ਜ਼ੀਰਕਪੁਰ 'ਚ ਖ਼ੂਨੀ ਖੇਡ: ਪੁਰਾਣੀ ਰੰਜਿਸ਼ ਕਾਰਨ ਦੋ ਧੜਿਆਂ 'ਚ ਤਲਵਾਰਾਂ ਚੱਲੀਆਂ, 19 ਸਾਲਾ ਨੌਜਵਾਨ ਦੀ ਬਾਂਹ ਵੱਢੀ
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਭੁਪਿੰਦਰ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਦੇ ਭਰਾ ਰਣਵੀਰ ਸਿੰਘ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜਦੋਂ ਭੁਪਿੰਦਰ ਆਪਣੇ ਭਰਾ ਦੀ ਮਦਦ ਲਈ ਮੌਕੇ 'ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਮੁਖ ਮੁਲਜ਼ਮ ਗੁਰਪ੍ਰੀਤ ਸਿੰਘ ਆਪਣੇ 6-7 ਅਣਪਛਾਤੇ ਸਾਥੀਆਂ ਨਾਲ ਆ ਗਿਆ।
Publish Date: Mon, 20 Apr 2026 09:26 AM (IST)
Updated Date: Mon, 20 Apr 2026 09:29 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਹਾਈਲੈਂਡ ਪਾਰਕ ਮੈਦਾਨ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਤਲਵਾਰਾਂ ਨਾਲ ਲੈੱਸ ਦੋ ਧੜਿਆਂ ਵਿਚਾਲੇ ਹਿੰਸਕ ਝੜਪ ਹੋ ਗਈ। ਝਗੜੇ ਦੌਰਾਨ 19 ਸਾਲਾ ਨੌਜਵਾਨ ਭੁਪਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਮਲਾ ਇੰਨਾ ਜ਼ੋਰਦਾਰ ਸੀ ਕਿ ਉਸ ਦੀ ਸੱਜੀ ਬਾਂਹ ਕੋਹਣੀ ਦੇ ਕੋਲੋਂ ਵੱਢੀ ਗਈ ਅਤੇ ਉਸ ਦੇ ਸਰੀਰ ’ਤੇ ਕਈ ਡੂੰਘੇ ਜ਼ਖ਼ਮ ਹੋ ਗਏ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਭੁਪਿੰਦਰ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਦੇ ਭਰਾ ਰਣਵੀਰ ਸਿੰਘ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜਦੋਂ ਭੁਪਿੰਦਰ ਆਪਣੇ ਭਰਾ ਦੀ ਮਦਦ ਲਈ ਮੌਕੇ 'ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਮੁਖ ਮੁਲਜ਼ਮ ਗੁਰਪ੍ਰੀਤ ਸਿੰਘ ਆਪਣੇ 6-7 ਅਣਪਛਾਤੇ ਸਾਥੀਆਂ ਨਾਲ ਆ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹੋਈ ਮਾਮੂਲੀ ਬਹਿਸ ਜਲਦੀ ਹੀ ਖ਼ੂਨੀ ਝੜਪ ਵਿਚ ਬਦਲ ਗਈ। ਦੋਸ਼ ਹੈ ਕਿ ਗੁਰਪ੍ਰੀਤ ਸਿੰਘ ਨੇ ਤਲਵਾਰ ਨਾਲ ਭੁਪਿੰਦਰ 'ਤੇ ਤਾਬੜਤੋੜ ਹਮਲੇ ਕੀਤੇ। ਬਚਾਅ ਕਰਦੇ ਸਮੇਂ ਭੁਪਿੰਦਰ ਦੀ ਬਾਂਹ ਵੱਢੀ ਗਈ ਅਤੇ ਉਸ ਦੀ ਛਾਤੀ ਤੇ ਲੱਕ 'ਤੇ ਵੀ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਨੇ ਉਸ ਦੇ ਭਰਾ ਰਣਵੀਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਦੇ ਸਿਰ ਅਤੇ ਅੱਖ 'ਤੇ ਤਲਵਾਰ ਨਾਲ ਵਾਰ ਕੀਤੇ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਭੁਪਿੰਦਰ ਨੂੰ ਤੁਰੰਤ ਢਕੌਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਦੇ ਏਐੱਸਆਈ ਮੇਜਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਭੁਪਿੰਦਰ ਦੇ ਬਿਆਨਾਂ ਦੇ ਆਧਾਰ 'ਤੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।