ਮੋਗਾ 'ਚ ਭਾਜਪਾ ਦੀ 'ਬਦਲਾਅ ਰੈਲੀ' ਅੱਜ: ਅਮਿਤ ਸ਼ਾਹ ਕਰਨਗੇ ਚੋਣ ਆਗਾਜ਼; ਵਿਰੋਧੀ ਪਾਰਟੀਆਂ ਦੀਆਂ ਟਿਕੀਆਂ ਨਜ਼ਰਾਂ
ਰੈਲੀ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦੀ ਨਜ਼ਰ ਟਿਕੀ ਹੋਈ ਹੈ। ਫ਼ਿਲਹਾਲ, ਭਾਜਪਾ ਨੇ ਬਦਲਾਅ ਰੈਲੀ ਨੂੰ ਲੈ ਕੇ ਪੂਰੀ ਤਾਕਤ ਲਗਾ ਦਿੱਤੀ ਹੈ। ਭਾਜਪਾ ਦਾਅਵਾ ਕਰ ਰਹੀ ਹੈ ਕਿ ਸ਼ਹਿਰ ਹੀ ਨਹੀਂ, ਪਿੰਡਾਂ ’ਚ ਵੀ ਉਸ ਦਾ ਆਧਾਰ ਮਜ਼ਬੂਤ ਹੋਇਆ ਹੈ।
Publish Date: Sat, 14 Mar 2026 09:31 AM (IST)
Updated Date: Sat, 14 Mar 2026 09:35 AM (IST)

ਕੈਲਾਸ਼ ਨਾਥ, ਜਾਗਰਣ, ਕਿੱਲੀ ਚਹਿਲਾਂ (ਮੋਗਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨਿਚਰਵਾਰ 14 ਮਾਰਚ ਨੂੰ ਮੋਗਾ ਦੇ ਕਿੱਲੀ ਚਹਿਲਾਂ ’ਚ ਬਦਲਾਅ ਰੈਲੀ ਕਰਨਗੇ। ਇਸ ਰੈਲੀ ਨਾਲ ਭਾਜਪਾ ਪੰਜਾਬ ’ਚ ਚੋਣ ਆਗਾਜ਼ ਕਰੇਗੀ। ਰੈਲੀ ਨੂੰ ਲੈ ਕੇ ਪਾਰਟੀ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਭਾਜਪਾ ਉਸੇ ਥਾਂ ’ਤੇ ਰੈਲੀ ਕਰ ਰਹੀ ਹੈ, ਜਿੱਥੇ ਫਰਵਰੀ ਮਹੀਨੇ ’ਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰੈਲੀ ਕੀਤੀ ਸੀ। ਇਸ ਰੈਲੀ ’ਚ ਪਾਰਟੀ ਨੇ ਭਾਰੀ ਭੀੜ ਇਕੱਠੀ ਕੀਤੀ ਸੀ। ਭਾਜਪਾ ਦਾ ਦਾਅਵਾ ਹੈ ਕਿ ਇਹ ਰੈਲੀ ਆਪ ਤੋਂ ਵੱਡੀ ਰੈਲੀ ਹੋਵੇਗੀ। ਰੈਲੀ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦੀ ਨਜ਼ਰ ਟਿਕੀ ਹੋਈ ਹੈ। ਫ਼ਿਲਹਾਲ, ਭਾਜਪਾ ਨੇ ਬਦਲਾਅ ਰੈਲੀ ਨੂੰ ਲੈ ਕੇ ਪੂਰੀ ਤਾਕਤ ਲਗਾ ਦਿੱਤੀ ਹੈ। ਭਾਜਪਾ ਦਾਅਵਾ ਕਰ ਰਹੀ ਹੈ ਕਿ ਸ਼ਹਿਰ ਹੀ ਨਹੀਂ, ਪਿੰਡਾਂ ’ਚ ਵੀ ਉਸ ਦਾ ਆਧਾਰ ਮਜ਼ਬੂਤ ਹੋਇਆ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦੀ ਇਸ ਰੈਲੀ ਨੂੰ ਲੈ ਕੇ ਲੋਕਾਂ ’ਚ ਖਾਸਾ ਉਤਸ਼ਾਹ ਹੈ। ਇਹ ਰੈਲੀ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਦੇਵੇਗੀ। ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਰੈਲੀ ਦਾ ਸਮਾਂ ਸਵੇਰੇ 10 ਵਜੇ ਨਿਰਧਾਰਤ ਕੀਤਾ ਗਿਆ ਹੈ। ਰੈਲੀ ’ਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸੁਨੀਲ ਜਾਖੜ, ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ, ਨਰਿੰਦਰ ਸਿੰਘ ਰੈਣਾ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਰੈਲੀ ਲਈ ਪੁਲਿਸ ਨੇ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਹਨ। ਐੱਸਐੱਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਵੱਖ ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਾਹਨਾਂ ਲਈ ਵੱਖ-ਵੱਖ ਰਸਤੇ ਤੈਅ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ।