ਮਨਰੇਗਾ ਕਾਨੂੰਨ ਬਦਲ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ : ਵਿਜੇ ਸ਼ਰਮਾ ਟਿੰਕੂ
ਮਨਰੇਗਾ ਕਾਨੂੰਨ ਬਦਲ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ : ਵਿਜੇ ਸ਼ਰਮਾ ਟਿੰਕੂ
Publish Date: Sun, 18 Jan 2026 06:59 PM (IST)
Updated Date: Sun, 18 Jan 2026 07:01 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਬਦਲ ਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮਛਲੀ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਦੀ ਇਕ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਨੇ ਕੀਤਾ। ਟਿੰਕੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 20 ਸਾਲ ਪੁਰਾਣੇ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਗਰੀਬਾਂ ਲਈ ਰੋਜੀ ਰੋਟੀ ਲਈ ਸ਼ੁਰੂ ਕੀਤਾ ਮਨਰੇਗਾ ਕਾਨੂੰਨ ਖ਼ਤਮ ਕਰ ਦਿੱਤਾ ਹੈ। ਪੁਰਾਣੇ ਕਾਨੂੰਨ ਵਿਚ ਮਜ਼ਦੂਰ ਨੂੰ ਕੰਮ ਕਰਨ ਅਤੇ ਮੰਗਣ ਦਾ ਕਾਨੂੰਨੀ ਹੱਕ ਸੀ, ਜਦੋਂ ਮਜ਼ਦੂਰ ਕੰਮ ਮੰਗਦਾ ਸੀ ਤਾਂ ਸਰਕਾਰਾਂ ਦੀ ਕਾਨੂੰਨੀ ਜ਼ਿੰਮੇਵਾਰੀ ਵੀ ਬਣਦੀ ਸੀ, ਕੰਮ ਦੇਣ ਦੀ ਪਰ ਹੁਣ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਵਿਚ ਕੰਮ ਦੇਣਾ ਜਾਂ ਨਾ ਦੇਣਾ ਸਰਕਾਰ ਦੀ ਮਰਜ਼ੀ ’ਤੇ ਨਿਰਭਰ ਹੈ ਅਤੇ ਨਵੇਂ ਕਾਨੂੰਨ ਵਿਚ ਸਰਕਾਰ ਨੇ ਬਜਟ ਪਹਿਲਾਂ ਹੀ ਤੈਅ ਕਰ ਦੇਣਾ ਹੈ ਕਿ ਜਦੋਂ ਬਜਟ ਮੁੱਕ ਗਿਆ ਤਾਂ ਸਰਕਾਰ ਕੰਮ ਦੇਣ ਤੋਂ ਮਨਾਂ ਕਰ ਸਕਦੀ ਹੈ, ਯਾਨੀ ਕਿ ਹੁਣ ਕੰਮ ਮੰਗਣ ਦਾ ਹੱਕ ਖ਼ਤਮ ਕਰ ਦਿੱਤਾ ਗਿਆ। ਟਿੰਕੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਮਜ਼ਦੂਰ ਵਰਗ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਹਰ ਸਮੇਂ ਖੜ੍ਹੀ ਰਹੇਗੀ। ਟਿੰਕੂ ਨੇ ਕਿਹਾ ਕਿ ਇਸ ਕਾਨੂੰਨ ਨੂੰ ਬਦਲਣ ’ਤੇ ਕੇਂਦਰ ਸਰਕਾਰ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਪੁਰਾਣੇ ਕਾਨੂੰਨ ਨੂੰ ਬਹਾਲ ਕਰਨ ਦੀ ਮੰਗ ਕਰਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਰਾਣਾ ਮੱਛਲੀ ਕਲਾਂ ਸੀਨੀਅਰ ਆਗੂ, ਗਗਨਦੀਪ ਸਿੰਘ ਤੋਲੇ ਮਾਜਰਾ, ਲਾਭ ਸਿੰਘ ਮਛਲੀ ਕਲਾਂ ਸੀਨੀਅਰ ਕਾਂਗਰਸੀ ਆਗੂ, ਸੰਤ ਰਾਮ ਮਛਲੀ ਕਲਾਂ, ਲਛਮਣ ਸਿੰਘ, ਦੇਵੀ ਕੌਰ, ਜਸਪਾਲ ਕੌਰ, ਸੋਨਾ ਦੇਵੀ, ਹਰਬੰਸ ਲਾਲ, ਜੋਗਿੰਦਰ ਸਿੰਘ, ਹਜੂਰਾ ਸਿੰਘ, ਬਾਵਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਨਰੇਗਾ ਵਰਕਰ ਹਾਜ਼ਰ ਸਨ।