ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਸਚਿਨ ਥਾਪਨ, ਰਿੰਕੂ ਰੰਧਾਵਾ, ਅਰਸ਼ ਡੱਲਾ, ਬਾਬਾ ਡੱਲਾ, ਰਮਨ ਜੱਜ, ਲਖਬੀਰ ਸਿੰਘ ਵਰਗੇ ਕਈ ਅਪਰਾਧੀ ਹਨ ਜੋ ਗਲਤ ਤਰੀਕੇ ਨਾਲ ਵਿਦੇਸ਼ ਚਲੇ ਗਏ ਸਨ। ਪਿੱਛੇ ਜਿਹੇ ਮਾਰਿਆ ਗਿਆ ਸੁੱਖਾ ਦੁੱਨੇਕੇ ਵੀ ਧੋਖੇ ਨਾਲ ਕੈਨੇਡਾ ਗਿਆ ਸੀ। ਦੁੱਨੇਕੇ ਦਾ ਜਾਅਲੀ ਪਾਸਪੋਰਟ ਬਣਾਉਣ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਚੰਡੀਗੜ੍ਹ, ਸਟੇਟ ਬਿਊਰੋ : ਪੰਜਾਬ ਤੋਂ ਕਈ ਲੋੜੀਂਦੇ ਅੱਤਵਾਦੀ, ਗੈਂਗਸਟਰ, ਸਮੱਗਲਰ ਅਤੇ ਕੱਟੜਪੰਥੀ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਟੂਰਿਸਟ ਤੇ ਸਟੂਡੈਂਟ ਵੀਜ਼ਾ ਅਪਲਾਈ ਕਰ ਕੇ ਵਿਦੇਸ਼ ਪਹੁੰਚ ਗਏ ਹਨ। ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਪੁਲਿਸ ਤੋਂ ਜਾਅਲੀ ਪਾਸਪੋਰਟ ਤਿਆਰ ਕਰ ਕੇ ਵਿਦੇਸ਼ ਜਾਣ ਵਾਲੇ ਅੱਤਵਾਦੀਆਂ ਤੇ ਗੈਂਗਸਟਰਾਂ ਬਾਰੇ ਜਾਣਕਾਰੀ ਮੰਗੀ ਹੈ। ਜਾਅਲੀ ਪਾਸਪੋਰਟਾਂ 'ਤੇ ਵਿਦੇਸ਼ ਪਹੁੰਚੇ ਗੈਂਗਸਟਰਾਂ ਨੇ ਇਹ ਦਾਅਵਾ ਕਰਦੇ ਹੋਏ ਵਿਦੇਸ਼ਾਂ 'ਚ ਸ਼ਰਨ ਲਈ ਕਿ ਭਾਰਤ 'ਚ ਉਨ੍ਹਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਉਹ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋ ਗਏ ਅਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਐਨਆਈਏ ਕੁਝ ਗੈਂਗਸਟਰਾਂ ਦੀ ਹਵਾਲਗੀ ਦੀ ਕਰ ਰਹੀ ਕੋਸ਼ਿਸ਼
ਐਨਆਈਏ ਪੰਜਾਬ ਪੁਲਿਸ ਨਾਲ ਮਿਲ ਕੇ ਅਜਿਹੇ ਲੋਕਾਂ ਖਿਲਾਫ ਸਾਂਝਾ ਆਪ੍ਰੇਸ਼ਨ ਚਲਾਉਣ ਦੀ ਰਣਨੀਤੀ ਬਣਾ ਰਹੀ ਹੈ। ਫਰਜ਼ੀ ਦਸਤਾਵੇਜ਼ਾਂ 'ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਗੈਂਗਸਟਰ ਕੈਨੇਡਾ, ਬ੍ਰਿਟੇਨ ਤੇ ਅਮਰੀਕਾ 'ਚ ਹਨ। ਕੇਂਦਰੀ ਏਜੰਸੀਆਂ ਵੱਲੋਂ ਕੈਨੇਡਾ ਦੇ ਕੁਝ ਗੈਂਗਸਟਰਾਂ ਦੀ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਸਨ ਪਰ, ਕੈਨੇਡਾ ਅਤੇ ਭਾਰਤ ਦਰਮਿਆਨ ਚੱਲ ਰਹੇ ਤਣਾਅ ਕਾਰਨ ਇਨ੍ਹਾਂ ਯਤਨਾਂ ਵਿੱਚ ਰੁਕਾਵਟ ਆ ਰਹੀ ਹੈ।
ਚੇਤੇ ਰਹੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਸਚਿਨ ਥਾਪਨ, ਰਿੰਕੂ ਰੰਧਾਵਾ, ਅਰਸ਼ ਡੱਲਾ, ਬਾਬਾ ਡੱਲਾ, ਰਮਨ ਜੱਜ, ਲਖਬੀਰ ਸਿੰਘ ਵਰਗੇ ਕਈ ਅਪਰਾਧੀ ਹਨ ਜੋ ਗਲਤ ਤਰੀਕੇ ਨਾਲ ਵਿਦੇਸ਼ ਚਲੇ ਗਏ ਸਨ। ਪਿੱਛੇ ਜਿਹੇ ਮਾਰਿਆ ਗਿਆ ਸੁੱਖਾ ਦੁੱਨੇਕੇ ਵੀ ਧੋਖੇ ਨਾਲ ਕੈਨੇਡਾ ਗਿਆ ਸੀ। ਦੁੱਨੇਕੇ ਦਾ ਜਾਅਲੀ ਪਾਸਪੋਰਟ ਬਣਾਉਣ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜੇ ਗੈਂਗਸਟਰ
ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਵਿਜ਼ਟਰ ਵੀਜ਼ੇ 'ਤੇ ਵਿਦੇਸ਼ ਗਿਆ ਸੀ। ਉਸ ਖ਼ਿਲਾਫ਼ 21 ਕੇਸ ਦਰਜ ਹਨ। ਇਸ ਕਤਲ ਦੀ ਸਾਜ਼ਿਸ਼ ਰਚਣ ਵਾਲੇ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਭਾਨੂ ਪ੍ਰਤਾਪ ਦੇ ਨਾਂ 'ਤੇ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਚਲਾ ਗਿਆ ਸੀ। ਰਿੰਕੂ ਰੰਧਾਵਾ ਵੀ ਧੋਖੇ ਨਾਲ ਪਾਸਪੋਰਟ ਤਿਆਰ ਕਰਵਾ ਕੇ ਵਿਦੇਸ਼ ਭੱਜ ਗਿਆ ਸੀ। ਅਰਸ਼ਦੀਪ ਸਿੰਘ ਉਰਫ ਡੱਲਾ ਜਾਅਲੀ ਦਸਤਾਵੇਜ਼ਾਂ 'ਤੇ ਕੈਨੇਡਾ ਚਲਾ ਗਿਆ ਅਤੇ ਉਥੇ ਪੀਆਰ ਲੈ ਲਈ।
ਪੰਜਾਬ ਪੁਲਿਸ ਦੇਵੇਗੀ ਅਪਰਾਧੀਆਂ ਦੀ ਲਿਸਟ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਨਆਈਏ ਵੱਲੋਂ ਮੰਗੀ ਗਈ ਜਾਣਕਾਰੀ ਦਿੱਤੀ ਜਾਵੇਗੀ। NIA ਵੱਲੋਂ ਗੈਂਗਸਟਰਾਂ ਦੇ ਵੇਰਵੇ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕੀਤੀ ਜਾ ਸਕੇ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।