ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਜਿੱਤ ਦੇ ਜਸ਼ਨ ਮਨਾਏ ਗਏ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਬੰਗਾਲ ਦੀ ਜਿੱਤ ਨੇ ਪੰਜਾਬ ਦੇ ਵਰਕਰਾਂ ਵਿਚ ਨਵੀਂ ਰੂਹ ਫੂਕ ਦਿੱਤੀ ਹੈ।

ਜੈ ਸਿੰਘ ਛਿੱਬਰ ,ਚੰਡੀਗੜ੍ਹ : ਪੱਛਮੀ ਬੰਗਾਲ ’ਚ ਕਮਲ ਦਾ ਫੁੱਲ ਖਿੜ੍ਹਨ ’ਤੇ ਭਾਜਪਾ ਨੇਤਾ ਅਤੇ ਵਰਕਰ ਬਾਗੋਬਾਗ ਹਨ। ਦੇਸ਼ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਪੱਛਮੀ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਜਿੱਤ ’ਨੇ ਪੰਜਾਬ ਭਾਜਪਾ ਦੇ ਆਗੂਆਂ ਵਿਚ ਉਤਸ਼ਾਹ ਭਰ ਦਿੱਤਾ ਹੈ ਅਤੇ ਭਾਜਪਾਈ ਇਸਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੀ ਆਕਸੀਜਨ ਮਿਲਣ ਵਜੋਂ ਦੇਖ ਰਹੇ ਹਨ। ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਚ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਜਿੱਤ ਦੇ ਜਸ਼ਨ ਮਨਾਏ ਗਏ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਬੰਗਾਲ ਦੀ ਜਿੱਤ ਨੇ ਪੰਜਾਬ ਦੇ ਵਰਕਰਾਂ ਵਿਚ ਨਵੀਂ ਰੂਹ ਫੂਕ ਦਿੱਤੀ ਹੈ।
ਭਾਜਪਾ ਆਗੂਆਂ ਖਾਸ ਕਰਕੇ ਜਿਹੜੇ ਦੂਜੀਆਂ ਪਾਰਟੀਆਂ ਵਿਚੋਂ ਭਾਜਪਾ ’ਚ ਸ਼ਾਮਲ ਹੋਏ ਹਨ, ਦਾ ਮੰਨਣਾ ਹੈ ਕਿ ਪੰਜਾਬ ਤੇ ਵੈਸਟ ਬੰਗਾਲ ਦਾ ਪਿਛੋਕੜ ਮਿਲਦਾ ਜੁਲਦਾ ਹੈ। ਦੋਵਾਂ ਸੂਬਿਆਂ ਦੇ ਲੋਕਾਂ ਦਾ ਅਜ਼ਾਦੀ ਦੇ ਘੋਲ ਵਿਚ ਅਹਿਮ ਯੋਗਦਾਨ ਰਿਹਾ ਹੈ। ਜੇਕਰ ਪੱਛਮੀ ਬੰਗਾਲ ’ਚ ਕਮਲ ਖਿੜ੍ ਸਕਦਾ ਹੈ ਤਾਂ ਪੰਜਾਬ ਵਿਚ ਵੀ ਆਸ ਦੀ ਉਮੀਦ ਜਾਗੀ ਹੈ।
ਹਾਲਾਂਕਿ ਅਕਾਲੀ ਦਲ ਨਾਲ ਗਠਜੋੜ ਕਰਕੇ ਭਾਜਪਾ ਪੰਜਾਬ ਵਿਚ ਸੱਤਾ ਦਾ ਸੁੱਖ ਭੋਗ ਚੁੱਕੀ ਹੈ,ਪਰ ਇਸ ਵਾਰ ਇਕੱਲਿਆਂ ਸਰਕਾਰ ਬਣਾਉਣ ਲਈ ਪੂਰੀ ਤਾਕਤ ਝੋਕ ਰਹੀ ਹੈ। ਸ਼ਹਿਰੀ ਲੋਕਾਂ ਵਿਚ ਭਾਜਪਾ ਦਾ ਪਹਿਲਾਂ ਹੀ ਚੰਗਾ ਅਧਾਰ ਮੰਨਿਆ ਜਾਂਦਾ ਹੈ , ਪਰ ਦਿਹਾਤੀ ਵਰਗ ਵਿਚ ਆਪਣੀ ਪੈਂਠ ਬਣਾਉਣ ਲਈ ਪੂਰਾ ਜ਼ੋਰ ਲਗਾ ਰੱਖਿਆ ਹੈ। ਸੂਬੇ ਵਿਚ ਸੱਭ ਤੋਂ ਵੱਧ ਅਨੁਸੂਚਿਤ ਜਾਤੀ ਵਰਗ ਦੀ 34 ਫ਼ੀਸਦੀ ਵਸੋਂ ਹੈ। ਇਸਤੋਂ ਬਾਅਦ ਪਿਛੜੇ ਤੇ ਓਬੀਸੀ ਸ੍ਰੇਣੀ ਦੀ ਗਿਣਤੀ ਹੈ। ਅਨੂਸੂਚਿਤ ਜਾਤੀ ਅਤੇ ਪਿਛੜੇ ਸ੍ਰੇਣੀ ਵਰਗ ਦੇ ਲੋਕਾਂ ਨੂੰ ਭਾਜਪਾ ਨਾਲ ਜੋੜਨ ਲਈ ਮੁਹਿੰਮ ਛੇੜ ਰੱਖੀ ਹੈ। ਅਨੁਸੂਚਿਤ ਜਾਤੀ ਵਰਗ ਦਾ ਜ਼ਿਆਦਾ ਹਿੱਸਾ ਹੁਣ ਤੱਕ ਕਾਂਗਰਸ ਜਾਂ ਬਸਪਾ ਦੇ ਹੱਕ ਵਿਚ ਭੁਗਤਦਾ ਰਿਹਾ ਹੈ, ਪਰ ਪਿਛਲੇ ਸਮੇਂ ਦੌਰਾਨ ਜਿਵੇਂ ਦਲਿਤ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਹੈ ਅਤੇ ਹੁਣ ਪਿਛੜੇ ਵਰਗ ਦੇ ਲੋਕਾਂ,ਨੇਤਾਵਾਂ ਨੂੰ ਜੋੜਿਆ ਜਾ ਰਿਹਾ ਹੈ, ਉਸਤੋਂ ਸਪਸ਼ਟ ਹੈ ਕਿ ਭਾਜਪਾ ਹਰਿਆਣਾ ਦੀ ਤਰਜ਼ ’ਤੇ ਗੈਰ ਜੱਟ ਦਾ ਪੱਤਾ ਖੇਡਣ ਦੀ ਤਿਆਰੀ ਵਿਚ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਗਾਤਾਰ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਮੀਟਿੰਗਾਂ ਤੇ ਸਮਾਗਮ ਕਰ ਰਹੇ ਹਨ। ਉਹ ਸੈਣੀ ਵਰਗ ਨੂੰ ਭਾਜਪਾ ਨਾਲ ਚੱਲਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪੁਆਧ ਤੋਂ ਦੁਆਬੇ ’ਚ ਪੈਂਦੇ ਹੁਸ਼ਿਆਰਪੁਰ ਤੱਕ ਨਾਇਬ ਸਿੰਘ ਸੈਣੀ ਵਲੋਂ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਪੱਛਮੀ ਬੰਗਾਲ ਵਿਚ ਹੋਈ ਜਿੱਤ ’ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੇ ਹਾਲਾਤ ਪੰਜਾਬ ਵਰਗੇ ਹੀ ਸਨ ਅਤੇ ਬੰਗਾਲ ਦੇ ਲੋਕਾਂ ਨੇ ਬਦਲਾਅ ਲਿਆ ਕੇ ਪੰਜਾਬ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਪੰਜਾਬ ਵਿਚ 'ਤਖ਼ਤਾ ਪਲਟ' ਦੀ ਵਾਰੀ ਹੈ। ਉਨ੍ਹਾਂ ਮੁਤਾਬਕ ਪੰਜਾਬ ਦੇ ਲੋਕਾਂ ਨੇ ਵੀ ਸੂਬੇ ਦੀ ਬਿਹਤਰੀ ਲਈ ਮਨ ਬਣਾ ਲਿਆ ਹੈ।
ਦਿੱਲੀ ਸਰਕਾਰ ’ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਬੰਗਾਲ ਦੇ ਲੋਕਾਂ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਵੇਂ ਬੰਗਾਲ ਨੇ ਸੋਚ-ਸਮਝ ਕੇ ਭਾਜਪਾ ਨੂੰ ਚੁਣਿਆ ਹੈ, ਉਸੇ ਤਰ੍ਹਾਂ 2027 ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਫਤਵਾ ਕੇਂਦਰ ਸਰਕਾਰ ਦੀ ਮਜ਼ਬੂਤ ਲੀਡਰਸ਼ਿਪ ਅਤੇ ਸੁਸ਼ਾਸਨ ਵਿਚ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ, ਜਦਕਿ ਵਿਜੇ ਸਾਂਪਲਾ ਨੇ ਵੀ ਇਸ ਨੂੰ ਇੱਕ ਨਵੇਂ ਸਿਆਸੀ ਯੁੱਗ ਦੀ ਸ਼ੁਰੂਆਤ ਦੱਸਿਆ। ਅਤੇ ਹੁਣ ਪਾਰਟੀ ਪੂਰੀ ਤਿਆਰੀ ਨਾਲ ਪੰਜਾਬ ਦੀਆਂ ਅਗਲੀਆਂ ਚੋਣਾਂ ਵੱਲ ਵਧੇਗੀ।