ਮਹਿਲਾ ਅਧਿਕਾਰੀ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਹੇਠ ਨਿੱਜੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ
ਮਹਿਲਾ ਅਧਿਕਾਰੀ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਹੇਠ ਨਿੱਜੀ ਯੂਨੀਵਰਸਿਟੀ ਦੇ ਕਰਮਚਾਰੀ ਖ਼ਿਲਾਫ਼ ਮਾਮਲਾ ਦਰਜ
Publish Date: Tue, 03 Feb 2026 07:44 PM (IST)
Updated Date: Tue, 03 Feb 2026 07:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵਿਚ ਇਕ ਮਹਿਲਾ ਅਧਿਕਾਰੀ ਦਾ ਅਕਸ ਖ਼ਰਾਬ ਕਰਨ ਅਤੇ ਉਸ ਬਾਰੇ ਝੂਠੀ ਜਾਣਕਾਰੀ ਫ਼ੈਲਾਉਣ ਦੇ ਗੰਭੀਰ ਮਾਮਲੇ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਇਕ ਨਿੱਜੀ ਯੂਨੀਵਰਸਿਟੀ ਨਾਲ ਜੁੜਿਆ ਹੈ, ਜਿੱਥੇ ਇਕ ਮਹਿਲਾ ਐੱਚਆਰ ਅਧਿਕਾਰੀ ਦੇ ਖ਼ਿਲਾਫ਼ ਇਤਰਾਜ਼ਯੋਗ ਈ-ਮੇਲ ਭੇਜ ਕੇ ਉਸਦੀ ਮਾਣ-ਹਾਨੀ ਕੀਤੀ ਗਈ ਅਤੇ ਪ੍ਰਬੰਧਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤਕਰਤਾ ਮਹਿਲਾ ਜੋ ਕਿ ਸਾਲ 2023 ਤੋਂ ਯੂਨੀਵਰਸਿਟੀ ਦੇ ਡੀਐੱਸਡਬਲਯੂ ਵਿਭਾਗ ਵਿਚ ਐੱਚਆਰ ਐਗਜ਼ੀਕਿਊਟਿਵ ਵਜੋਂ ਕੰਮ ਕਰ ਰਹੀ ਹੈ, ਨੇ ਦੱਸਿਆ ਕਿ 24 ਮਾਰਚ 2025 ਨੂੰ ਇਕ ਅਣਪਛਾਤੀ ਈ-ਮੇਲ ਆਈਡੀ ਤੋਂ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਇਕ ਮੇਲ ਭੇਜੀ ਗਈ ਸੀ। ਇਸ ਮੇਲ ਵਿਚ ਮਹਿਲਾ ਅਧਿਕਾਰੀ ਦੇ ਨਾਮ ਦੀ ਵਰਤੋਂ ਕਰਦਿਆਂ ਜਿਨਸੀ ਸ਼ੋਸ਼ਣ ਦੇ ਝੂਠੇ ਦੋਸ਼ ਲਗਾਏ ਗਏ ਸਨ। ਮਹਿਲਾ ਨੂੰ ਇਕ ਪੀੜਤ ਵਜੋਂ ਪੇਸ਼ ਕਰਕੇ ਉਸ ਨੂੰ ਸ਼ਰਮਸਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਈ-ਮੇਲ ਯੂਨੀਵਰਸਿਟੀ ਸਟਾਫ਼ ਵਿਚ ਫੈਲ ਗਈ, ਜਿਸ ਨਾਲ ਉਸਦੇ ਪੇਸ਼ੇਵਰ ਅਤੇ ਸਮਾਜਿਕ ਅਕਸ ਨੂੰ ਭਾਰੀ ਨੁਕਸਾਨ ਪਹੁੰਚਿਆ। ਕਿਵੇਂ ਹੋਈ ਮੁਲਜ਼ਮ ਦੀ ਪਛਾਣ? ਮਹਿਲਾ ਸੈੱਲ ਅਤੇ ਸਾਈਬਰ ਟੀਮ ਵੱਲੋਂ ਲਗਭਗ 10 ਮਹੀਨਿਆਂ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਮੁਲਜ਼ਮ ਦੀ ਪਛਾਣ ਹੋਈ। ਤਕਨੀਕੀ ਜਾਂਚ: ਗੂਗਲ ਸਰਚ ਅਤੇ ਡਿਜੀਟਲ ਰਿਕਾਰਡ ਖੰਗਾਲਣ ਤੇ ਪਤਾ ਲੱਗਾ ਕਿ ਉਕਤ ਈ-ਮੇਲ ਆਈਡੀ ਇਕ ਐਕਸਲ ਸ਼ੀਟ ਨਾਲ ਜੁੜੀ ਸੀ, ਜਿਸ ਵਿਚ ਬੀਮਾ ਪਾਲਿਸੀ ਧਾਰਕਾਂ ਦਾ ਡਾਟਾ ਸੀ। ਮੁਲਜ਼ਮ ਦਾ ਨਾਮ: ਜਾਂਚ ਵਿਚ ਇਹ ਈ-ਮੇਲ ਆਈਡੀ ਦਾਨਿਸ਼ ਜੈਨ ਨਾਮਕ ਵਿਅਕਤੀ ਨਾਲ ਜੁੜੀ ਪਾਈ ਗਈ। ਮੋਬਾਈਲ ਲਿੰਕ: ਤਕਨੀਕੀ ਸਬੂਤਾਂ ਨੇ ਸਾਬਤ ਕੀਤਾ ਕਿ ਇਹ ਈ-ਮੇਲ ਮੁਲਜ਼ਮ ਦੇ ਮੋਬਾਈਲ ਨੰਬਰ ਨਾਲ ਰਜਿਸਟਰਡ ਸੀ। ਪੁਲਿਸ ਅਨੁਸਾਰ, ਮੁਲਜ਼ਮ ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਜਾਂਚ ਵਿਚ ਸ਼ਾਮਲ ਨਹੀਂ ਹੋਇਆ। ਪੁਲਿਸ ਨੇ ਤਕਨੀਕੀ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) 2023: ਧਾਰਾ 240, 79, 212, 356(1) ਆਈਟੀ ਐਕਟ 2008: ਧਾਰਾ 67 ਤਹਿਤ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਾਅਦ ਸਾਈਬਰ ਕਰਾਈਮ ਥਾਣਾ ਮੁਹਾਲੀ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਸੁਨੀਲ ਕੁਮਾਰ ਨੂੰ ਸੌਪੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਜੀਟਲ ਸਬੂਤਾਂ ਦੇ ਆਧਾਰ ਤੇ ਜਲਦੀ ਹੀ ਮੁਲਜ਼ਮ ਤੋਂ ਪੁੱਛਗਿੱਛ ਲਈ ਸਖ਼ਤ ਕਦਮ ਚੁੱਕੇ ਜਾਣਗੇ।