CM Mann ਨੇ ਪਿੰਡ ਸਤੌਜ ਤੋਂ ਮਰਦਮਸ਼ੁਮਾਰੀ 2027 ਦੀ ਕੀਤੀ ਰਸਮੀ ਸ਼ੁਰੂਆਤ, ਡਿਜੀਟਲ ਭਾਈਵਾਲੀ ਨੂੰ ਵਧਾਉਣ ਦਾ ਦਿੱਤਾ ਸੁਨੇਹਾ
ਇਸ ਦੌਰਾਨ, ਉਨ੍ਹਾਂ ਨੇ ਆਨਲਾਈਨ ਪੋਰਟਲ ਰਾਹੀਂ ਆਪਣੀ ਸੈਲਫ ਐਨਯੂਮੇਰੇਸ਼ਨ ਪੂਰੀ ਕਰਕੇ ਡਿਜੀਟਲ ਭਾਈਵਾਲੀ ਨੂੰ ਵਧਾਉਣ ਦਾ ਸੁਨੇਹਾ ਦਿੱਤਾ।
Publish Date: Wed, 29 Apr 2026 08:53 AM (IST)
Updated Date: Wed, 29 Apr 2026 09:02 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਵਿਚ ਮਰਦਮਸ਼ੁਮਾਰੀ 2027 ਦੀ ਪ੍ਰਕਿਰਿਆ ਦੀ ਆਧਿਕਾਰਿਕ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਪੁਸ਼ਤੈਨੀ ਪਿੰਡ ਸਤੋਜ ਤੋਂ ਪਹਿਲੇ ਪੜਾਅ 'ਮਕਾਨ ਸੂਚੀਕਰਨ ਅਤੇ ਗਣਨਾ' ਦੀ ਸ਼ੁਰੂਆਤ ਕੀਤੀ। ਇਸ ਦੌਰਾਨ, ਉਨ੍ਹਾਂ ਨੇ ਆਨਲਾਈਨ ਪੋਰਟਲ ਰਾਹੀਂ ਆਪਣੀ ਸੈਲਫ ਐਨਯੂਮੇਰੇਸ਼ਨ ਪੂਰੀ ਕਰਕੇ ਡਿਜੀਟਲ ਭਾਈਵਾਲੀ ਨੂੰ ਵਧਾਉਣ ਦਾ ਸੁਨੇਹਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਹੀ ਅਤੇ ਸਮੇਂ 'ਤੇ ਇਕੱਠਾ ਕੀਤਾ ਗਿਆ ਮਰਦਮਸ਼ੁਮਾਰੀ ਡੈਟਾ ਸੂਬੇ ਦੀ ਯੋਜਨਾ ਬਣਾਉਣ ਅਤੇ ਨੀਤੀਗਤ ਫੈਸਲਿਆਂ ਦੀ ਰੀੜ੍ਹ ਹੁੰਦੀ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਵਿਚ ਸਰਗਰਮ ਹਿੱਸਾ ਲੈਣ ਅਤੇ ਡਿਜੀਟਲ ਮਾਧਿਅਮ ਦਾ ਵੱਧ ਤੋਂ ਵੱਧ ਉਪਯੋਗ ਕਰਨ। ਉਨ੍ਹਾਂ ਨੇ ਦੱਸਿਆ ਕਿ 30 ਅਪ੍ਰੈਲ ਤੋਂ 14 ਮਈ 2026 ਤੱਕ ਨਾਗਰਿਕ ਆਪਣੇ ਆਪ ਆਨਲਾਈਨ ਜਾਣਕਾਰੀ ਭਰ ਸਕਦੇ ਹਨ।
ਇਸ ਪਹਿਲ ਦੇ ਤਹਿਤ ਲੋਕਾਂ ਨੂੰ ਆਪਣੀ ਸਮਾਜਿਕ ਅਤੇ ਆਰਥਿਕ ਜਾਣਕਾਰੀ ਪੋਰਟਲ 'ਤੇ ਦਰਜ ਕਰਨ ਦੀ ਸਹੂਲਤ ਮਿਲੇਗੀ, ਜਿਸ ਨਾਲ ਪਾਰਦਰਸ਼ਤਾ ਅਤੇ ਡੈਟਾ ਦੀ ਸ਼ੁੱਧਤਾ ਵਧੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਵਇਤੀ ਪ੍ਰਕਿਰਿਆ 'ਤੇ ਨਿਰਭਰਤਾ ਘਟੇਗੀ ਅਤੇ ਤੇਜ਼ੀ ਨਾਲ ਡੈਟਾ ਇਕੱਠਾ ਕਰਨ ਦੀ ਸੰਭਾਵਨਾ ਬਣੇਗੀ। ਉਨ੍ਹਾਂ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਵਿਚ 15 ਮਈ ਤੋਂ 13 ਜੂਨ 2026 ਤੱਕ ਘਰ-ਘਰ ਸਰਵੇਖਣ ਕੀਤਾ ਜਾਵੇਗਾ। ਇਸ ਦੌਰਾਨ ਹਰ ਮਕਾਨ ਨਾਲ ਜੁੜੇ ਸਥਿਤੀ, ਸੁਵਿਧਾਵਾਂ ਅਤੇ ਜਾਇਦਾਦ ਨਾਲ ਸਬੰਧਤ 33 ਸਵਾਲਪੁੱਛੇ ਜਾਣਗੇ, ਤਾਂ ਜੋ ਕੋਈ ਵੀ ਪਰਿਵਾਰ ਰਹਿ ਨਾ ਜਾਵੇ।
ਇਸ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਤਕਨੀਕੀ ਸਹਿਯੋਗ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਡਿਜੀਟਲ ਪਲੇਟਫਾਰਮ ਰਾਹੀਂ ਸ਼ਹਿਰੀ ਅਤੇ ਪਿੰਡ ਦੋਹਾਂ ਖੇਤਰਾਂ ਵਿਚ ਵਿਸ਼ਾਲ ਕਵਰੇਜ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਰਦਮਸ਼ੁਮਾਰੀ ਸਿਰਫ ਅੰਕੜਿਆਂ ਦਾ ਇਕੱਠਾ ਕਰਨ ਦੀ ਪ੍ਰਕਿਰਿਆ ਨਹੀਂ, ਬਲਕਿ ਰਾਜ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਦਾ ਆਧਾਰ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਭਾਈਵਾਲੀ ਨਾਲ ਹੀ ਇਹ ਮੁਹਿੰਮ ਸਫਲ ਹੋਵੇਗੀ ਅਤੇ ਇਸ ਨਾਲ ਵਿਕਾਸ ਯੋਜਨਾਵਾਂ ਨੂੰ ਸਹੀ ਦਿਸ਼ਾ ਮਿਲ ਸਕੇਗੀ।