ਹਰੀਕੇ ਪੱਤਣ ਵਿਖੇ ਜ਼ਮੀਨ ਪੱਧਰੀ ਕਰ ਕੇ ਕਣਕ ਬੀਜਣ ਦੀ ਸੇਵਾ ਨਿਭਾ ਰਹੀ ਬੀਕੇਯੂ ਸਿੱਧੂਪੁਰ
ਹਰੀਕੇ ਪੱਤਣ ਵਿਖੇ ਜ਼ਮੀਨ ਪੱਧਰੀ ਕਰ ਕਣਕ ਬੀਜਣ ਦੀ ਸੇਵਾ ਨਿਭਾ ਰਹੀ ਬੀਕੇਯੂ ਸਿੱਧੂਪੁਰ
Publish Date: Fri, 21 Nov 2025 06:52 PM (IST)
Updated Date: Fri, 21 Nov 2025 06:55 PM (IST)

ਇਕਬਾਲ ਸਿੰਘ, ਡੇਰਾਬੱਸੀ : ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਦੀ ਰਹਿਨੁਮਾਈ ਹੇਠ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਹੜ੍ਹਾਂ ਦੌਰਾਨ ਖ਼ਰਾਬ ਹੋਈ ਜ਼ਮੀਨ ਨੂੰ ਮੁੜ ਖੇਤੀ ਯੋਗ ਬਣਾਉਣ ਦੀ ਵੱਡੀ ਮੁਹਿੰਮ ਜਾਰੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਹਰੀਕੇ ਪੱਤਣ ਖੇਤਰ ਵਿਚ ਹੜਾਂ ਕਾਰਨ ਕਈ ਏਕੜ ਜ਼ਮੀਨ ਉੱਪਰ ਰੇਤ ਅਤੇ ਮਿੱਟੀ ਦੀ ਸਖ਼ਤ ਪਰਤ ਚੜ੍ਹ ਗਈ ਸੀ, ਜਿਸ ਨਾਲ ਕਿਸਾਨਾਂ ਲਈ ਰਬੀ ਮੌਸਮ ਦੀ ਕਣਕ ਬੀਜਣਾ ਮੁਸ਼ਕਲ ਹੋ ਗਿਆ ਸੀ। ਇਸ ਸਥਿਤੀ ਨੂੰ ਭਾਂਪਦੇ ਹੋਏ ਬੀਕੇਯੂ ਸਿੱਧਪੁਰਾ ਦੀ ਬਲਾਕ ਡੇਰਾਬਸੀ ਯੂਨਿਟ ਨੇ ਤਨ-ਮਨ-ਧਨ ਨਾਲ ਸੇਵਾ ਦੀ ਭੂਮਿਕਾ ਨਿਭਾਉਂਦਿਆਂ ਜ਼ਮੀਨਾਂ ਨੂੰ ਪੱਧਰਾ ਕਰਨ ਦਾ ਕੰਮ ਆਪਣੇ ਸਿਰ ਲਿਆ। ਬੀਕੇਯੂ ਕਨਵੀਨਰ ਬਲਾਕ ਡੇਰਾਬਸੀ ਜਸਪਾਲ ਸਿੰਘ ਭਾਂਖਰਪੁਰ ਨੇ ਦੱਸਿਆ ਕਿ ਜਥੇਬੰਦੀ ਲਗਾਤਾਰ ਹਰੀਕੇ ਪੱਤਣ ਵਿੱਚ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਹੜਾਂ ਨੇ ਕਈ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਡਾਂਵਾਡੋਲ ਕਰ ਦਿੱਤਾ ਹੈ, ਇਸ ਲਈ ਕਿਸਾਨ ਭਰਾਵਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਤੇ ਉਨ੍ਹਾਂ ਨੂੰ ਮੁੜ ਖੇਤੀ ਨਾਲ ਜੋੜਨਾ ਸਭ ਤੋਂ ਜ਼ਰੂਰੀ ਹੈ। ਭਾਂਖਰਪੁਰ ਨੇ ਕਿਹਾ ਕਿ ਸੇਵਾ ਸਮਾਰਥ ਨਾਲ ਨਹੀਂ, ਸੇਵਾ ਭਾਵਨਾ ਨਾਲ ਕੀਤੀ ਜਾਂਦੀ ਹੈ ਅਤੇ ਬਲਾਕ ਡੇਰਾਬੱਸੀ ਤੋਂ ਕਿਸਾਨ ਯੂਨੀਅਨ ਇਹ ਫਰਜ਼ ਨਿਭਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਪੱਧਰੀ ਹੋਣ ਤੋਂ ਬਾਅਦ ਕਣਕ ਦੀ ਬੀਜਾਈ ਵੀ ਜਥੇਬੰਦੀ ਵੱਲੋਂ ਹੀ ਕਰਵਾਈ ਜਾ ਰਹੀ ਹੈ, ਤਾਂ ਜੋ ਹੜਾਂ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਕਿਸਾਨਾਂ ਨੇ ਕਿਹਾ ਕਿ ਬੀਕੇਯੂ ਵੱਲੋਂ ਮਿਲਿਆ ਸਹਿਯੋਗ ਉਨ੍ਹਾਂ ਲਈ ਨਵੀਂ ਉਮੀਦ ਬਣਿਆ ਹੈ।