CM Mann ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਵਰਚੁਅਲ ਬੈਠਕ ਹੋਈ ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਪੰਜਾਬ ਸਰਕਾਰ ਨੇ ਸਾਫ਼ ਤੌਰ 'ਤੇ ਕਿਹਾ ਕਿ ਸੂਬੇ ਕੋਲ ਲੋੜੀਂਦਾ ਅਨਾਜ ਭੰਡਾਰ ਹੈ ਅਤੇ ਇਸ ਨੂੰ ਤੁਰੰਤ ਚੁੱਕਿਆ ਜਾਵੇ ਤਾਂ ਜੋ ਨਵੀਂ ਫ਼ਸਲ ਦੀ ਖਰੀਦ ਵਿੱਚ ਕੋਈ ਰੁਕਾਵਟ ਨਾ ਆਵੇ।

ਰੋਹਿਤ ਕੁਮਾਰ, ਚੰਡੀਗੜ੍ਹ: ਵਿਸ਼ਵਵਿਆਪੀ ਹਾਲਾਤ ਤੇ ਸਪਲਾਈ ਚੇਨ 'ਤੇ ਪੈ ਰਹੇ ਅਸਰ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਵਾਰ ਫਿਰ 'ਸੰਕਟਮੋਚਕ' ਬਣ ਕੇ ਸਾਹਮਣੇ ਆਵੇਗਾ ਅਤੇ ਸੂਬੇ ਦੇ ਗੋਦਾਮਾਂ 'ਚ ਪਈ ਕਣਕ ਤੇ ਚੌਲ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਤਿਆਰ ਹੈ। ਇਸ ਦੇ ਲਈ ਜੇਕਰ ਲੋੜ ਪਵੇ ਤਾਂ ਕੇਂਦਰ ਸਰਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਵੇ।
ਸੀਐਮ ਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਵਰਚੁਅਲ ਬੈਠਕ ਹੋਈ ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਪੰਜਾਬ ਸਰਕਾਰ ਨੇ ਸਾਫ਼ ਤੌਰ 'ਤੇ ਕਿਹਾ ਕਿ ਸੂਬੇ ਕੋਲ ਲੋੜੀਂਦਾ ਅਨਾਜ ਭੰਡਾਰ ਹੈ ਅਤੇ ਇਸ ਨੂੰ ਤੁਰੰਤ ਚੁੱਕਿਆ ਜਾਵੇ ਤਾਂ ਜੋ ਨਵੀਂ ਫ਼ਸਲ ਦੀ ਖਰੀਦ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਰੀਬ 171 ਲੱਖ ਮੀਟ੍ਰਿਕ ਟਨ ਕਣਕ ਅਤੇ 139 ਲੱਖ ਮੀਟ੍ਰਿਕ ਟਨ ਚੌਲਾਂ ਦਾ ਸਟਾਕ ਮੌਜੂਦ ਹੈ, ਜਿਸ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (PDS) ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਦੇਸ਼ ਭਰ ਵਿਚ ਭੇਜਿਆ ਜਾ ਸਕਦਾ ਹੈ। ਸੀਐਮ ਨੇ ਜ਼ੋਰ ਦੇ ਕੇ ਕਿਹਾ ਕਿ ਸਪੈਸ਼ਲ ਟ੍ਰੇਨਾਂ ਰਾਹੀਂ ਤੇਜ਼ੀ ਨਾਲ ਚੁਕਾਈ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਨਵੀਂ ਫ਼ਸਲ ਮੰਡੀਆਂ ਵਿੱਚ ਪਹੁੰਚੇਗੀ।
ਸੀਐਮ ਮਾਨ ਨੇ ਪੈਟਰੋਲ-ਡੀਜ਼ਲ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ। ਫਿਲਹਾਲ ਪੰਜਾਬ ਵਿੱਚ 12 ਦਿਨਾਂ ਦਾ ਪੈਟਰੋਲ, 14 ਦਿਨਾਂ ਦਾ ਡੀਜ਼ਲ ਅਤੇ 6 ਦਿਨਾਂ ਦਾ ਐਲਪੀਜੀ (LPG) ਸਟਾਕ ਉਪਲਬਧ ਹੈ, ਜੋ ਆਮ ਲੋੜਾਂ ਲਈ ਕਾਫ਼ੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾ ਕੇ ਘਰਾਂ ਵਿਚ ਤੇਲ ਸਟੋਰ ਨਾ ਕਰਨ, ਇਹ ਖ਼ਤਰਨਾਕ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ 'ਚ ਐਲਪੀਜੀ ਸਿਲੰਡਰਾਂ ਦੀ ਵੇਟਿੰਗ ਦੀ ਮਿਆਦ ਘਟਾਉਣ ਦੀ ਮੰਗ ਕੇਂਦਰ ਤੋਂ ਕੀਤੀ ਗਈ ਹੈ। ਨਾਲ ਹੀ ਉਦਯੋਗਾਂ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਾ ਲਗਾਉਣ ਅਤੇ ਸਪਲਾਈ ਚੇਨ ਨੂੰ ਸੁਚਾਰੂ ਰੱਖਣ ਦੀ ਗੱਲ ਵੀ ਰੱਖੀ ਗਈ। ਸੀਐਮ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ (Border State) ਹੈ, ਇਸ ਲਈ ਇਸ ਨੂੰ ਤਰਜੀਹ ਦੇ ਆਧਾਰ 'ਤੇ ਸਰੋਤ ਮਿਲਣੇ ਚਾਹੀਦੇ ਹਨ।
ਉਨ੍ਹਾਂ ਮੀਡੀਆ ਨੂੰ ਵੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਪੁਸ਼ਟ ਖ਼ਬਰਾਂ ਤੋਂ ਬਚਿਆ ਜਾਵੇ। ਨਾਲ ਹੀ ਚਿਤਾਵਨੀ ਦਿੱਤੀ ਕਿ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਪੈਸ਼ਲ ਟ੍ਰੇਨਾਂ ਰਾਹੀਂ ਤੁਰੰਤ ਅਨਾਜ ਦੀ ਚੁਕਾਈ।
ਪੈਟਰੋਲੀਅਮ ਸਪਲਾਈ ਪ੍ਰਭਾਵਿਤ ਨਾ ਹੋਵੇ, ਕੇਂਦਰ ਅੰਤਰਰਾਸ਼ਟਰੀ ਪੱਧਰ 'ਤੇ ਪਹਿਲ ਕਰੇ।
ਪਿੰਡਾਂ ਵਿੱਚ ਐਲਪੀਜੀ ਸਿਲੰਡਰ ਦੀ ਵੇਟਿੰਗ ਦਾ ਸਮਾਂ ਘੱਟ ਹੋਵੇ।
ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਤਰਜੀਹ ਮਿਲੇ।
ਉਦਯੋਗਾਂ 'ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਾ ਲੱਗੇ।
ਪੈਟਰੋਲ: 12 ਦਿਨਾਂ ਦਾ ਸਟਾਕ
ਡੀਜ਼ਲ: 14 ਦਿਨਾਂ ਦਾ ਸਟਾਕ
LPG: 6 ਦਿਨਾਂ ਦਾ ਸਟਾਕ
ਕਣਕ: 171 ਲੱਖ ਮੀਟ੍ਰਿਕ ਟਨ
ਚੌਲ: 139 ਲੱਖ ਮੀਟ੍ਰਿਕ ਟਨ
ਕਵਰਡ ਸਟੋਰੇਜ ਸਮਰੱਥਾ: 155 ਲੱਖ ਮੀਟ੍ਰਿਕ ਟਨ
ਨੋਟ: 27 ਮਾਰਚ ਤਕ 1497 ਥਾਵਾਂ 'ਤੇ ਚੈਕਿੰਗ ਕੀਤੀ ਗਈ ਅਤੇ 301 ਨਾਜਾਇਜ਼ LPG ਸਿਲੰਡਰ ਜ਼ਬਤ ਕੀਤੇ ਗਏ।