ਸਥਿਤੀ ਖਰਾਬ ਹੁੰਦੀ ਦੇਖ ਕੇ ਬੈਂਕ ਮੈਨੇਜਰ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਏਰੀਆ ਬੀਟ ਇੰਚਾਰਜ ਏਐਸਆਈ ਲਖਬੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਅਵਤਾਰ ਸਿੰਘ ਨੂੰ ਸਮਝਾ ਕੇ ਬੈਂਕ ਦੇ ਬਾਹਰ ਲੈ ਜਾਣ ਲੱਗੇ। ਇਸ ਦੌਰਾਨ ਅਵਤਾਰ ਨੇ ਅਚਾਨਕ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਏਐਸਆਈ ਨੂੰ ਥੱਪੜ ਮਾਰਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਦੀ ਪੱਗ ਵੀ ਹੇਠਾਂ ਡਿੱਗ ਗਈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-23 ਸਥਿਤ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਵਿੱਚ ਮੰਗਲਵਾਰ ਨੂੰ ਏਟੀਐਮ ਕਾਰਡ ਬਦਲਵਾਉਣ ਨੂੰ ਲੈ ਕੇ ਇੱਕ ਵਿਅਕਤੀ ਨੇ ਕਾਫੀ ਹੰਗਾਮਾ ਕਰ ਦਿੱਤਾ। ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮ ਉਸਨੂੰ ਸਮਝਾ ਕੇ ਬਾਹਰ ਲੈ ਜਾ ਰਹੇ ਸਨ ਕਿ ਇਸ ਦੌਰਾਨ ਉਸਨੇ ਏਐੱਸਆਈ ਨਾਲ ਹੱਥਾਪਾਈ ਕਰਦੇ ਹੋਏ ਥੱਪੜ ਮਾਰਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਦੀ ਪੱਗ ਵੀ ਹੇਠਾਂ ਡਿੱਗ ਗਈ। ਹਾਲਾਂਕਿ ਬਾਅਦ ਵਿਚ ਉਸ ਵਿਅਕਤੀ ਦੇ ਭਰਾ ਵੱਲੋਂ ਮਾਫ਼ੀ ਮੰਗਣ ’ਤੇ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ।
ਜਾਣਕਾਰੀ ਅਨੁਸਾਰ ਸੈਕਟਰ-24 ਦਾ ਰਹਿਣ ਵਾਲਾ ਅਵਤਾਰ ਸਿੰਘ ਬੁੱਧਵਾਰ ਨੂੰ ਸੈਕਟਰ-23 ਸਥਿਤ ਐੱਸਬੀਆਈ ਬੈਂਕ ਵਿਚ ਆਪਣੀ ਮਾਤਾ ਦਾ ਏਟੀਐੱਮ ਕਾਰਡ ਲੈ ਕੇ ਪਹੁੰਚਿਆ ਸੀ। ਉਸਨੇ ਏਟੀਐੱਮ ਕਾਰਡ ਬਦਲਵਾਉਣਾ ਸੀ ਕਿਉਂਕਿ ਕਾਰਡ ਦੀ ਮਿਆਦ ਖਤਮ ਹੋ ਚੁੱਕੀ ਸੀ। ਬੈਂਕ ਮੁਲਾਜ਼ਮਾਂ ਨੇ ਉਸਨੂੰ ਦੱਸਿਆ ਕਿ ਜਿਸ ਵਿਅਕਤੀ ਦਾ ਏਟੀਐਮ ਕਾਰਡ ਹੈ, ਉਹਨਾਂ ਨੂੰ ਖੁਦ ਆ ਕੇ ਕਾਰਡ ਬਦਲਵਾਉਣਾ ਪਵੇਗਾ। ਇਸ ਗੱਲ ਨੂੰ ਲੈ ਕੇ ਅਵਤਾਰ ਸਿੰਘ ਬੈਂਕ ਕਰਮਚਾਰੀਆਂ ਨਾਲ ਬਹਿਸ ਕਰਨ ਲੱਗ ਪਿਆ ਅਤੇ ਬਾਅਦ ਵਿੱਚ ਬੈਂਕ ਦੇ ਅੰਦਰ ਜਾ ਕੇ ਸਟਾਫ ਨਾਲ ਵੀ ਉਲਝ ਗਿਆ।
ਸਥਿਤੀ ਖਰਾਬ ਹੁੰਦੀ ਦੇਖ ਕੇ ਬੈਂਕ ਮੈਨੇਜਰ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਏਰੀਆ ਬੀਟ ਇੰਚਾਰਜ ਏਐਸਆਈ ਲਖਬੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਅਵਤਾਰ ਸਿੰਘ ਨੂੰ ਸਮਝਾ ਕੇ ਬੈਂਕ ਦੇ ਬਾਹਰ ਲੈ ਜਾਣ ਲੱਗੇ। ਇਸ ਦੌਰਾਨ ਅਵਤਾਰ ਨੇ ਅਚਾਨਕ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਏਐਸਆਈ ਨੂੰ ਥੱਪੜ ਮਾਰਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਦੀ ਪੱਗ ਵੀ ਹੇਠਾਂ ਡਿੱਗ ਗਈ।
ਇਸ ਘਟਨਾ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਨੇ ਅਵਤਾਰ ਨੂੰ ਕਾਬੂ ਕਰ ਲਿਆ। ਕੁਝ ਸਮੇਂ ਬਾਅਦ ਹੋਰ ਪੁਲਿਸ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਸਨੂੰ ਪੁਲਿਸ ਗੱਡੀ ਵਿੱਚ ਬਿਠਾ ਲਿਆ। ਇਸ ਦੌਰਾਨ ਅਵਤਾਰ ਜ਼ਿੱਦ ਕਰਨ ਲੱਗ ਪਿਆ ਕਿ ਉਹ ਗੱਡੀ ਦੀ ਅੱਗੇ ਵਾਲੀ ਸੀਟ ’ਤੇ ਬੈਠੇਗਾ ਅਤੇ ਗੱਡੀ ਖੁਦ ਚਲਾਏਗਾ, ਪਰ ਪੁਲਿਸ ਕਰਮਚਾਰੀਆਂ ਨੇ ਉਸਨੂੰ ਸਮਝਾ ਕੇ ਪਿੱਛੇ ਵਾਲੀ ਸੀਟ ‘ਤੇ ਬਿਠਾ ਦਿੱਤਾ।
ਸੈਕਟਰ-17 ਥਾਣਾ ਪੁਲਿਸ ਦੇ ਅਨੁਸਾਰ ਅਵਤਾਰ ਸਿੰਘ ਮਾਨਸਿਕ ਬਿਮਾਰੀ ਨਾਲ ਪੀੜਤ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਗਿਆ ਕਿ ਉਹ ਆਪਣੀ ਦਵਾਈ ਲੈਣਾ ਭੁੱਲ ਗਿਆ ਸੀ। ਬੈਂਕ ਮੈਨੇਜਰ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਦੂਜੇ ਪਾਸੇ ਅਵਤਾਰ ਦੇ ਭਰਾ ਗੁਰਮੀਤ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਫ਼ੀ ਮੰਗਣ ਤੋਂ ਬਾਅਦ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ।