ਇਸ ਪੂਰੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬੋਰਡ ਨੇ ਸਮਰਪਤ ਈ-ਕਾਮਰਸ ਪੋਰਟਲ ਤੇ ਮੋਬਾਈਲ ਐਪ ਤਿਆਰ ਕੀਤਾ ਹੈ, ਜਿਸ ਦੇ ਜ਼ਰੀਏ ਕਿਤਾਬਾਂ ਦੀ ਖ਼ਰੀਦ ਤੇ ਵੰਡਣ ਦੇ ਕੰਮ ਨੂੰ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾਵੇਗਾ।

ਰੋਹਿਤ ਕੁਮਾਰ, ਚੰਡੀਗੜ੍ਹ : ਸੂਬੇ ਵਿਚ ਸਕੂਲੀ ਸਿੱਖਿਆ ਪ੍ਰਬੰਧਾਂ ਨੂੰ ਡਿਜੀਟਲ ਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ। 2026-27 ਦੇ ਵਿੱਦਿਅਕ ਸੈਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨਿੱਜੀ ਸਕੂਲਾਂ ਦੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਿੱਧੇ ਕਿਤਾਬਾਂ ਮੁਹੱਈਆ ਕਰਵਾਏਗਾ। ਇਸ ਪੂਰੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਬੋਰਡ ਨੇ ਸਮਰਪਤ ਈ-ਕਾਮਰਸ ਪੋਰਟਲ ਤੇ ਮੋਬਾਈਲ ਐਪ ਤਿਆਰ ਕੀਤਾ ਹੈ, ਜਿਸ ਦੇ ਜ਼ਰੀਏ ਕਿਤਾਬਾਂ ਦੀ ਖ਼ਰੀਦ ਤੇ ਵੰਡਣ ਦੇ ਕੰਮ ਨੂੰ ਪੂਰੀ ਤਰ੍ਹਾਂ ਆਨਲਾਈਨ ਕੀਤਾ ਜਾਵੇਗਾ।
ਨਵੇਂ ਪ੍ਰਬੰਧਾਂ ਤਹਿਤ ਵਿਦਿਆਰਥੀ ਤੇ ਇਨ੍ਹਾਂ ਦੇ ਮਾਪੇ ਘਰ ਬੈਠੇ, ਮੋਬਾਈਲ ਐਪ ਜਾਂ ਆਨਲਾਈਨ ਪੋਰਟਲ ਰਾਹੀਂ ਆਪਣੀ ਜ਼ਰੂਰਤ ਮੁਤਾਬਕ ਕਿਤਾਬਾਂ ਦਾ ਆਰਡਰ ਦੇ ਸਕਣਗੇ। ਇਸ ਦੇ ਨਾਲ ਹੀ ਸਕੂਲਾਂ ਨੂੰ ਜਮਾਤ ਤੇ ਵਿਸ਼ਾਵਾਰ ਆਪਣੀ ਮੰਗ ਡਿਜੀਟਲ ਰੂਪ ਵਿਚ ਅਪਲੋਡ ਕਰਨੀ ਪਵੇਗੀ। ਹਰੇਕ ਵਿਦਿਆਰਥੀ ਨੂੰ ਵੱਖਰੇ ਲਾਗਇਨ ਕ੍ਰੈਡੇਂਸੀਅਲ ਦਿੱਤੇ ਜਾਣਗੇ, ਜਿਸ ਨਾਲ ਵਰਤੋਂ ਕਰਨ ਵਾਲੇ ਸਿੱਧੇ ਪੋਰਟਲ ’ਤੇ ਜਾ ਕੇ ਆਰਡਰ ਕਰ ਸਕਣਗੇ ਤੇ ਪੂਰੀ ਪ੍ਰਕਿਰਿਆ ’ਤੇ ਨਜ਼ਰ ਰੱਖ ਸਕਣਗੇ। ਇਸ ਪਹਿਲ ਦਾ ਮੁੱਖ ਉਦੇਸ਼ ਕਿਤਾਬਾਂ ਦੀ ਸਪਲਾਈ ਵਿਚ ਵਿਚੋਲਿਆਂ ਦੀ ਭੂਮਿਕਾ ਖ਼ਤਮ ਕਰਨਾ ਤੇ ਵੇਲੇ ਸਿਰ ਕਿਤਾਬਾਂ ਦੀ ਉਪਲਬਧਤਾ ਯਕੀਨੀ ਬਣਾਉਣਾ ਹੈ। ਨਵੀਂ ਵਿਵਸਥਾ ਵਿਚ ਸਕੂਲ ਸਿਰਫ਼ ਵੰਡ ਦੀ ਜ਼ਿੰਮੇਵਾਰੀ ਨਿਭਾਉਣਗੇ ਤੇ ਕਿਸੇ ਵੀ ਤਰ੍ਹਾਂ ਦਾ ਵਾਧੂ ਖ਼ਰਚਾ ਨਹੀਂ ਦੇਣਗੇ।
ਇਸ ਸਬੰਧੀ ਸਪਸ਼ਟ ਹਦਾਇਤ ਕੀਤੀ ਗਈ ਹੈ ਕਿ ਛੋਟ ਵਾਲੇ ਪ੍ਰਿੰਟਿਡ ਬਿਲ ਮੁੱਲ ਤੋਂ ਵੱਧ ਕੋਈ ਰਾਸ਼ੀ ਵਸੂਲ ਨਹੀਂ ਕੀਤੀ ਜਾਵੇਗੀ, ਜਿਸ ਨਾਲ ਮਾਪਿਆਂ ਉੱਤੇ ਬੋਝ ਘੱਟ ਸਕੇਗਾ। ਪੀਐੱਸਈਬੀ ਚੇਅਰਮੈਨ ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਪੋਰਟਲ ਨੂੰ ਸੁਰੱਖਿਅਤ ਆਨਲਾਈਨ ਪੇਮੈਂਟ ਗੇਟਵੇ ਨਾਲ ਜੋੜਿਆ ਗਿਆ ਹੈ, ਜਿਸ ਨਾਲ ਲੈਣ-ਦੇਣ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਸੁਰੱਖਿਅਤ ਰਹਿ ਸਕੇਗਾ। ਉਨ੍ਹਾਂ ਕਿਹਾ ਕਿ ਸਿਸਟਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਓਵਰਚਾਰਜਿੰਗ ਦੀ ਕੋਈ ਗੁੰਜਾਇਸ਼ ਨਾ ਰਹੇ ਤੇ ਹਰ ਪੱਧਰ ’ਤੇ ਜਵਾਬਦੇਹੀ ਨਿਸ਼ਚਿਤ ਹੋ ਸਕੇ। ਉਥੇ ਪ੍ਰਾਪਤ ਆਰਡਰ ਦੇ ਅਧਾਰ ’ਤੇ ਪੀਐੱਸਈਬੀ ਦੇ ਖੇਤਰੀ ਦਫ਼ਤਰ ਕਿਤਾਬਾਂ ਦੇ ਬੰਡਲ ਤਿਆਰ ਕਰਨਗੇ। ਇਨ੍ਹਾਂ ਬੰਡਲਾਂ ਨੂੰ ਸਕੂਲਾਂ ਜਾਂ ਸਿੱਧੇ ਵਿਦਿਆਰਥੀਆਂ ਤੱਕ ਵੇਲੇ ਸਿਰ ਪਹੁੰਚਾਉਣ ਦੇ ਇੰਤਜ਼ਾਮ ਕੀਤੇ ਜਾਣਗੇ। ਇਸ ਨਾਲ ਹਰ ਸੈਸ਼ਨ ਦੀ ਸ਼ੁਰੂਆਤ ਵਿਚ ਕਿਤਾਬਾਂ ਦੀ ਕਮੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਤੇ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੋ ਸ਼ੁਰੂ ਹੋ ਸਕੇਗੀ। ਨਵੀਂ ਨੀਤੀ ਤਹਿਤ ਸਕੂਲਾਂ ਨੂੰ ਲਿਖਤੀ ਅੰਡਰਟੇਕਿੰਗ ਵੀ ਦੇਣੀ ਪਵੇਗੀ ਕਿ ਨਿਰਧਾਰ ਕੀਮਤ ਤੋਂ ਵੱਧ ਕੋਈ ਵਸੂਲੀ ਨਾ ਕੀਤੀ ਜਾਵੇ। ਇਸ ਕਦਮ ਨਾਲ ਸਿੱਖਿਆ ਵਿਵਸਥਾ ਵਿਚ ਪਾਰਦਰਸ਼ਤਾ ਵਧਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਾਪਿਆਂ ਦਾ ਭਰੋਸਾ ਮਜ਼ਬੂਤ ਹੋਵੇਗਾ।