ਬੱਚਿਆਂ ਦੇ ਦਸਤਾਰ ਬੰਦੀ ਮੁਕਾਬਲੇ ਕਰਵਾਏ
ਬੱਚਿਆਂ ਦੇ ਦਸਤਾਰ ਬੰਦੀ ਮੁਕਾਬਲੇ ਕਰਵਾਏ
Publish Date: Mon, 15 Dec 2025 06:24 PM (IST)
Updated Date: Mon, 15 Dec 2025 06:27 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਈਸ਼ਰ ਸਿੰਘ ਸੰਤ ਕਿਸ਼ਨ ਸਿੰਘ ਚੈਰੀਟੇਬਲ ਟਰਸਟ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬਾਬਾ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਬੱਚਿਆਂ ਨੂੰ ਸਿੱਖ ਧਰਮ ਸਬੰਧੀ ਉਤਸ਼ਾਹ ਪੈਦਾ ਕਰਨ ਲਈ ਅਤੇ ਸਿੱਖ ਇਤਿਹਾਸ ਨਾਲ ਬੱਚਿਆਂ ਨੂੰ ਜੋੜਨ ਲਈ ਸਮੇਂ-ਸਮੇਂ ਸਿਰ ਟਰਸਟ ਵੱਲੋਂ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਵਿਚ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਛੇ ਦਿਨ ਪਹਿਲਾਂ ਬੱਚਿਆਂ ਲਈ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ, ਜਿਸ ਵਿਚ ਬੱਚਿਆਂ ਵੱਲੋਂ ਰੋਜ਼ਾਨਾ ਆ ਕੇ ਦਸਤਾਰ ਦੀ ਸਿਖਲਾਈ ਲਈ ਜਾਂਦੀ ਸੀ ਅਤੇ ਲੜਕੀਆਂ ਲਈ ਦੁਮਾਲਾ ਬੰਦੀ ਦੀ ਸਿਖਲਾਈ ਦਿੱਤੀ ਗਈ। ਇਸ ਛੇ ਦਿਨ ਦੀ ਸਿਖਲਾਈ ਤੋਂ ਬਾਅਦ ਲੜਕਿਆਂ ਦੇ ਦਸਤਾਰ ਬੰਦੀ ਮੁਕਾਬਲੇ ਅਤੇ ਲੜਕੀਆਂ ਲਈ ਦੁਮਾਲੇਬੰਦੀ ਮੁਕਾਬਲੇ ਕਰਵਾਏ ਗਏ ਅਤੇ ਸਭ ਤੋਂ ਸੋਹਣੀ ਪੱਗ ਅਤੇ ਦੁਮਾਲੇ ਬੰਨਣ ਵਾਲੇ ਬੱਚਿਆਂ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਾਭਜੋਤ ਸਿੰਘ ਅਤੇ ਪਰਮਵੀਰ ਸਿੰਘ ਵੱਲੋਂ ਦਸਤਾਰ ਸਿਖਲਾਈ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ, ਜੋ ਕਿ ਬਹੁਤ ਸ਼ਲਾਘਾਯੋਗ ਕੰਮ ਹੈ। ਇਸ ਮੌਕੇ ਸੰਤ ਬਾਬਾ ਜਸਵਿੰਦਰ ਸਿੰਘ ਘੋਲਾ ਰਤਵਾੜਾ ਸਾਹਿਬ ਵਾਲਿਆਂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਪਰਮਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਇਸੇ ਤਰ੍ਹਾਂ ਰੋਜ਼ਾਨਾ ਦਸਤਾਰ ਬੰਨਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰੀ ਸਿੰਘ ਹੁਸ਼ਿਆਰਪੁਰ, ਮਨਿੰਦਰ ਸਿੰਘ, ਗੁਰਿੰਦਰ ਸਿੰਘ, ਭਗਤ ਸਿੰਘ, ਰਜਿੰਦਰ ਸਿੰਘ ਲੱਕੀ ਆਦਿ ਹਾਜ਼ਰ ਸਨ।