ਲਾਗੂ ਕਰਨ ’ਤੇ ਹਾਲੇ ਕਈ ਸਾਲ ਹੋਰ ਲੱਗਣਗੇ। ਇਸ ਲਈ ਮਾਤਾ-ਪਿਤਾ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਕਰਜ਼ੇ ਚੁੱਕ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਰਹੇ ਹਨ।
ਵਿਦੇਸ਼ਾਂ ’ਚ ਕਿਰਤ ਦਾ ਮੁੱਲ ਮਿਲਦਾ ਹੈ : ਤਰਸੇਮ ਪੀਟਰ
ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਸੰਸਥਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਕਹਿੰਦੇ ਹਨ ਕਿ ਸਾਡੇ ਦੇਸ਼ ’ਚ ਮਜ਼ਦੂਰੀ ਕਰਨ ਵਾਲੇ ਨੂੰ ਸਨਮਾਨ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਅਤੇ ਕਿਰਤੀ ਨੂੰ ਆਪਣੀ ਕਿਰਤ ਦਾ ਸਹੀ ਮੁੱਲ ਨਹੀਂ ਮਿਲਦਾ। ਦਿਹਾਡ਼ੀਦਾਰ ਕਾਮੇ ਨੂੰ ਜਿੰਨੀ ਉਜਰਤ ਮਿਲਦੀ ਹੈ, ਉਸ ਨਾਲ ਮਸਾਂ ਉਹ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਹੋਰ ਸਹੂਲਤਾਂ ਬਾਰੇ ਤਾਉਮਰ ਸੋਚ ਵੀ ਨਹੀਂ ਸਕਦਾ। ਸਾਡੀ ਸਮਾਜਿਕ ਵਿਵਸਥਾ ਅਜਿਹੀ ਹੈ ਕਿ ਮਜ਼ਦੂਰ ਜਮਾਤ ਨੂੰ ਕੀਡ਼ੇ-ਮਕੌਡ਼ੇ ਸਮਝਿਆ ਜਾਂਦਾ ਹੈ ਅਤੇ ਅਮੀਰ ਤੇ ਗ਼ਰੀਬ ਵਿਚਲਾ ਪਾਡ਼ਾ ਬਹੁਤ ਵੱਡਾ ਹੈ। ਇਸ ਦੇ ਉਲਟ ਵਿਦੇਸ਼ਾਂ ’ਚ ਲੇਬਰ ਨੂੰ ਉਸ ਦੀ ਕਿਰਤ ਦਾ ਢੁੱਕਵਾਂ ਮੁਆਵਜ਼ਾ ਮਿਲਦਾ ਹੈ, ਜਿਸ ਨਾਲ ਉਹ ਸਨਮਾਨਜਨਕ ਜੀਵਨ ਬਿਤਾਉਣ ਦੇ ਸਮਰੱਥ ਹੁੰਦਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ’ਚ ਕਿਰਤ ਕਰਨ ਵਾਲੇ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਅੰਦਰ ਸਨਮਾਨਜਨਕ ਰੁਤਬਾ ਮਿਲਦਾ ਹੈ। ਉੱਥੇ ਉਜਰਤਾਂ ਏਨੀਆਂ ਜ਼ਿਆਦਾ ਹਨ ਕਿ ਹੱਥੀਂ ਕਿਰਤ ਕਰਨ ਵਾਲੇ ਲੋਕ ਨੌਕਰੀਪੇਸ਼ਾ ਲੋਕਾਂ ਨਾਲੋਂ ਵੀ ਵਧੇਰੇ ਸੁੱਖ-ਸਹੂਲਤਾਂ ਮਾਣਦੇ ਹਨ। ਇਹੀ ਕਾਰਨ ਹੈ ਕਿ ਸਾਡੀ ਨੌਜਵਾਨ ਪੀਡ਼੍ਹੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਹੈ। ਜਿਹਡ਼ੇ ਥੋਡ਼੍ਹੇ ਸਮਰੱਥਵਾਨ ਹਨ, ਉਹ ਆਪਣੇ ਬੱਚਿਆਂ ਨੂੰ ਪੱਛਮੀ ਦੇਸ਼ਾਂ ’ਚ ਭੇਜ ਰਹੇ ਹਨ ਅਤੇ ਜਿਹਡ਼ੇ ਗ਼ਰੀਬ ਤਬਕੇ ਨਾਲ ਸਬੰਧਤ ਹਨ, ਉਹ ਆਪਣੇ ਬੱਚਿਆਂ ਨੂੰ ਅਰਬ ਦੇਸ਼ਾਂ ’ਚ ਭੇਜਦੇ ਹਨ।
ਗ੍ਰੈਜੂਏਸ਼ਨ ਤੋਂ ਬਾਅਦ ਬੱਚਿਆਂ ਨੂੰ ਭੇਜਿਆ ਜਾਵੇ ਵਿਦੇਸ਼ : ਡਾ. ਰਾਜ ਸੇਠ
ਕੈਨੇਡਾ ਤੋਂ ਪੀਐੱਚਡੀ ਦੀ ਡਿਗਰੀ ਕਰਕੇ ਇਸ ਵੇਲੇ ਡੀਏਵੀ ਯੂਨੀਵਰਸਿਟੀ ’ਚ ਬਤੌਰ ਕਾਰਜਕਾਰੀ ਡੀਨ ਸੇਵਾਵਾਂ ਨਿਭਾਅ ਰਹੇ ਡਾ. ਰਾਜ ਸੇਠ ਕਹਿੰਦੇ ਹਨ ਕਿ ਸਾਡੇ ਦੇਸ਼ ’ਚ ਵੀ ਜੌਬ ਓਰੀਐਂਟਿਡ ਕੋਰਸ ਕਰਵਾਏ ਜਾਂਦੇ ਹਨ ਪਰ ਇੱਥੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਦੇ ਪੱਧਰ ’ਤੇ ਠੋਸ ਨੀਤੀਆਂ ਦੀ ਘਾਟ ਹੈ। ਸਰਕਾਰਾਂ ਨੂੰ ਇੰਡਸਟਰੀ ’ਤੇ ਕੰਟਰੋਲ ਰੱਖਣ ਲਈ ਨੀਤੀਆਂ ਘਡ਼ਣੀਆਂ ਚਾਹੀਦੀਆਂ ਹਨ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਸਾਡੇ ਨੌਜਵਾਨ ਵਿਦੇਸ਼ਾਂ ’ਚ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਭੇਜਣਾ ਚਾਹੀਦਾ ਹੈ। ਗ੍ਰੈਜੂਏਸ਼ਨ ਕਰ ਕੇ ਜਾਣ ਵਾਲਾ ਬੱਚਾ ਪਰਪੱਕ ਹੋ ਜਾਂਦਾ ਹੈ ਤੇ ਦੇਸ਼ ਦੀਆਂ ਹਾਲਤਾਂ ਬਾਰੇ ਭਲੀ-ਭਾਂਤ ਜਾਣੂ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਦੇਸ਼ ਨਾਲ ਮੋਹ ਬਣਿਆ ਰਹਿੰਦਾ ਹੈ ਤੇ ਉੱਚ ਵਿੱਦਿਆ ਹਾਸਲ ਕਰਕੇ ਉਹ ਫਿਰ ਦੇਸ਼ ਹਿੱਤ ’ਚ ਪਰਤ ਕੇ ਆ ਸਕਦਾ ਹੈ। ਇਸ ਦੇ ਮੁਕਾਬਲੇ ਜਿਹਡ਼ੇ ਬੱਚੇ 12ਵੀਂ ਤੋਂ ਬਾਅਦ ਹੀ ਪਡ਼੍ਹਾਈ ਲਈ ਵਿਦੇਸ਼ ਚਲੇ ਜਾਂਦੇ ਹਨ, ਉਹ ਉੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ ਤੇ ਉਨ੍ਹਾਂ ਦਾ ਦੇਸ਼ ਨਾਲ ਕੋਈ ਲਗਾਅ ਨਹੀਂ ਰਹਿ ਜਾਂਦਾ।
ਬ੍ਰੇਨ ਡਰੇਨ ਤੇ ਮਨੀ ਡਰੇਨ ਰੋਕਣ ਲਈ ਰੁਜ਼ਗਾਰ ਪੈਦਾ ਕਰਨ ਤੇ ਉਜਰਤਾਂ ਵਧਾਉਣ ਦੀ ਲੋਡ਼ : ਕਰਨ ਰੰਧਾਵਾ
ਆਸਟ੍ਰੇਲੀਆ ’ਚ ਸਿਟੀਜਨਸ਼ਿਪ ਹਾਸਲ ਕਰਨ ਰੰਧਾਵਾ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਬੱਚਿਆਂ ਨੂੰ ਵਿਦੇਸ਼ਾਂ ’ਚ ਜਾਣ ਤੋਂ ਰੋਕਣਾ ਹੈ ਤਾਂ ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ ਹੀ ਘੱਟੋ-ਘੱਟ ਉਜਰਤਾਂ ਵਧਾਉਣ ਦੀ ਵੀ ਲੋਡ਼ ਹੈ। ਇਸ ਦੇ ਨਾਲ ਹੀ ਸਰਕਾਰਾਂ ਨੂੰ ਆਪਣੇ ਕੰਟਰੋਲ ਵਾਲੇ ਪ੍ਰਾਈਵੇਟ ਸੈਕਟਰ ਨਾਲ ਮਿਲ ਕੇ ਉਦਯੋਗ ਲਾਉਣੇ ਚਾਹੀਦੇ ਹਨ, ਜਿਹਡ਼ੇ ਨਿਰਧਾਰਤ ਸਮੇਂ ਬਾਅਦ ਨਿੱਜੀ ਖੇਤਰ ਦੇ ਬਣਾਏ ਜਾ ਸਕਦੇ ਹਨ। ਕਿਉਂਕਿ ਪੰਜਾਬ ਖੇਤੀ ਆਧਾਰਤ ਸੂਬਾ ਹੈ, ਇਸ ਲਈ ਇੱਥੇ ਜਨਤਕ ਖੇਤਰ ਦੀ ਐਗਰੋ-ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ ਤਾਂ ਜੋ ਰੁਜ਼ਗਾਰ ਦੇ ਮੌਕੇ ਵਧਣ। ਬੇਰੁਜ਼ਗਾਰਾਂ ਦੀ ਬਦਤਰ ਹਾਲਤ ਵੇਖ ਕੇ ਮਾਪੇ ਤੇ ਬੱਚੇ ਵਿਦੇਸ਼ਾਂ ’ਚ ਜਾਣ ਲਈ ਹਰ ਹੀਲਾ ਵਰਤ ਰਹੇ ਹਨ ਤਾਂ ਜੋ ਪੱਕਾ ਰੁਜ਼ਗਾਰ ਮਿਲ ਸਕੇ। ਵੱਖ-ਵੱਖ ਵਿਭਾਗਾਂ ’ਚ ਕੱਚੇ ਮੁਲਾਜ਼ਮ ਭਰਤੀ ਕਰਨ ਅਤੇ ਤਨਖ਼ਾਹਾਂ ਘੱਟ ਦੇਣ ਤੋਂ ਇਲਾਵਾ ਨਿੱਜੀ ਸੈਕਟਰ ’ਚ ਤਨਖ਼ਾਹਾਂ ਬਹੁਤ ਹੀ ਘੱਟ ਹੋਣ ਕਰ ਕੇ ਵੀ ਬੱਚੇ ਵਿਦੇਸ਼ਾਂ ਵੱਲ ਨੂੰ ਰੁਖ਼ ਕਰ ਰਹੇ ਹਨ। ਬੱਚਿਆਂ ਨੂੰ ਸਟੱਡੀ ਵੀਜ਼ੇ ਦੀ ਬਜਾਏ ਨੌਕਰੀ ਕਰਨ ਲਈ ਵਿਦੇਸ਼ ਜਾਣ ਵਾਸਤੇ ਇੱਥੇ ਹੀ ਕੌਮਾਂਤਰੀ ਪੱਧਰ ਦੀ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇੱਥੋਂ ਦੀ ਵਿੱਦਿਆ ਨੂੰ ਵਿਕਸਤ ਦੇਸ਼ਾਂ ਵੱਲੋਂ ਮਾਨਤਾ ਨਾ ਦਿੱਤੇ ਜਾਣ ਕਰ ਕੇ ਹੀ ਬੱਚੇ ਪਡ਼੍ਹਾਈ ਦੇ ਆਧਾਰ ’ਤੇ ਵਿਦੇਸ਼ ਜਾ ਰਹੇ ਹਨ। ਜੇਕਰ ਇੱਥੋਂ ਦੀ ਪਡ਼੍ਹਾਈ ਨੂੰ ਵਿਦੇਸ਼ਾਂ ’ਚ ਮਾਨਤਾ ਮਿਲ ਜਾਵੇਗੀ ਤਾਂ ਬੱਚੇ ਵਿਦੇਸ਼ ਪਡ਼੍ਹਾਈ ਲਈ ਨਹੀਂ ਸਗੋਂ ਨੌਕਰੀ ਲਈ ਹੀ ਜਾਣਗੇ। ਇਸ ਦੇ ਨਾਲ ਹੀ ਸਰਕਾਰ ਨੂੰ ਵਿਦੇਸ਼ੀ ਕੰਪਨੀਆਂ ਜੋ ਕਿ ਆਊਟ-ਸੋਰਸਿੰਗ ਰਾਹੀਂ ਨੌਜਵਾਨਾਂ ਦੀਆਂ ਸੇਵਾਵਾਂ ਲੈਂਦੀਆਂ ਹਨ, ਉਨ੍ਹਾਂ ਦੇ ਦਫ਼ਤਰ ਜਾਂ ਕਾਲ ਸੈਂਟਰ ਇੱਥੇ ਖੁੱਲ੍ਹਵਾਉਣ ਲਈ ਉਨ੍ਹਾਂ ਨੂੰ ਬੁਲਾਉਣਾ ਚਾਹੀਦਾ ਹੈ। ਵਿਦੇਸ਼ ਜਾ ਕੇ ਬੱਚਿਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਰਨ ਰੰਧਾਵਾ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਕਰਜ਼ਾ ਚੁੱਕ ਕੇ ਜਾਂ ਜ਼ਮੀਨ ਵੇਚ ਕੇ ਵਿਦੇਸ਼ ਪਡ਼੍ਹਾਈ ਲਈ ਭੇਜਦੇ ਹਨ, ਜਿਸ ਨਾਲ ਬੱਚੇ ’ਤੇ ਇਸ ਗੱਲ ਦਾ ਦਬਾਅ ਹੁੰਦਾ ਹੈ ਕਿ ਉਸ ਨੇ ਆਪਣੇ ਮਾਪਿਆਂ ਦਾ ਕਰਜ਼ਾ ਵੀ ਲਾਹੁਣਾ ਹੈ। ਇਸ ਤੋਂ ਇਲਾਵਾ ਨਵੇਂ ਦੇਸ਼ ’ਚ ਕੇ ਉੱਥੋਂ ਦੇ ਰਹਿਣ-ਸਹਿਣ ਤੇ ਭੂਗੋਲਿਕ ਜਾਣਕਾਰੀ ਪੂਰੀ ਨਾ ਹੋਣ ਕਰਕੇ ਵੀ ਦਬਾਅ ਬਣ ਜਾਂਦਾ ਹੈ। ਇਸੇ ਤਰ੍ਹਾਂ ਵਧੇਰੇ ਦਬਾਅ ਹੋਣ ਕਰਕੇ ਕਈ ਬੱਚੇ ਛੋਟੀ ਉਮਰੇ ਹੀ ਹਾਰਟ ਅਟੈਕ ਦਾ ਸ਼ਿਕਾਰ ਹੋ ਚੁੱਕੇ ਹਨ।