ਈਡੀ ਦੀ ਟੀਮ ਨੇ ਜ਼ੀਰਕਪੁਰ ਸਥਿਤ ਕੰਪਨੀ ਦੇ ਮੁੱਖ ਦਫ਼ਤਰ, ਡਾਇਰੈਕਟਰਾਂ ਦੇ ਘਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨਾਲ ਜੁੜੇ ਕੰਪਲੈਕਸਾਂ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਏਜੰਸੀ ਨੂੰ ਕਈ ਅਹਿਮ ਦਸਤਾਵੇਜ਼, ਡਿਜੀਟਲ ਡਿਵਾਈਸਾਂ, ਬੈਂਕ ਰਿਕਾਰਡ ਤੇ ਪ੍ਰਾਪਰਟੀ ਨਾਲ ਜੁੜੇ ਕਾਗਜ਼ਾਤ ਮਿਲੇ। ਜਾਂਚ ਏਜੰਸੀ ਹੁਣ ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ’ਤੇ ਮਨੀ ਟ੍ਰੇਲ ਅਤੇ ਫੰਡ ਟ੍ਰਾਂਸਫਰ ਦੀ ਪੜਤਾਲ ਕਰ ਰਹੀ ਹੈ।

ਰੋਹਿਤ ਕੁਮਾਰ, ਜਾਗਰਣ , ਚੰਡੀਗੜ੍ਹ : ਮੋਹਾਲੀ-ਜ਼ੀਰਕਪੁਰ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਪਹਿਲਾਂ ਹੀ ਈਡੀ ਨੇ ਪੰਜਾਬ, ਚੰਡੀਗੜ੍ਹ ਅਤੇ ਜ਼ੀਰਕਪੁਰ ਵਿਚ ਰਾਇਲ ਅਸਟੇਟ ਗਰੁੱਪ ਤੇ ਇਸ ਨਾਲ ਜੁੜੀ ਕੰਪਨੀ ਐੱਮ/ਐੱਸ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (ਸੀਆਰਸੀਪੀਐੱਲ) ਦੇ ਕਈ ਟਿਕਾਣਿਆਂ ’ਤੇ ਛਾਪਾਮਾਰੀ ਕੀਤੀ ਸੀ।
ਈਡੀ ਦੀ ਟੀਮ ਨੇ ਜ਼ੀਰਕਪੁਰ ਸਥਿਤ ਕੰਪਨੀ ਦੇ ਮੁੱਖ ਦਫ਼ਤਰ, ਡਾਇਰੈਕਟਰਾਂ ਦੇ ਘਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਨਾਲ ਜੁੜੇ ਕੰਪਲੈਕਸਾਂ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਏਜੰਸੀ ਨੂੰ ਕਈ ਅਹਿਮ ਦਸਤਾਵੇਜ਼, ਡਿਜੀਟਲ ਡਿਵਾਈਸਾਂ, ਬੈਂਕ ਰਿਕਾਰਡ ਤੇ ਪ੍ਰਾਪਰਟੀ ਨਾਲ ਜੁੜੇ ਕਾਗਜ਼ਾਤ ਮਿਲੇ। ਜਾਂਚ ਏਜੰਸੀ ਹੁਣ ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ’ਤੇ ਮਨੀ ਟ੍ਰੇਲ ਅਤੇ ਫੰਡ ਟ੍ਰਾਂਸਫਰ ਦੀ ਪੜਤਾਲ ਕਰ ਰਹੀ ਹੈ।
ਅਸਲ ਵਿਚ ਇਹ ਪੂਰਾ ਮਾਮਲਾ ਮੋਹਾਲੀ ਦੇ ਕਰਾਲਾ ਪਿੰਡ ਵਿਚ ਵਿਕਸਤ ਕੀਤੇ ਜਾ ਰਹੇ ਰਿਹਾਇਸ਼ੀ ਪ੍ਰੋਜੈਕਟ ਨਾਲ ਜੁੜਿਆ ਹੈ। ਪੰਜਾਬ ਪੁਲਿਸ ਨੇ 19 ਜੁਲਾਈ 2025 ਨੂੰ ਮੋਹਾਲੀ ਵਿਚ ਭਾਰਤੀ ਦੰਡ ਸੰਹਿਤਾ ਦੀ ਧਾਰਾ 406, 420 ਅਤੇ 120-ਬੀ ਦੇ ਤਹਿਤ ਐੱਫਆਈਆਰ ਦਰਜ ਕੀਤੀ ਸੀ। ਦੋਸ਼ ਹੈ ਕਿ ਕੰਪਨੀ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀਆਂ ਦੇਣਦਾਰੀਆਂ ਦਾ ਭੁਗਤਾਨ ਨਹੀਂ ਕੀਤਾ ਅਤੇ 32.67 ਕਰੋੜ ਰੁਪਏ ਦੇ ਚੈੱਕ ਜਾਰੀ ਕੀਤੇ, ਜੋ ਕਿ ਬਾਅਦ ਵਿਚ ਬਾਊਂਸ ਹੋ ਗਏ।
ਮੋਹਾਲੀ-ਜ਼ੀਰਕਪੁਰ ਬੈਲਟ ਵਿਚ ਪਿਛਲੇ ਕੁਝ ਸਾਲਾਂ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਸੀ। ਰਾਇਲ ਅਸਟੇਟ ਗਰੁੱਪ ਨੇ ਵੀ ਕਈ ਵੱਡੇ ਪ੍ਰੋਜੈਕਟ ਲਾਂਚ ਕੀਤੇ ਸਨ। ਹਾਲਾਂਕਿ ਕਈ ਪ੍ਰੋਜੈਕਟਾਂ ਵਿਚ ਦੇਰੀ ਹੋਣ ’ਤੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ਭੁਗਤਾਨ ਲੈਣ ਦੇ ਬਾਵਜੂਦ ਪ੍ਰੋਜੈਕਟ ਵੇਲੇ ਸਿਰ ਮੁਕੰਮਲ ਨਹੀਂ ਕੀਤੇ ਗਏ।
ਈਡੀ ਦੀ ਜਾਂਚ ਮੁਤਾਬਕ ਕੰਪਨੀ ’ਤੇ ਗਮਾਡਾ ਦੀਆਂ ਵੱਡੀਆਂ ਦੇਣਦਾਰੀਆਂ ਬਕਾਇਆ ਸਨ, ਜਦੋਂਕਿ ਪ੍ਰੋਜੈਕਟ ਨਾਲ ਜੁੜੇ ਫੰਡ ਨੂੰ ਕਥਿਤ ਤੌਰ ’ਤੇ ਦੂਜੀਆਂ ਕੰਪਨੀਆਂ ਅਤੇ ਨਜ਼ਦੀਕੀਆਂ ਦੇ ਜ਼ਰੀਏ ਡਾਇਵਰਟ ਕੀਤਾ ਗਿਆ। ਏਜੰਸੀ ਨੂੰ ਕਈ ਸ਼ੱਕੀ ਇੰਟਰ-ਕੰਪਨੀ ਟ੍ਰਾਂਜ਼ੈਕਸ਼ਨ ਅਤੇ ਫੰਡ ਦੀ ਲੇਅਰਿੰਗ ਦੇ ਸੰਕੇਤ ਵੀ ਮਿਲੇ ਹਨ।
ਜਾਂਚ ਦੌਰਾਨ ਈਡੀ ਨੇ ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਦੇ ਨਾਲ-ਨਾਲ ਦਲਜੀਤ ਸਿੰਘ, ਅਨੁਰਾਗ ਮਿੱਢਾ, ਲਿਆਕਤ ਅਲੀ, ਸੁਮਿਤ ਬਾਂਸਲ ਅਤੇ ਹੋਰ ਸਬੰਧਤ ਲੋਕਾਂ ਨਾਲ ਜੁੜੇ ਟਿਕਾਣਿਆਂ ਦੀ ਤਲਾਸ਼ੀ ਲਈ। ਈਡੀ ਨੂੰ ਸ਼ੱਕ ਹੈ ਕਿ ਪ੍ਰੋਜੈਕਟ ਦੀ ਰਕਮ ਨੂੰ ਵੱਖ-ਵੱਖ ਕੰਪਨੀਆਂ ਦੇ ਜ਼ਰੀਏ ਘੁਮਾਇਆ ਗਿਆ ਹੈ।