ਬ੍ਰਹਮਾਕੁਮਾਰੀਜ਼ ਵੱਲੋਂ ਵੱਖ-ਵੱਖ ਸੁਰੱਖਿਆ ਸੰਸਥਾਵਾਂ ’ਚ ਪ੍ਰੋਗਰਾਮ
ਬ੍ਰਹਮਾਕੁਮਾਰੀਜ਼ ਦੁਆਰਾ ਵੱਖ-ਵੱਖ ਸੁਰੱਖਿਆ ਸੰਸਥਾਵਾਂ ’ਚ ਪ੍ਰੋਗਰਾਮ ਆਯੋਜਿਤ
Publish Date: Thu, 20 Nov 2025 09:37 PM (IST)
Updated Date: Fri, 21 Nov 2025 04:16 AM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਤੋਂ ਬ੍ਰਹਮਾਕੁਮਾਰੀਜ਼ ਵੱਲੋਂ ਸ਼ੁਰੂ ਕੀਤੀ ਗਈ ਸਵੈ-ਸਸ਼ਕਤੀਕਰਨ ਤੋਂ ਰਾਸ਼ਟਰ ਸਸ਼ਕਤੀਕਰਨ ਰਾਹੀਂ ਕੈਂਪੇਨ ਤਹਿਤ 2 ਮੁਹਿੰਮ ਟੀਮਾਂ ਨੇ ਵੀਰਵਾਰ ਨੂੰ ਮੁਹਾਲੀ ਦੇ ਕਈ ਸੁਰੱਖਿਆ ਸੰਸਥਾਵਾਂ ’ਚ ਪ੍ਰੋਗਰਾਮ ਆਯੋਜਿਤ ਕੀਤੇ। ਇਕ ਟੀਮ ਨੇ ਵਿਜੀਲੈਂਸ ਭਵਨ, ਪੰਜਾਬ ਵਿਖੇ ਮਾਨਸਿਕ ਸਿਹਤ ਤੇ ਡਿਜੀਟਲ ਤੰਦਰੁਸਤੀ ਬਾਰੇ ਵਿਚਾਰ ਸਾਂਝੇ ਕੀਤੇ। ਕੈਪਟਨ ਸ਼ਿਵ ਸਿੰਘ ਨੇ ਸਮਾਗਮ ’ਚ ਮਾਨਸਿਕ ਸ਼ਕਤੀ ਤੇ ਤੰਦਰੁਸਤੀ ’ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਗੀ ਮਾਨਸਿਕ ਸਿਹਤ ਲਈ ਮਨ ਤੋਂ ਕੰਮ ਕਰਨ ਦੀ ਲੋੜ ਹੁੰਦੀ ਹੈ। ਵਧਦੇ ਦਬਾਅ ਦਾ ਸਾਹਮਣਾ ਕਰਨ ਦਾ ਇਕੋ-ਇਕ ਅਸਲ ਹੱਲ ਅੰਦਰੂਨੀ ਤਾਕਤ ਪੈਦਾ ਕਰਨਾ ਹੈ, ਕਿਉਂਕਿ ਚੁਣੌਤੀਆਂ ਦਿਨੋਂ-ਦਿਨ ਵਧਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰਾਜਯੋਗ ਧਿਆਨ ਮਾਨਸਿਕ ਤਾਕਤ ਵਧਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਕਨੀਕ ਹੈ। ਅਧਿਆਤਮਿਕਤਾ ਦਾ ਅਰਥ ਹੈ ਆਪਣੇ-ਆਪ ਨੂੰ ਜਾਣਨਾ। ਇਸ ਤੋਂ ਬਾਅਦ ਬੀਕੇ ਸ਼ੈਲੇਂਦਰ (ਮਾਊਂਟ ਆਬੂ) ਨੇ ਡਿਜੀਟਲ ਤੰਦਰੁਸਤੀ ਬਾਰੇ ਸੰਖੇਪ ਪਰ ਸ਼ਕਤੀਸ਼ਾਲੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਜ਼ਿੰਦਗੀ ’ਚ ਸ਼ਾਂਤੀ ਤੇ ਧਿਆਨ ਕੇਂਦਰਿਤ ਰੱਖਣ ਲਈ ਡਿਜੀਟਲ ਮੀਡੀਆ ਦੀ ਸੰਤੁਲਿਤ ਵਰਤੋਂ ਜ਼ਰੂਰੀ ਹੈ। ਸੈਸ਼ਨ ਬੀਕੇ ਸੁਮਨ ਵੱਲੋਂ ਨਿਰਦੇਸ਼ਿਤ ਰਾਜਯੋਗ ਧਿਆਨ ਨਾਲ ਸਮਾਪਤ ਹੋਇਆ, ਜਿਸ ਨੂੰ ਸਾਰੇ ਭਾਗੀਦਾਰਾਂ ਨੇ ਬਹੁਤ ਲਾਭਦਾਇਕ ਪਾਇਆ ਤੇ ਡੂੰਘੀ ਸ਼ਾਂਤੀ ਦਾ ਅਨੁਭਵ ਕੀਤਾ। ਹਵਾਈ ਅੱਡੇ ਦੀ ਸੀਆਈਐੱਸਐੱਫ ਯੂਨਿਟ ਦੇ ਇਕ ਹੋਰ ਸਮੂਹ ਨੇ ਬੀਕੇ ਮੀਨਾਕਸ਼ੀ ਤੋਂ ਡਿਜੀਟਲ ਡੀਟੌਕਸ ਬਾਰੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੂੰ ਮਾਨਸਿਕ ਸੁਚੇਤਤਾ, ਭਾਵਨਾਤਮਕ ਸੰਤੁਲਨ ਤੇ ਮੁਸ਼ਕਲ ਸਥਿਤੀਆਂ ’ਚ ਸ਼ਾਂਤ ਫ਼ੈਸਲੇ ਲੈਣ ਦੀ ਯੋਗਤਾ ਦੀ ਲੋੜ ਹੁੰਦੀ ਹੈ। ਯੂਨਿਟ ਦੇ ਸਹਾਇਕ ਕਮਾਂਡੈਂਟ ਕਿਰਨ ਕੁਮਾਰ ਨੇ ਭੈਣਾਂ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਤਣਾਅ ਤੋਂ ਰਾਹਤ ਪਾਉਣ ਤੇ ਸੈਨਿਕਾਂ ਨੂੰ ਅੰਦਰੂਨੀ ਤੌਰ ’ਤੇ ਸਸ਼ਕਤ ਬਣਾਉਣ ਲਈ ਬ੍ਰਹਮਾਕੁਮਾਰੀਜ਼ ਦੇ ਯਤਨਾਂ ਦੀ ਸਲਾਘਾ ਕੀਤੀ।