ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਵਾਲੇ ਪੰਜ ਨਾਮਜ਼ਦ
ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੰਜ ਜਣਿਆਂ ਖ਼ਿਲਾਫ਼ ਮਾਮਲਾ ਦਰਜ
Publish Date: Mon, 09 Feb 2026 09:07 PM (IST)
Updated Date: Mon, 09 Feb 2026 09:11 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਮੁਬਾਰਕਪੁਰ ਰੋਡ ’ਤੇ ਸਥਿਤ ਵੀਆਈਪੀ ਇਨਕਲੇਵ ਵਿਖੇ ਸਾਬਕਾ ਫ਼ੌਜੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਰਹੇ ਏਐੱਸਆਈ ਲਖਵਿੰਦਰ ਸਿੰਘ ਅਨੁਸਾਰ ਜਨਾਰਦਨ ਪੁੱਤਰ ਸਤਿਆ ਦੇਵ ਗੁਪਤਾ ਵਾਸੀ ਵੀਆਈਪੀ ਇਨਕਲੇਵ ਮੁਬਾਰਕਪੁਰ-ਡੇਰਾਬੱਸੀ ਨੇ ਦੱਸਿਆ ਕਿ ਉਹ ਫ਼ੌਜ ਵਿਚੋਂ ਸੇਵਾਮੁਕਤ ਹੈ। ਬੀਤੀ 03 ਫਰਵਰੀ ਨੂੰ ਉਨ੍ਹਾਂ ਦੀ ਕਾਲੋਨੀ ਵਿਚ ਰਹਿਣ ਵਾਲੇ ਸੁਨੀਲ ਨੇ ਉਸ ਨਾਲ ਮੋਬਾਈਲ ’ਤੇ ਗਾਲੀ-ਗਲੋਚ ਕੀਤੀ ਸੀ। ਜਿਸ ਖ਼ਿਲਾਫ਼ ਉਸ ਨੇ ਚੌਕੀ ਮੁਬਾਰਕਪੁਰ ਵਿਖੇ ਸ਼ਿਕਾਇਤ ਦਿੱਤੀ ਸੀ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸਨੇ ਗੇਟ ’ਤੇ ਆ ਕੇ ਉਸ ’ਤੇ ਅਟੈਕ ਕੀਤਾ ਤਾਂ ਉਹ ਆਪਣੇ ਆਪ ਨੂੰ ਬਚਾ ਕੇ ਘਰ ਨੂੰ ਚਲਾ ਗਿਆ। ਬੀਤੀ 5 ਫਰਵਰੀ ਨੂੰ ਸਵੇਰੇ 07:30 ਵਜੇ ਉਹ ਆਪਣੇ ਘਰ ਅੱਗੇ ਇਕ ਹੋਰ ਵਿਅਕਤੀ ਨਾਲ ਸੈਰ ਕਰ ਰਿਹਾ ਸੀ ਤਾਂ ਸੁਨੀਲ ਕੁਮਾਰ ਦੀ ਉਸ ਨਾਲ ਹੱਥੋਂਪਾਈ ਹੋ ਗਈ। ਫਿਰ ਉਹ ਉਸ ਤੋਂ ਛੁੱਟ ਕੇ ਆਪਣੇ ਘਰ ਨੂੰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਸੁਨੀਲ, ਵਿਨੋਦ ਗੁਪਤਾ ਅਤੇ ਉਸ ਦੇ ਨਾਲ ਦੋ ਲੜਕੇ ਅਤੇ ਭਿਵਾਨੀ ਪ੍ਰਸਾਦ ਦਾ ਲੜਕਾ ਉਸ ਦੇ ਘਰ ਅੱਗੇ ਆ ਗਏ ਅਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉਸ ਦੀ ਘਰਵਾਲੀ ਅਤੇ ਉਸ ਦਾ ਲੜਕਾ ਅਤੁਲ ਗੁਪਤਾ ਉਸ ਨੂੰ ਬਚਾਉਣ ਲਈ ਆਏ ਤਾਂ ਇਨ੍ਹਾਂ ਨੇ ਉਸ ਦੀ ਘਰਵਾਲੀ ਅਤੇ ਲੜਕੇ ਨਾਲ ਵੀ ਕੁੱਟਮਾਰ ਕੀਤੀ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਕਾਲੋਨੀ ਦੇ ਹੋਰ ਲੋਕ ਆ ਗਏ ਅਤੇ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਗਏ। ਬਾਅਦ ਵਿਚ ਉਸ ਦੀ ਘਰਵਾਲੀ ਅਤੇ ਉਸ ਦੇ ਲੜਕੇ ਨੇ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ। ਜਿੱਥੇ ਉਹ ਜ਼ੇਰੇ ਇਲਾਜ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਸਾਬਕਾ ਫ਼ੌਜੀ ਜਨਾਰਦਨ ਦੇ ਬਿਆਨ ’ਤੇ ਸੁਨੀਲ, ਵਿਨੋਦ ਗੁਪਤਾ, ਸਮਿਤ ਪਾਂਡੇ ਪੁੱਤਰ ਭਿਵਾਨੀ ਵਾਸੀਆਨ ਵੀਆਈਪੀ ਇਨਕਲੇਵ ਮੁਬਾਰਕਪੁਰ-ਡੇਰਾਬੱਸੀ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਫ਼ਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।