ਟ੍ਰਿਬਿਊਨਲ ਦੇ ਪ੍ਰਿਜ਼ਾਈਡਿੰਗ ਅਫਸਰ ਅਮਿਤ ਕੁਮਾਰ ਗ੍ਰੋਵਰ ਨੇ ਆਪਣੇ ਫੈਸਲੇ 'ਚ ਮੰਨਿਆ ਕਿ ਹਾਦਸਾ ਟਰੱਕ ਚਾਲਕ ਦੀ ਤੇਜ਼ ਰਫਤਾਰੀ ਤੇ ਲਾਪਰਵਾਹੀ ਕਾਰਨ ਹੋਇਆ ਸੀ। ਟ੍ਰਿਬਿਊਨਲ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ 18.24 ਲੱਖ ਤੇ ਅਵਤਾਰ ਸਿੰਘ ਦੇ ਪਰਿਵਾਰ ਨੂੰ 48.62 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ, ਚੰਡੀਗੜ੍ਹ ਨੇ ਸੱਤ ਸਾਲ ਪਹਿਲਾਂ ਹੋਏ ਇਕ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਦੋ ਨੌਜਵਾਨਾਂ ਦੇ ਪਰਿਵਾਰਾਂ ਨੂੰ ਕਰੀਬ 66 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ। ਸਾਲ 2019 'ਚ ਪਟਿਆਲਾ ਕੋਲ ਇਕ ਓਵਰਲੋਡ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਸੀ।
ਹਾਦਸੇ 'ਚ ਪਟਿਆਲਾ ਨਿਵਾਸੀ ਗੁਰਪ੍ਰੀਤ ਸਿੰਘ ਤੇ ਅਵਤਾਰ ਸਿੰਘ ਦੀ ਜਾਨ ਚਲੀ ਗਈ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਟਰੱਕ ਮਾਲਕ ਅਸ਼ੋਕ ਕੁਮਾਰ ਮੌਦਗਿਲ, ਚਾਲਕ ਅਮਰੀਕ ਸਿੰਘ ਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਖਿਲਾਫ਼ ਚੰਡੀਗੜ੍ਹ ਟ੍ਰਿਬਿਊਨਲ 'ਚ ਕੇਸ ਦਾਇਰ ਕੀਤਾ ਸੀ।
ਟ੍ਰਿਬਿਊਨਲ ਦੇ ਪ੍ਰਿਜ਼ਾਈਡਿੰਗ ਅਫਸਰ ਅਮਿਤ ਕੁਮਾਰ ਗ੍ਰੋਵਰ ਨੇ ਆਪਣੇ ਫੈਸਲੇ 'ਚ ਮੰਨਿਆ ਕਿ ਹਾਦਸਾ ਟਰੱਕ ਚਾਲਕ ਦੀ ਤੇਜ਼ ਰਫਤਾਰੀ ਤੇ ਲਾਪਰਵਾਹੀ ਕਾਰਨ ਹੋਇਆ ਸੀ। ਟ੍ਰਿਬਿਊਨਲ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ 18.24 ਲੱਖ ਤੇ ਅਵਤਾਰ ਸਿੰਘ ਦੇ ਪਰਿਵਾਰ ਨੂੰ 48.62 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ।
ਮਾਮਲਾ 29 ਸਤੰਬਰ, 2019 ਦੀ ਰਾਤ ਕਰੀਬ ਸਾਢੇ 10 ਵਜੇ ਦਾ ਹੈ। ਹਾਦਸਾ ਪਟਿਆਲਾ ਕੋਲ ਰੇਡਿਐਂਟ ਟੈਕਸਟਾਈਲ ਨੇੜੇ ਹੋਇਆ ਸੀ। ਕੋਰਟ 'ਚ ਦਾਇਰ ਪਟੀਸ਼ਨ ਅਨੁਸਾਰ ਗੁਰਪ੍ਰੀਤ ਸਿੰਘ ਆਪਣੀ ਵਰਨਾ ਕਾਰ 'ਚ ਅਵਤਾਰ ਸਿੰਘ ਤੇ ਸਰਬਜੀਤ ਸਿੰਘ ਦੇ ਨਾਲ ਜਾ ਰਹੇ ਸਨ।
ਉਨ੍ਹਾਂ ਦੀ ਕਾਰ ਦੇ ਅੱਗੇ ਟਰੱਕ ਚਲ ਰਿਹਾ ਸੀ। ਟਰੱਕ 'ਚ ਸਮਰੱਥਾ ਤੋਂ ਜ਼ਿਆਦਾ ਭੂਸਾ ਭਰਿਆ ਹੋਇਆ ਸੀ ਜੋ ਕਿ ਟਰੱਕ ਦੇ ਦੋਵਾਂ ਪਾਸਿਓਂ ਕਰੀਬ ਪੰਜ ਫੁੱਟ ਤਕ ਬਾਹਰ ਨਿਕਲਿਆ ਹੋਇਆ ਸੀ। ਦੋਸ਼ ਹੈ ਕਿ ਟਰੱਕ 'ਤੇ ਨਾ ਤਾਂ ਰਿਫਲੈਕਟਰ ਲੱਗੇ ਸਨ ਤੇ ਨਾ ਹੀ ਟੇਲ ਲਾਈਟ ਸਪੱਸ਼ਟ ਦਿਖਾਈ ਦੇ ਰਹੀ ਸੀ।
ਟਰੱਕ ਚਾਲਕ ਨੇ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ ਜਿਸ ਨਾਲ ਪਿੱਛੋਂ ਆ ਰਹੀ ਕਾਰ ਸਿੱਧੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਰੂਪ 'ਚ ਜ਼ਖ਼ਮੀ ਅਵਤਾਰ ਸਿੰਘ ਨੇ ਬਾਅਦ 'ਚ ਹਸਪਤਾਲ 'ਚ ਦਮ ਤੋੜ ਦਿੱਤਾ।
ਘਟਨਾ ਤੋਂ ਬਾਅਦ ਥਾਣਾ ਸਮਾਨਾ 'ਚ ਟਰੱਕ ਚਾਲਕ ਖਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਾ ਸੀ। ਸੁਣਵਾਈ ਦੌਰਾਨ ਪ੍ਰਤੱਖ ਦਰਸ਼ੀ ਬਲਜਿੰਦਰ ਸਿੰਘ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਟਰੱਕ ਓਵਰਲੋਡ ਸੀ ਤੇ ਚਾਲਕ ਬਿਨਾਂ ਕਿਸੇ ਸੰਕੇਤ ਦੇ ਤੇਜ਼ ਰਫ਼ਤਾਰ 'ਚ ਵਾਹਨ ਚਲਾ ਰਿਹਾ ਸੀ।
ਟ੍ਰਿਬਿਊਨਲ ਨੇ ਗਵਾਹੀ ਤੇ ਰਿਕਾਰਡ ਦੇ ਆਧਾਰ 'ਤੇ ਮੰਨਿਆ ਕਿ ਦੁਰਘਟਨਾ ਟਰੱਕ ਚਾਲਕ ਦੀ ਲਾਪਰਵਾਹੀ ਨਾਲ ਹੋਈ। ਅਦਾਲਤ ਨੇ ਇਹ ਸਪੱਸ਼ਟ ਕੀਤਾ ਕਿ ਚਾਲਕ ਕੋਲ ਵੈਲਿਡ ਡਰਾਈਵਿੰਗ ਲਾਇਸੈਂਸ ਸੀ ਇਸ ਲਈ ਬੀਮਾ ਕੰਪਨੀ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ।