ਮੋਹਾਲੀ ਅਦਾਲਤ ਦਾ ਫ਼ੈਸਲਾ : ਖਰੜ ਦੇ ਕਾਂਸਟੇਬਲ ਨੂੰ 10 ਸਾਲ ਕੈਦ ਤੇ 50000 ਰੁਪਏ ਜੁਰਮਾਨਾ, ਜਾਣੋ ਕੀ ਹੈ ਮਾਮਲਾ
ਮੋਹਾਲੀ ਦੀ ਅਦਾਲਤ ਨੇ ਖਰੜ ਦੇ ਕਾਂਸਟੇਬਲ ਸਤਬੀਰ (37) ਨੂੰ 27 ਸਾਲਾ ਖੋਹ ਦੇ ਸ਼ੱਕੀ ਔਰਤ ਨਾਲ ਜਬਰ-ਜਨਾਹ ਕਰਨ ਅਤੇ ਉਸ ਨੂੰ ਗ੍ਰਿਫਤਾਰੀ ਤੋਂ ਬਚਣ ਵਿਚ ਮਦਦ ਕਰਨ ਦੇ ਦੋਸ਼ ਵਿਚ 10 ਸਾਲ ਦੀ ਸਖ਼ਤ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਸੰਨੀ ਇਨਕਲੇਵ ਪੁਲਿਸ ਚੌਕੀ ਵਿਚ ਤਾਇਨਾਤ ਸਤਬੀਰ ਨੇ ਆਪਣੀ ਅਹੁਦੇ ਦੀ ਗੰਭੀਰ ਦੁਰਵਰਤੋਂ ਕੀਤੀ ਤੇ ਆਪਣੀ ਹਿਰਾਸਤ ਵਿਚ ਔਰਤ ਦਾ ਸ਼ੋਸ਼ਣ ਕਰਦੇ ਹੋਏ ਕਾਨੂੰਨੀ ਕਾਰਵਾਈ ਵਿਚ ਰੁਕਾਵਟ ਪਾਈ।
Publish Date: Sat, 06 Dec 2025 10:39 AM (IST)
Updated Date: Sat, 06 Dec 2025 11:24 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੋਹਾਲੀ ਦੀ ਅਦਾਲਤ ਨੇ ਖਰੜ ਦੇ ਕਾਂਸਟੇਬਲ ਸਤਬੀਰ (37) ਨੂੰ 27 ਸਾਲਾ ਖੋਹ ਦੇ ਸ਼ੱਕੀ ਔਰਤ ਨਾਲ ਜਬਰ-ਜਨਾਹ ਕਰਨ ਅਤੇ ਉਸ ਨੂੰ ਗ੍ਰਿਫਤਾਰੀ ਤੋਂ ਬਚਣ ਵਿਚ ਮਦਦ ਕਰਨ ਦੇ ਦੋਸ਼ ਵਿਚ 10 ਸਾਲ ਦੀ ਸਖ਼ਤ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਸੰਨੀ ਇਨਕਲੇਵ ਪੁਲਿਸ ਚੌਕੀ ਵਿਚ ਤਾਇਨਾਤ ਸਤਬੀਰ ਨੇ ਆਪਣੀ ਅਹੁਦੇ ਦੀ ਗੰਭੀਰ ਦੁਰਵਰਤੋਂ ਕੀਤੀ ਤੇ ਆਪਣੀ ਹਿਰਾਸਤ ਵਿਚ ਔਰਤ ਦਾ ਸ਼ੋਸ਼ਣ ਕਰਦੇ ਹੋਏ ਕਾਨੂੰਨੀ ਕਾਰਵਾਈ ਵਿਚ ਰੁਕਾਵਟ ਪਾਈ।
ਇਹ ਘਟਨਾ 7 ਮਾਰਚ ਨੂੰ ਵਾਪਰੀ ਸੀ, ਜਦੋਂ ਇਕ ਔਰਤ ਅਤੇ ਉਸ ਦੇ ਦੋ ਸਾਥੀਆਂ (ਪਤੀ-ਪਤਨੀ) ਨੇ ਕਥਿਤ ਤੌਰ 'ਤੇ ਖਿਡੌਣਾ ਬੰਦੂਕ ਦੀ ਵਰਤੋਂ ਕਰਕੇ ਸੰਨੀ ਇਨਕਲੇਵ ਦੀ ਗ੍ਰੀਨ ਮਾਰਕੀਟ ਨੇੜੇ ਔਰਤ ਦੇ ਗਲੇ ਤੋਂ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਖੋਹ ਦਾ ਵਿਰੋਧ ਕਰਨ 'ਤੇ ਪੀੜਤਾ ਜ਼ਖਮੀ ਹੋ ਗਈ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਇਕ ਮੁਲਜ਼ਮ ਨੂੰ ਫੜ ਲਿਆ ਪਰ ਉਸ ਦੀ ਪਤਨੀ ਤੇ ਇਕ ਹੋਰ ਔਰਤ ਭੱਜ ਗਈਆਂ।
ਪੁਲਿਸ ਅਨੁਸਾਰ ਛੁੱਟੀ 'ਤੇ ਚੱਲ ਰਹੇ ਕਾਂਸਟੇਬਲ ਸਤਬੀਰ ਨੇ ਖਰੜ ਵਿਚ ਕੇਐੱਫਸੀ. ਨੇੜੇ ਭੱਜ ਰਹੀਆਂ ਔਰਤਾਂ ਨੂੰ ਦੇਖਿਆ ਤੇ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਬਚਾਉਣ ਵਿਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਨੂੰ ਕਾਰ ਵਿਚ ਬਿਠਾ ਲਿਆ। ਸੀਸੀਟੀਵੀ ਫੁਟੇਜ ਨੇ ਇਸ ਦੀ ਪੁਸ਼ਟੀ ਕੀਤੀ। ਸਤਬੀਰ ਨੇ ਲਖਵਿੰਦਰ ਨੂੰ ਬੱਸ ਅੱਡੇ ਨੇੜੇ ਛੱਡ ਦਿੱਤਾ, ਜਿਸ ਨੂੰ ਬਾਅਦ ਵਿਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਸਤਬੀਰ ਦੂਜੀ ਔਰਤ ਨੂੰ ਚੰਡੀਗੜ੍ਹ ਦੇ ਹੋਟਲ ਵਿਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਫਿਰ ਉਸ ਨੂੰ ਛੱਡ ਦਿੱਤਾ।
ਜਾਂਚਕਰਤਾਵਾਂ ਨੇ ਦੱਸਿਆ, ‘ਸਤਬੀਰ ਨੇ ਦੋਸ਼ੀ ਔਰਤਾਂ ਨੂੰ ਪੁਲਿਸ ਸਟੇਸ਼ਨ ਲਿਜਾਣ ਜਾਂ ਆਪਣੇ ਸੀਨੀਅਰਾਂ ਨੂੰ ਸੂਚਿਤ ਕਰਨ ਦੀ ਬਜਾਏ, ਉਨ੍ਹਾਂ ਨਾਲ ਸਾਜ਼ਿਸ਼ ਰਚੀ ਤੇ ਸਥਿਤੀ ਦਾ ਫਾਇਦਾ ਉਠਾਇਆ।’ਪਹਿਲਾਂ, ਪੁਲਿਸ ਨੇ ਸਤਬੀਰ 'ਤੇ ਸਿਰਫ਼ ਲੋਕ ਸੇਵਕ ਵਜੋਂ ਕਾਨੂੰਨੀ ਡਿਊਟੀ ਦੀ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਸੀ ਪਰ ਔਰਤ ਦੇ ਬਿਆਨ ਅਤੇ ਸੀਸੀਟੀਵੀ ਫੁਟੇਜ ਦੀ ਪੁਸ਼ਟੀ ਤੋਂ ਬਾਅਦ, ਉਸ 'ਤੇ ਜਬਰ-ਜਨਾਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਸਤਬੀਰ ਨੂੰ ਪਹਿਲਾਂ ਵੀ ਮਾੜੇ ਆਚਰਣ ਲਈ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।