ਵਪਾਰੀ ਨਾਲ 1.75 ਕਰੋੜ ਦੀ ਵੱਡੀ ਠੱਗੀ, ਮੈਨੇਜਰ ਤੇ ਮੁਨਸ਼ੀ ਸਮੇਤ 5 ਨਾਮਜ਼ਦ
ਵਪਾਰੀ ਨਾਲ 1.75 ਕਰੋੜ ਦੀ ਵੱਡੀ ਠੱਗੀ, ਮੈਨੇਜਰ ਤੇ ਮੁਨਸ਼ੀ ਸਮੇਤ 5 ਨਾਮਜ਼ਦ,
Publish Date: Wed, 04 Feb 2026 07:07 PM (IST)
Updated Date: Wed, 04 Feb 2026 07:11 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਢਕੌਲੀ ਦੇ ਇਕ ਕਾਰੋਬਾਰੀ ਨੇ ਆਪਣੇ ਹੀ ਮੁਲਾਜ਼ਮ ਤੇ ਸਾਜ਼ਿਸ਼ ਰਚ ਕੇ ਫਰਮ ਨਾਲ ਕਰੀਬ 1.75 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਢਕੌਲੀ ਪੁਲਿਸ ਨੇ ਇਸ ਮਾਮਲੇ ਵਿਚ 5 ਨਾਮਜ਼ਦ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਅਮਨਦੀਪ (ਸਿਰਸਾ), ਮਨੋਜ (ਸੀਕਰ), ਸੁਨੀਲ ਕੁਮਾਰ (ਹਨੂਮਾਨਗੜ੍ਹ), ਰਾਮ ਪ੍ਰਕਾਸ਼ (ਫਾਜ਼ਿਲਕਾ), ਵੇਦ ਪ੍ਰਕਾਸ਼ ਅਤੇ ਹੋਰ ਅਣਪਛਾਤੇ ਮੁਲਾਜ਼ਮਾਂ ਨੂੰ ਮੁਲਜ਼ਮ ਬਣਾਇਆ ਹੈ। ਸ਼ਿਕਾਇਤਕਰਤਾ ਪੰਕਜ ਗਰਗ ਅਨੁਸਾਰ ਉਹ ਪਿਛਲੇ 14 ਸਾਲਾਂ ਤੋਂ ਰੇਤ-ਬੱਜਰੀ ਦਾ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੈਨੇਜਰ ਤੇ ਸਾਥੀਆਂ ਨੇ ਭਰੋਸੇ ਦਾ ਕਤਲ ਕਰਦਿਆਂ ਫਰਮ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ। ਭਰੋਸੇ ਦਾ ਫਾਇਦਾ ਉਠਾ ਕੇ ਰਚੀ ਸਾਜ਼ਿਸ਼ ਸ਼ਿਕਾਇਤ ਅਨੁਸਾਰ, ਅਮਨਦੀਪ, ਮਨੋਜ ਅਤੇ ਵੇਦ ਪ੍ਰਕਾਸ਼ ਕਾਫ਼ੀ ਸਮੇਂ ਤੋਂ ਪੰਕਜ ਕੋਲ ਕੰਮ ਕਰ ਰਹੇ ਸਨ। ਪੰਕਜ ਨੇ ਉਨ੍ਹਾਂ ਤੇ ਭਰੋਸਾ ਕਰਦੇ ਹੋਏ ਲੁਧਿਆਣਾ ਸਥਿਤ ਸੀਗਲ ਇੰਡੀਆ ਲਿਮਟਿਡ ਕੰਪਨੀ ਦੇ ਪ੍ਰੋਜੈਕਟ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਪ ਦਿੱਤੀ ਸੀ। ਮੁਲਜ਼ਮਾਂ ਨੇ ਇਸ ਦਾ ਫ਼ਾਇਦਾ ਉਠਾ ਕੇ ਆਪਣੇ ਜਾਣਕਾਰਾਂ, ਸੁਨੀਲ ਅਤੇ ਰਾਮ ਪ੍ਰਕਾਸ਼ ਨੂੰ ਬਤੌਰ ਟਰਾਂਸਪੋਰਟਰ ਫਰਮ ਵਿਚ ਸ਼ਾਮਲ ਕਰ ਲਿਆ। ਇਸ ਤੋਂ ਬਾਅਦ ਜਾਅਲੀ ਰਸੀਦਾਂ ਅਤੇ ਫ਼ਰਜ਼ੀ ਬਿੱਲਾਂ ਦਾ ਉਹ ਖੇਡ ਸ਼ੁਰੂ ਹੋਇਆ, ਜਿਸ ਵਿਚ ਕੰਪਨੀ ਦੇ ਕਰਮਚਾਰੀਆਂ ਨੂੰ ਵੀ ਨਾਲ ਮਿਲਾ ਲਿਆ ਗਿਆ। ਸਕੂਟਰ ਦੇ ਨੰਬਰਾਂ ਤੇ ਢੋਇਆ ਗਿਆ ਲੱਖਾਂ ਦਾ ਮਾਲ ਮਾਮਲੇ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਮੁਲਜ਼ਮਾਂ ਨੇ ਮਾਲ ਦੀ ਡਿਲੀਵਰੀ ਲਈ ਜਿਹੜੀਆਂ ਰਸੀਦਾਂ ਪੇਸ਼ ਕੀਤੀਆਂ, ਉਨ੍ਹਾਂ ਵਿਚ ਦਰਜ ਟਰੱਕਾਂ ਦੇ ਨੰਬਰ ਫ਼ਰਜ਼ੀ ਨਿਕਲੇ। ਜਦੋਂ ਸ਼ਿਕਾਇਤਕਰਤਾ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਾਗ਼ਜ਼ਾਂ ਵਿਚ ਜੋ ਗੱਡੀਆਂ ਮਾਲ ਢੋਅ ਰਹੀਆਂ ਸਨ, ਉਹ ਅਸਲ ਵਿਚ ਮੋਟਰਸਾਈਕਲ, ਸਕੂਟਰ ਅਤੇ ਛੋਟੀਆਂ ਕਾਰਾਂ ਸਨ। ਇਸ ਫਰਜ਼ੀਵਾੜੇ ਰਾਹੀਂ ਕਰੀਬ 1.75 ਕਰੋੜ ਦੀ ਰਕਮ ਗ਼ੈਰ-ਕਾਨੂੰਨੀ ਤਰੀਕੇ ਨਾਲ ਆਪਣੇ ਖਾਤਿਆਂ ਵਿਚ ਟਰਾਂਸਫਰ ਕਰਵਾ ਲਈ ਗਈ। ਜਦੋਂ ਪੰਕਜ ਨੇ ਸੀਗਲ ਇੰਡੀਆ ਕੰਪਨੀ ਤੋਂ ਆਪਣੇ 2.78 ਕਰੋੜ ਦੇ ਬਕਾਏ ਦੀ ਮੰਗ ਕੀਤੀ, ਤਾਂ ਕੰਪਨੀ ਨੇ ਮਾਲ ਘੱਟ ਮਿਲਣ ਦੀ ਗੱਲ ਕਹਿ ਕੇ ਭੁਗਤਾਨ ਰੋਕ ਦਿੱਤਾ, ਜਿਸ ਨਾਲ ਇਸ ਪੂਰੀ ਸਾਜ਼ਿਸ਼ ਦਾ ਭੰਡਾਫੋੜ ਹੋਇਆ। ਖ਼ੁਲਾਸਾ ਹੋਣ ਤੇ ਜਦੋਂ ਪੰਕਜ ਨੇ ਅਮਨਦੀਪ ਨੂੰ ਦਫ਼ਤਰ ਬੁਲਾ ਕੇ ਹਿਸਾਬ ਮੰਗਿਆ, ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਿਵੇਂ ਹੀ ਉਹ ਦੂਜੇ ਕਮਰੇ ਵਿਚ ਕੁਝ ਦਸਤਾਵੇਜ਼ ਲੈਣ ਗਏ, ਅਮਨਦੀਪ ਦਫ਼ਤਰ ਵਿਚ ਰੱਖਿਆ ਬੈਗ ਲੈ ਕੇ ਫ਼ਰਾਰ ਹੋ ਗਿਆ, ਜਿਸ ਵਿਚ 9 ਲੱਖ ਨਕਦ ਅਤੇ ਅਹਿਮ ਕਾਗ਼ਜ਼ਾਤ ਸਨ। ਬਾਅਦ ਵਿਚ ਮੁਲਜ਼ਮ ਨੇ ਫ਼ੋਨ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।