ਪੱਤਰਕਾਰਾਂ ’ਤੇ ਕੀਤੇ ਪਰਚਿਆਂ ਦੀ ਨਿਖੇਧੀ
ਪੱਤਰਕਾਰਾਂ ’ਤੇ ਕੀਤੇ ਪਰਚਿਆਂ ਦੀ ਨਿਖੇਧੀ
Publish Date: Sun, 04 Jan 2026 06:21 PM (IST)
Updated Date: Sun, 04 Jan 2026 06:23 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੱਤਰਕਾਰ ਮਿੰਟੂ ਗੁਰੂਸਰੀਆ, ਮਨਿੰਦਰਜੀਤ ਸਿੱਧੂ, ਮਾਨਿਕ ਗੋਇਲ ਸਮੇਤ ਹੋਰਨਾਂ ਆਰਟੀਆਈ ਕਾਰਕੁੰਨਾਂ ਖ਼ਿਲਾਫ਼ ਪੰਜਾਬ ਸਰਕਾਰ ਦੁਆਰਾ ਦਰਜ ਕੀਤੇ ਪਰਚਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਪ ਸਰਕਾਰ ਦੀ ਇਸ ਕਾਰਵਾਈ ਨੂੰ ਲੋਕਤੰਤਰ ਦਾ ਘਾਣ ਦੱਸਿਆ ਹੈ। ਐਤਵਾਰ ਨੂੰ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਮਾ ਨੇ ਕਿਹਾ ਕਿ ਲੋਕਤੰਤਰ ਵਿਚ ਸਰਕਾਰ ਨੂੰ ਸਵਾਲ ਕਰਨਾ ਹਰੇਕ ਨਾਗਰਿਕ ਦਾ ਹੱਕ ਹੁੰਦਾ ਹੈ ਪਰ ਮੌਜੂਦਾ ਭਗਵੰਤ ਮਾਨ ਸਰਕਾਰ ਇਨ੍ਹਾਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਨਾਸ਼ਾਹੀ ਵਾਲਾ ਰਵੱਈਆ ਅਖ਼ਤਿਆਰ ਕਰ ਰਹੀ ਹੈ ਅਤੇ ਭੈਅ ਤੇ ਦਹਿਸ਼ਤ ਵਾਲਾ ਮਾਹੌਲ ਸਿਰਜ ਕੇ ਪੰਜਾਬ ਦੇ ਦਰਦੀ ਲੋਕਾਂ ਦਾ ਮੂੰਹ ਬੰਦ ਕਰਨਾ ਚਾਹ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਅਤੇ ਸਰਕਾਰ ਦਾ ਜਨਮ ਹੀ ਅੰਦੋਲਨ ਨਾਲ ਹੋਇਆ ਹੋਵੇ, ਹੁਣ ਓਹੀ ਪਾਰਟੀ ਅੰਦੋਲਨਕਾਰੀ ਤੇ ਆਪਣੇ ਹੱਕਾਂ ਲਈ ਸੰਘਰਸ਼ੀਲ ਲੋਕਾਂ ਨੂੰ ਪੁਲਿਸ ਤੰਤਰ ਦਾ ਡਰਵਾ ਦੇ ਰਹੀ ਹੈ, ਜੋ ਕਿ ਬਿਲਕੁਲ ਵੀ ਬਰਦਾਸ਼ਤ ਕਰਨਯੋਗ ਨਹੀਂ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਦੀ ਪੂਰੀ ਹਮਾਇਤ ਕਰਦੇ ਹਨ। ਇਸ ਮੌਕੇ ਜਸਵਿੰਦਰ ਸਿੰਘ ਭੱਪਾ, ਮਨਦੀਪ ਸਿੰਘ ਗੋਲਡੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।