ਸੀਆਈਏ ਸਟਾਫ਼ ਮੁਹਾਲੀ ਵੱਲੋਂ ਹੈਰੋਇਨ ਸਣੇ 1 ਗ੍ਰਿਫ਼ਤਾਰ
ਸੀਆਈਏ ਸਟਾਫ਼ ਮੁਹਾਲੀ ਵੱਲੋਂ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
Publish Date: Mon, 24 Nov 2025 09:42 PM (IST)
Updated Date: Tue, 25 Nov 2025 04:14 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਐੱਸਏਐੱਸ ਨਗਰ ’ਚ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਲਵਿੰਦਰ ਸਿੰਘ ਪੀਪੀਐੱਸ ਕਪਤਾਨ ਪੁਲਿਸ (ਆਪਰੇਸ਼ਨ), ਰਾਜਨ ਪਰਮਿੰਦਰ ਸਿੰਘ ਉਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼ ਦੀ ਟੀਮ ਵੱਲੋਂ ਇਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰਕੇ 45 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਸੌਰਵ ਜਿੰਦਲ ਨੇ ਦੱਸਿਆ ਕਿ 20 ਨਵੰਬਰ 2025 ਨੂੰ ਸੀਆਈਏ ਸਟਾਫ਼ ਮੁਹਾਲੀ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿਚ ਗਸ਼ਤ ’ਤੇ ਨੇੜੇ ਅਰਬਨ ਵਾਟਿਕਾ, ਬੱਸ ਸਟੈਂਡ ਜ਼ੀਰਕਪੁਰ ਮੌਜੂਦ ਸੀ ਤਾਂ ਦੌਰਾਨੇ ਗਸ਼ਤ ਇਕ ਗੱਡੀ ਸਵਿਫਟ ਡਿਜਾਇਰ ਕਾਰ ਨੇੜੇ ਬੱਸ ਸਟੈਂਡ ਦੇ ਖੜ੍ਹੀ ਦਿਖਾਈ ਦਿੱਤੀ। ਗੱਡੀ ਦੀ ਪਿਛਲੀ ਨੰਬਰ ਪਲੇਟ ਮੋੜੀ ਹੋਈ ਸੀ, ਜਿਸ ’ਚ ਵਿਅਕਤੀ ਸਵਾਰ ਸੀ, ਜਿਸ ਨੂੰ ਸ਼ੱਕ ਦੀ ਆਧਾਰ ’ਤੇ ਚੈੱਕ ਕੀਤਾ ਗਿਆ, ਜੋ ਦੌਰਾਨੇ ਚੈਕਿੰਗ ਗੱਡੀ ਦੇ ਗੇਅਰ ਬਾਕਸ ਕੋਲੋਂ ਇਕ ਚਿੱਟੇ ਰੰਗ ਦਾ ਵੱਡਾ ਲਿਫ਼ਾਫ਼ਾ ਮਿਲਿਆ, ਜਿਸ ’ਚੋਂ ਇਕ ਡਿਜੀਟਲ ਕੰਡਾ, ਇਕ ਪਲਾਸਟਿਕ ਲਿਫ਼ਾਫ਼ੀ ਵਿਚ ਮੋਮੀ ਲਿਫ਼ਾਫ਼ੇ ਦੇ ਟੁਕੜੇ ਅਤੇ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਵਿਚੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਮੁਲਜ਼ਮ ਅਜੈ ਕੁਮਾਰ ਉਰਫ਼ ਬਿੰਟਾ ਵਿਰੁੱਧ ਸੀਆਈਏ ਸਟਾਫ਼ ਦੇ ਐੱਸਆਈ ਹਰਭੇਜ ਸਿੰਘ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਅਜੈ ਕੁਮਾਰ ਨੇ ਦੱਸਿਆ ਕਿ ਉਹ ਹੈਰੋਇਨ ਦਾ ਧੰਦਾ ਕਰ ਰਿਹਾ ਹੈ ਅਤੇ ਉਕਤ ਬਰਾਮਦ ਹੈਰੋਇਨ ਥਾਣਾ ਜ਼ੀਰਕਪੁਰ ਦੇ ਏਰੀਆ ਵਿਚ ਆਪਣੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ। ਦੱਸਣਯੋਗ ਹੈ ਕਿ ਮੁਲਜ਼ਮ ਪੁਲਿਸ ਅਨੁਸਾਰ ਮੁਲਜ਼ਮ ਪੁਲਿਸ ਰਿਮਾਂਡ ਅਧੀਨ ਹੈ, ਜਿਸ ਦੀ ਮੁੱਢਲੀ ਪੁੱਛਗਿੱਛ ਦੌਰਾਨੇ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਅਜੈ ਕੁਮਾਰ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ ਤੇ ਜਿਸ ਖ਼ਿਲਾਫ਼ ਪਹਿਲਾਂ ਵੀ ਤਿੰਨ ਮੁਕੱਦਮੇ ਐੱਨਡੀਪੀਐੱਸ ਐਕਟ ਤਹਿਤ ਦਰਜ ਹਨ, ਜੋ ਇਸ ਵਾਰ ਵੀ ਮੁਲਜ਼ਮ ਹੈਰੋਇਨ ਦਾ ਧੰਦਾ ਥਾਣਾ ਜ਼ੀਰਕਪੁਰ ਦੇ ਏਰੀਆ ਵਿਚ ਕਰ ਰਿਹਾ ਸੀ।