Chandigarh University MMS Leak : ਵਿਦਿਆਰਥੀਆਂ ਵੱਲੋਂ ਹੰਗਾਮਾ ਜਾਰੀ, ਚੰਡੀਗੜ੍ਹ ਯੂਨੀਵਰਸਿਟੀ 'ਚ ਦੋ ਦਿਨ ਦੀ ਛੁੱਟੀ ਦਾ ਐਲਾਨ
ਚੰਡੀਗੜ੍ਹ ਯੂਨੀਵਰਸਿਟੀ ਦੇ ਅੱਜ ਦੂਜੇ ਦਿਨ ਵੀ ਭੜਕੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਦੀਆਂ ਸੜਕਾਂ 'ਤੇ ਆ ਗਏ। ਯੂਨੀਵਰਸਿਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਯੂਨਿਟ 'ਚ 19 ਤੇ 20 ਸਤੰਬਰ ਯਾਨੀ ਦੋ ਦਿਨ ਦੀ ਛੁੱਟੀ ਕਰ ਦਿੱਤੀ ਹੈ।
Publish Date: Sun, 18 Sep 2022 04:21 PM (IST)
Updated Date: Sun, 18 Sep 2022 04:43 PM (IST)
ਪੰਜਾਬੀ ਜਾਗਰਣ ਕੇਂਦਰ, ਚੰਡੀਗੜ੍ਹ : ਚੰਡੀਗੜ੍ਹ ਯੂਨੀਵਰਸਿਟੀ ਦੇ ਐਤਵਾਰ ਨੂੰ ਦੂਜੇ ਦਿਨ ਵੀ ਭੜਕੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਦੀਆਂ ਸੜਕਾਂ 'ਤੇ ਆ ਗਏ। ਯੂਨੀਵਰਸਿਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਯੂਨਿਟ 'ਚ 19 ਤੇ 20 ਸਤੰਬਰ ਯਾਨੀ ਦੋ ਦਿਨ ਦੀ ਛੁੱਟੀ ਕਰ ਦਿੱਤੀ ਹੈ। ਹਾਲਾਂਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਆਰਐਸ ਬਾਵਾ (Dr. RS Bawa) ਨੇ ਵਿਦਿਆਰਥਣਾਂ ਦੇ 60 ਐੱਮਐੱਮਐੱਸ ਵਾਇਰਲ ਕਰਨ ਦੇ ਮਾਮਲੇ 'ਚ ਅਧਿਕਾਰਤ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਉਨ੍ਹਾਂ ਇਕ ਵੀਡੀਓ ਜਾਰੀ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ ਕਿ ਇਹ ਸਿਰਫ਼ ਅਫਵਾਹਾਂ ਹਨ ਕਿ 7 ਲੜਕੀਆਂ ਨੇ ਖ਼ੁਦਕੁਸ਼ੀ ਕਰ ਲਈ ਹੈ ਜਦਕਿ ਅਸਲੀਅਤ ਇਹ ਹੈ ਕਿ ਕਿਸੇ ਵੀ ਲੜਕੀ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਕਿਸੇ ਵੀ ਲੜਕੀ ਨੂੰ ਹਸਪਤਾਲ 'ਚ ਦਾਖਲ ਨਹੀਂ ਕਰਵਾਇਆ ਗਿਆ ਹੈ।
ਡਾ. ਬਾਵਾ ਨੇ ਅੱਗੇ ਕਿਹਾ, “ਇਕ ਹੋਰ ਅਫਵਾਹ ਹੈ ਜੋ ਮੀਡੀਆ ਰਾਹੀਂ ਫੈਲ ਰਹੀ ਹੈ ਕਿ ਵੱਖ-ਵੱਖ ਵਿਦਿਆਰਥੀਆਂ ਦੇ 60 ਇਤਰਾਜ਼ਯੋਗ ਐਮ.ਐਮ.ਐਸ. ਵਾਇਰਲ ਹੋਏ ਹਨ ਜਦਕਿ ਇਹ ਬਿਲਕੁਲ ਝੂਠ ਤੇ ਬੇਬੁਨਿਆਦ ਹਨ। ਯੂਨੀਵਰਸਿਟੀ ਵੱਲੋਂ ਕੀਤੀ ਮੁਢਲੀ ਜਾਂਚ ਦੌਰਾਨ ਕਿਸੇ ਵੀ ਵਿਦਿਆਰਥਣ ਦੀ ਅਜਿਹੀ ਕੋਈ ਵੀ ਵੀਡੀਓ ਨਹੀਂ ਮਿਲੀ ਜੋ ਇਤਰਾਜ਼ਯੋਗ ਹੋਵੇ, ਸਿਵਾਏ ਇਕ ਲੜਕੀ ਵੱਲੋਂ ਬਣਾਈ ਗਈ ਨਿੱਜੀ ਵੀਡੀਓ ਹੈ ਜੋ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਸਾਂਝੀ ਕੀਤੀ ਸੀ।
ਹੋਰ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਤੇ ਬੇਬੁਨਿਆਦ ਹਨ। ਵਿਦਿਆਰਥਣਾਂ ਦੀ ਬੇਨਤੀ 'ਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਖ਼ੁਦ ਪੰਜਾਬ ਪੁਲਿਸ ਵਿਭਾਗ ਨੂੰ ਅਗਲੇਰੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੇ ਇਕ ਲੜਕੀ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਆਈਟੀ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ। ਸਾਰੇ ਮੋਬਾਈਲ ਫੋਨ ਤੇ ਹੋਰ ਸਮੱਗਰੀ ਅਗਲੇਰੀ ਜਾਂਚ ਲਈ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਚੰਡੀਗੜ੍ਹ ਯੂਨੀਵਰਸਿਟੀ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਸਾਡੇ ਸਾਰੇ ਵਿਦਿਆਰਥੀਆਂ ਖਾਸ ਕਰ ਕੇ ਸਾਡੀਆਂ ਧੀਆਂ ਵਰਗੀਆਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਸਮਰੱਥ ਹੈ।
![naidunia_image]()