ਆਪਣੇ ਸੰਬੋਧਨ ਦੇ ਸ਼ੁਰੂਆਤੀ ਹਿੱਸੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਜਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਉਹ ਕੇਵਲ ਤਕਨਾਲੋਜੀਕਲ ਪ੍ਰਗਤੀ ਨਹੀਂ, ਸਗੋਂ ਆਤਮਨਿਰਭਰਤਾ ਦੀ ਨਵੀਂ ਪਰਿਭਾਸ਼ਾ ਹੈ। “ਅਸੀਂ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਕਰਦਿਆਂ ਵਿਸ਼ਵ ਪੱਧਰ ਤੇ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਹਾਂ।

ਤਰੁਣ ਭਜਨੀ, ਚੰਡੀਗੜ੍ਹ : ਸੈਕਟਰ-5 ਦੇ ਦੁਸਹਿਰਾ ਗਰਾਉਂਡ ਵਿੱਚ ਆਯੋਜਿਤ 11ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਦੇ ਉਦਘਾਟਨ ਸਮਾਰੋਹ ਵਿੱਚ ਅੰਤਰਿਕਸ਼ ਐਕਸਿਓਮ-4 ਮਿਸ਼ਨ ਤੋਂ ਵਾਪਸ ਆਏ ਨੌਜਵਾਨ ਵਿਗਿਆਨੀ ਸ਼ੁਭਾਂਸ਼ੂ ਸ਼ੁਕਲਾ ਦਾ ਸੰਬੋਧਨ ਸਮਾਗਮ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ। ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਵਿਗਿਆਨ-ਰੁਚੀ ਵਾਲੇ ਲੋਕਾਂ ਨਾਲ ਭਰੇ ਪੰਡਾਲ ਵਿੱਚ ਉਹਨਾਂ ਨੇ ਪੁਲਾੜ ਅਨੁਭਵਾਂ ਤੋਂ ਲੈ ਕੇ ਭਾਰਤ ਦੀ ਭਵਿੱਖੀ ਵਿਗਿਆਨਕ ਯਾਤਰਾ ਤੱਕ ਕਈ ਪ੍ਰੇਰਕ ਵਿਚਾਰ ਪੇਸ਼ ਕੀਤੇ।
ਇੱਕ ਬੱਚੇ ਨੇ ਦਿਲਚਸਪੀ ਨਾਲ ਪੁੱਛਿਆ ਕਿ ਉਹ ਪੁਲਾੜ ਵਿਚ ਕੀ ਲੈ ਕੇ ਗਏ ਸਨ। ਸ਼ੁਕਲਾ ਨੇ ਹੱਸਦਿਆਂ ਦੱਸਿਆ ਕਿ ਉਹ ਮੇਥੀ ਦੇ ਬੀਜ ਲੈ ਕੇ ਗਏ ਸਨ, ਜਿਨ੍ਹਾਂ ਨੂੰ ਅੰਤਰਿਕਸ਼ ਵਿੱਚ ਅੰਕੁਰਿਤ ਕੀਤਾ ਗਿਆ। ਮਾਈਕ੍ਰੋਗ੍ਰੈਵੀਟੀ ਵਿੱਚ ਮੇਥੀ ਸਫਲਤਾਪੂਰਵਕ ਉੱਗੀ। ਇਸ ਨਾਲ ਇਹ ਸਾਬਤ ਹੋਇਆ ਕਿ ਪੁਲਾੜ ਵਿੱਚ ਜੀਵਨ ਦੀ ਸਮਝ ਅਤੇ ਵਿਕਾਸ ਦੇ ਮੌਕੇ ਕਿੰਨੇ ਵਿਲੱਖਣ ਅਤੇ ਦਿਲਚਸਪ ਹੁੰਦੇ ਹਨ।
ਆਪਣੇ ਸੰਬੋਧਨ ਦੇ ਸ਼ੁਰੂਆਤੀ ਹਿੱਸੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਜਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਉਹ ਕੇਵਲ ਤਕਨਾਲੋਜੀਕਲ ਪ੍ਰਗਤੀ ਨਹੀਂ, ਸਗੋਂ ਆਤਮਨਿਰਭਰਤਾ ਦੀ ਨਵੀਂ ਪਰਿਭਾਸ਼ਾ ਹੈ। “ਅਸੀਂ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਕਰਦਿਆਂ ਵਿਸ਼ਵ ਪੱਧਰ ਤੇ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਇਸ ਯਕੀਨ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
2047 ਤੱਕ ਸੈਂਕੜੇ ਭਾਰਤੀ ਪੁਲਾੜ ਵਿੱਚ ਪਹੁੰਚਣਗੇ
ਇੱਕ ਵਿਦਿਆਰਥੀ ਨੇ ਸਵਾਲ ਕੀਤਾ ਕਿ ਭਵਿੱਖ ਵਿੱਚ ਭਾਰਤੀ ਪੁਲਾੜ ਯਾਤਰਾ ਕਿੱਥੇ ਖੜ੍ਹੀ ਹੋਵੇਗੀ?’ ਦੇ ਜਵਾਬ ਵਿੱਚ ਸ਼ੁਕਲਾ ਨੇ ਮਹੱਤਵਪੂਰਣ ਬਿਆਨ ਦਿੰਦੇ ਹੋਏ ਕਿਹਾ ਕਿ ਰਾਕੇਸ਼ ਸ਼ਰਮਾ ਤੋਂ ਉਹਨਾਂ ਤੱਕ ਦੀ ਯਾਤਰਾ ਲੰਮੀ ਰਹੀ ਹੈ, ਪਰ ਹੁਣ ਦੌਰ ਬਦਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਦੋ ਹੀ ਨਾਮ ਯਾਦ ਰਹਿੰਦੇ ਸਨ—ਰਾਕੇਸ਼ ਸ਼ਰਮਾ ਅਤੇ ਸ਼ਾਇਦ ਮੇਰਾ। ਪਰ 2047 ਤੱਕ ਹਾਲਾਤ ਇਹ ਹੋ ਜਾਣਗੇ ਕਿ ਇੰਨੇ ਭਾਰਤੀ ਪੁਲਾੜ ਵਿੱਚ ਜਾਣਗੇ ਕਿ ਉਨ੍ਹਾਂ ਦੇ ਨਾਮ ਯਾਦ ਰੱਖਣਾ ਵੀ ਮੁਸ਼ਕਲ ਹੋ ਜਾਵੇਗਾ। ਇਹ ਬਦਲਾਅ ਗਗਨਯਾਨ ਮਿਸ਼ਨ ਦੇ ਤੇਜ਼ੀ ਨਾਲ ਅੱਗੇ ਵੱਧਣ ਕਾਰਨ ਸੰਭਵ ਹੋਵੇਗਾ।
ਡਰ ਅਤੇ ਹਿੰਮਤ ਬਾਰੇ ਪ੍ਰੇਰਕ ਸੰਦੇਸ਼
ਡਰ ਬਾਰੇ ਇੱਕ ਮਹਿਲਾ ਭਾਗੀਦਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਡਰ ਹਰ ਕਿਸੇ ਨੂੰ ਲੱਗਦਾ ਹੈ। ਹਰ ਨਵੀਂ ਚੀਜ਼ ਡਰ ਪੈਦਾ ਕਰਦੀ ਹੈ। ਪਰ ਅਸਲ ਕਲਾ ਇਹ ਹੈ ਕਿ ਤੁਸੀਂ ਡਰ ਦੇ ਬਾਵਜੂਦ ਅੱਗੇ ਵੱਧੋ। ਉਹਨਾਂ ਨੇ ਦੱਸਿਆ ਕਿ ਰਾਕੇਟ ਵਿੱਚ ਬੈਠਣ ਵੇਲੇ ਉਹ ਨਹੀਂ ਡਰੇ ਕਿਉਂਕਿ ਉਹ ਹਰ ਪ੍ਰਕਿਰਿਆ ਤੋਂ ਪੂਰੀ ਤਰ੍ਹਾਂ ਜਾਣੂ ਸਨ, ਪਰ ਜੀਵਨ ਦੇ ਹੋਰ ਫ਼ੈਸਲਿਆਂ ਵਿੱਚ ਵੀ ਏਹੀ ਹਿੰਮਤ ਕੰਮ ਆਉਂਦੀ ਹੈ।