ਇੱਥੇ ਦੱਸਿਆ ਜਾਂਦਾ ਹੈ ਕਿ ਰਾਘਵ ਚੱਢਾ ਆਪ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਹੇ ਹਨ। ਇਸੇ ਤਰ੍ਹਾਂ ਸੰਦੀਪ ਪਾਠਕ ਸੰਗਠਨ ਦੇ ਜਨਰਲ ਸਕੱਤਰ ਰਹੇ ਹਨ। ਇਹਨਾਂ ਦੋਵਾਂ ਆਗੂਆਂ ਦਾ ਪੰਜਾਬ ਦੇ ਆਗੂਆਂ, ਵਿਧਾਇਕਾਂ, ਮੰਤਰੀਆਂ, ਜ਼ਿਲ੍ਹਾ ਪ੍ਰਧਾਨਾਂ ਤੇ ਹੋਰਨਾਂ ਨਾਲ ਰਾਬਤਾ ਬਣਿਆ ਰਿਹਾ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ’ਤੇ ਕੇਸ ਦਰਜ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਝੂਠਾ ਕੇਸ ਦਰਜ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਚੱਢਾ ਨੇ ਕੇਸ ਦਰਜ ਕਰਨ ਨੂੰ ਬਦਲਾ ਲਊ ਕਾਰਵਾਈ ਦੱਸਿਆ ਹੈ। ਸਿਆਸੀ ਹਲਕਿਆਂ ਵਿਚ ਸੰਦੀਪ ਪਾਠਕ ’ਤੇ ਕੇਸ ਦਰਜ ਕੀਤੇ ਜਾਣ ਨੂੰ ਉਨ੍ਹਾਂ ਦੀ ਪੰਜਾਬ ’ਚ ਐਂਟਰੀ ’ਤੇ ਰੋਕ ਲਗਾਉਣ ਵਜੋਂ ਦੇਖਿਆ ਜਾ ਰਿਹਾ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਰਾਘਵ ਚੱਢਾ ਆਪ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਹੇ ਹਨ। ਇਸੇ ਤਰ੍ਹਾਂ ਸੰਦੀਪ ਪਾਠਕ ਸੰਗਠਨ ਦੇ ਜਨਰਲ ਸਕੱਤਰ ਰਹੇ ਹਨ। ਇਹਨਾਂ ਦੋਵਾਂ ਆਗੂਆਂ ਦਾ ਪੰਜਾਬ ਦੇ ਆਗੂਆਂ, ਵਿਧਾਇਕਾਂ, ਮੰਤਰੀਆਂ, ਜ਼ਿਲ੍ਹਾ ਪ੍ਰਧਾਨਾਂ ਤੇ ਹੋਰਨਾਂ ਨਾਲ ਰਾਬਤਾ ਬਣਿਆ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਨੂੰ ਇਹਨਾਂ ਦੋਵਾਂ ਆਗੂਆਂ ਤੋਂ ਡਰ ਹੈ ਕਿ ਇਹ ਆਪ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਾ ਸਕਦਾ ਹਨ। ਪਾਰਟੀ ਦੇ ਪੁਰਾਣੇ ਜਾਂ ਨਰਾਜ਼ ਆਗੂਆਂ ਨੂੰ ਤੋੜਕੇ ਭਾਜਪਾ ਵਿਚ ਸ਼ਾਮਲ ਕਰਵਾਉਣ ਲਈ ਮਦਦਗਾਰ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਸੰਦੀਪ ਪਾਠਕ ਦੀ ਪੰਜਾਬ ਐਂਟਰੀ ਰੋਕਣ ਲਈ ਪੁਲਿਸ ਕੇਸ ਦਰਜ ਕੀਤੇ ਜਾਣ ਦੀਆਂ ਮੀਡੀਆ ਵਿਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਪੁਲਿਸ ਦੀ ਗਿਰਫਤਾਰੀ ਤੋਂ ਬਚਣ ਲਈ ਇਹ ਆਗੂ ਪੰਜਾਬ ਵੱਲ ਮੂੰਹ ਨਹੀਂ ਕਰਨਗੇ ਜਾਂ ਫਿਰ ਇਹਨਾਂ ਨੂੰ ਅਦਾਲਤ ਤੋਂ ਜ਼ਮਾਨਤ ਲੈਣੀ ਪਵੇਗੀ।
ਸੱਤਾ ਦੇ ਗਲਿਆਰਿਆ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਰਾਘਵ ਚੱਢਾ ’ਤੇ ਵੀ ਕੇਸ ਦਰਜ ਕੀਤਾ ਜਾ ਸਕਦਾ ਹੈ। ਚੱਢਾ ਨੇ ਮੰਗਲਵਾਰ ਨੂੰ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਸ ਦਰਜ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਜੇਕਰ ਰਾਘਵ ਚੱਢਾ ’ਤੇ ਪੁਲਿਸ ਕੇਸ ਦਰਜ ਕਰ ਲੈਂਦੀ ਹੈ ਤਾਂ ਇਹ ਵੱਡੀ ਗੱਲ ਹੋਵੇਗੀ ਕਿਉਂਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਤੱਕ ਉਹਨਾਂ ਦੀ ਆਪ ਅਤੇ ਸਰਕਾਰ ਵਿਚ ਪੂਰੀ ਤੂਤੀ ਬੋਲਦੀ ਰਹੀ ਹੈ। ਰਾਘਵ ਚੱਢਾ ਨੂੰ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜੇ ਸਮਝਿਆ ਜਾਂਦਾ ਸੀ।
ਸਭ ਤੋਂ ਅਹਿਮ ਗੱਲ ਹੈ ਕਿ ਸੰਦੀਪ ਪਾਠਕ ’ਤੇ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਪਰ ਅਜੇ ਤੱਕ ਇਹ ਭੇਤ ਬਣਿਆ ਹੋਇਆ ਹੈ ਕਿ ਇਹ ਮੁਕੱਦਮਾ ਕਿਸ ਪੁਲਿਸ ਸਟੇਸ਼ਨ ਵਿਚ ਕਿਹੜੀ ਕਿਹੜੀ ਧਾਰਾ ਤਹਿਤ ਦਰਜ ਹੋਇਆ ਹੈ। ਹਾਲਾਂਕਿ ਅਦਾਲਤ ਦੇ ਹੁਕਮ ਅਨੁਸਾਰ ਮੁਕਦਮਾ ਦਰਜ ਕੀਤੇ ਜਾਣ ਬਾਅਦ ਐੱਫਆਈਆਰ ਨੂੰ ਪੁਲਿਸ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਜਾਣਾ ਬਣਦਾ ਹੈ, ਪਰ ਅਜੇ ਤੱਕ ਐੱਫਆਈਆਰ ਜਨਤਕ ਨਹੀਂ ਹੋ ਸਕੀ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸੰਦੀਪ ਪਾਠਕ ਕੇਸ ਦਰਜ ਕੀਤੇ ਜਾਣ ਬਾਅਦ ਅਗਲੀ ਕੀ ਰਣਨੀਤੀ ਅਖਤਿਆਰ ਕਰਨਗੇ। ਫਿਲਹਾਲ ਉਨ੍ਹਾਂ ਦੇ ਪੰਜਾਬ ਆਉਣ ’ਤੇ ਇਕ ਤਰ੍ਹਾਂ ਨਾਲ ਰੋਕ ਲੱਗ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।