ਸਿਆਸੀ ਮਾਹਿਰਾਂ ਵਲੋੰ ਢਿਲੋਂ ਨੂੰ ਪ੍ਰਧਾਨ ਨਿਯੁਕਤ ਕਰਨਾ ਸਿਰਫ਼ ਜਥੇਬੰਦਕ ਫੇਰਬਦਲ ਨਹੀਂ ਬਲਕਿ ਇਹ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਪੈਂਤੜੇ ਵਜੋਂ ਦੇਖਿਆ ਜਾ ਰਿਹਾ ਹੈ। ਭਾਜਪਾ ਨੂੰ ਸ਼ਹਿਰੀਆਂ ਤੇ ਹਿੰਦੂ ਵਰਗ ਦੀ ਪਾਰਟੀ ਦੱਸਿਆ ਜਾਂਦਾ ਰਿਹਾ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਅੱਜ ਚਾਰ ਸੂਬਿਆਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਹਨ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਜੱਟ ਸਿੱਖ ਕੇਵਲ ਸਿੰਘ ਢਿਲੋਂ ਨੂੰ ਪੰਜਾਬ ਭਾਜਪਾ ਦੀ ਕਪਤਾਨੀ ਸੌਂਪ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦਾ ਯਤਨ ਕੀਤਾ ਹੈ। ਹਾਲਾਂਕਿ ਪਾਰਟੀ ਦੇ ਪੁਰਾਣੇ ਕੇਡਰ ਨੂੰ ਨਾਲ ਲੈ ਕੇ ਚੱਲਣਾ ਢਿਲੋਂ ਲਈ ਇਕ ਚੁਣੌਤੀ ਵੀ ਹੋਵੇਗਾ ਕਿਉਂਕਿ ਸੁਨੀਲ ਜਾਖੜ ਨੂੰ ਪ੍ਰਧਾਨ ਲਗਾਏ ਜਾਣ ਦਾ ਪਾਰਟੀ ਦੇ ਪੁਰਾਣੇ ਆਗੂਆਂ ਅਤੇ ਕੇਡਰ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਹੀ ਵਜ੍ਹਾ ਸੀ ਕਿ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਨ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ, ਇਹ ਗੱਲ ਵੱਖਰੀ ਹੈ ਕਿ ਹਾਈਕਮਾਨ ਨੇ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ, ਪਰ ਅਸ਼ਵਨੀ ਸ਼ਰਮਾ ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਤਾਂ ਜੋ ਟਕਸਾਲੀ ਭਾਜਪਾਈਆਂ ਦੇ ਵਿਰੋਧ ਨੂੰ ਸ਼ਾਂਤ ਕੀਤਾ ਜਾ ਸਕੇ।
ਸਿਆਸੀ ਮਾਹਿਰਾਂ ਵਲੋੰ ਢਿਲੋਂ ਨੂੰ ਪ੍ਰਧਾਨ ਨਿਯੁਕਤ ਕਰਨਾ ਸਿਰਫ਼ ਜਥੇਬੰਦਕ ਫੇਰਬਦਲ ਨਹੀਂ ਬਲਕਿ ਇਹ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਪੈਂਤੜੇ ਵਜੋਂ ਦੇਖਿਆ ਜਾ ਰਿਹਾ ਹੈ। ਭਾਜਪਾ ਨੂੰ ਸ਼ਹਿਰੀਆਂ ਤੇ ਹਿੰਦੂ ਵਰਗ ਦੀ ਪਾਰਟੀ ਦੱਸਿਆ ਜਾਂਦਾ ਰਿਹਾ ਹੈ। ਪਾਰਟੀ ਨੇ ਸੂਬੇ ਦੇ ਵੱਡੇ ਵੋਟ ਬੈਂਕ ਜੱਟ ਸਿੱਖ ਵੋਟ ਬੈਂਕ ਨੂੰ ਕੈਸ਼ ਕਰਨ, ਮਾਲਵਾ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਅਤੇ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੂੰ ਦੇਖਦੇ ਹੋਏ ਢਿਲੋ ’ਤੇ ਦਾਅ ਖੇਡਿਆ ਹੈ।
ਢਿਲੋਂ ਜਿੱਥੇ ਵੱਡਾ ਸਨਅਤਕਾਰ ਹੈ, ਉਥੇ ਸਾਊ, ਸਰੀਫ਼ ਸਿਆਸਤਦਾਨ ਮੰਨਿਆ ਜਾਂਦਾ ਹੈ। ਉਹ ਦੋ ਵਾਰ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਵਿਚ ਜੱਟ ਸਿੱਖ ਭਾਈਚਾਰੇ ਦਾ ਅਹਿਮ ਪ੍ਰਭਾਵ ਹੈ। ਸਾਰੀਆਂ ਪਾਰਟੀਆਂ ਨੇ ਪਿੰਡ ਦੀ ਸਿਆਸਤ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਚਿਹਰਾ ਜੱਟ ਸਿੱਖ ਬਣਾਇਆ ਹੈ। ਪੰਜਾਬ ਦੀ ਸਿਆਸਤ ਵਿਚ ਮਾਲਵਾ ਖੇਤਰ ਦੀ ਵੱਡੀ ਭੂਮਿਕਾ ਰਹੀ ਹੈ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਕਾਰਨ ਕਿਸਾਨ ਵਰਗ ਵਿਚ ਭਾਜਪਾ ਖਿਲਾਫ਼ ਵੱਡੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਤਰ੍ਹਾਂ ਹੁਣ ਮਾਲਵਾ ਵਿਚ ਆਪਣਾ ਸਿਆਸੀ ਆਧਾਰ ਹੋਰ ਮਜ਼ਬੂਤ ਕਰਨ, ਅਕਾਲੀ ਦਲ ਨਾਲ ਟੁੱਟੇ ਰਿਸ਼ਤਿਆਂ ਦੀ ਭਰਪਾਈ ਕਰਨ, ਕਿਸਾਨਾਂ ਜਾਂ ਜੱਟਾਂ ਨੂੰ ਨਾਲ ਤੋਰਨ, ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੂੰ ਨੁਮਾਇੰਦਗੀ ਦੇਣ ਅਤੇ ਲੋਕਾਂ ਵਿਚ ਇਹ ਪ੍ਰਭਾਵ ਦੇਣ ਕਿ ਭਾਜਪਾ ਹੁਣ ਸ਼ਹਿਰੀਆਂ ਜਾਂ ਵਪਾਰੀ ਵਰਗ ਦੀ ਪਾਰਟੀ ਨਹੀਂ ਰਹੀ, ਸਗੋਂ ਪਿੰਡਾਂ ਅਤੇ ਖੇਤੀਬਾੜੀ ਨਾਲ ਜੁੜੇ ਵਰਗਾ ਨੂੰ ਵੀ ਨਾਲ ਜੋੜਨਾ ਚਾਹੁੰਦੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ, ਫਰੀਦਕੋਟ ਅਤੇ ਮੁਕਤਸਰ ਇਲਾਕੇ ਵਿਚ ਜੱਟ ਸਿੱਖ ਵੋਟ ਬੈਂਕ ਦਾ ਵੱਡਾ ਅਧਾਰ ਹੈ। ਇਹਨਾਂ ਜ਼ਿਲ੍ਹਿਆਂ ਵਿਚ ਹੀ ਕਿਸਾਨ ਯੂਨੀਅਨਾਂ ਦਾ ਡੂੰਘਾ ਪ੍ਰਭਾਵ ਹੈ। ਇਸ ਤਰ੍ਹਾਂ ਢਿਲੋਂ ਨੂੰ ਪ੍ਰਧਾਨਗੀ ਸੌਂਪਕੇ ਇਹੀ ਪ੍ਰਭਾਵ ਦਿੱਤਾ ਹੈ ਕਿ ਭਾਜਪਾ ਇਕੱਲੇ ਸ਼ਹਿਰੀਆਂ, ਹਿੰਦੂਆਂ ਦੀ ਪਾਰਟੀ ਨਹੀਂ ਸਗੋ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਸੱਭ ਤੋਂ ਅਹਿਮ ਗੱਲ ਹੈ ਕਿ ਭਾਜਪਾ ਦੇ ਆਗੂ ਹੀ ਵਾਰ ਵਾਰ ਅਕਾਲੀ ਦਲ ਨਾਲ ਚੋਣ ਸਮਝੌਤਾ ਕਰਨ ਦਾ ਸੁਝਾਅ ਦਿੰਦੇ ਆ ਰਹੇ ਹਨ, ਜਦਕਿ ਭਾਜਪਾ ਦੇ ਸਿਰਮੌਰ ਆਗੂ ਇਕੱਲੇ ਚੋਣ ਲੜ੍ਹਨ ਦੀ ਗੱਲ ਕਰ ਰਹੇ ਹਨ।
ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਨਾਰਾਜ਼ ਕਾਂਗਰਸੀਆਂ, ਕਿਸਾਨਾਂ ਅਤੇ ਜੱਟ ਸਿੱਖਾਂ ਨੂੰ ਜੋੜਨ ਵਿਚ ਕੇਵਲ ਸਿੰਘ ਢਿਲੋਂ ਕਿੰਨੇ ਕੁ ਕਾਮਯਾਬ ਹੁੰਦੇ ਹਨ। ਫਿਲਹਾਲ ਭਾਜਪਾ ਨੇ ਪੰਜਾਬ ਦੀ ਸਿਆਸਤ ਵਿਚ ਢਿਲੋਂ ਨੁਮਾ ਹੁਕਮ ਦਾ ਯੱਕਾ ਸੁੱਟ ਦਿੱਤਾ ਹੈ।