ਭਾਜਪਾ ਆਗੂ ਐੱਸਐੱਮਐੱਸ ਸੰਧੂ ਦਾ ਵੱਡਾ ਦਾਅਵਾ ਬਲਾਕ ਸੰਮਤੀ ਚੋਣਾਂ 'ਇਕੱਲੇ ਲੜ ਕੇ ਸਿਰਜਾਂਗੇ ਨਵਾਂ ਇਤਿਹਾਸ'
ਭਾਜਪਾ ਆਗੂ ਐੱਸਐੱਮਐੱਸ ਸੰਧੂ ਦਾ ਵੱਡਾ ਦਾਅਵਾ ਬਲਾਕ ਸੰਮਤੀ ਚੋਣਾਂ 'ਇਕੱਲੇ ਲੜ ਕੇ ਸਿਰਜਾਂਗੇ ਨਵਾਂ ਇਤਿਹਾਸ'
Publish Date: Sat, 06 Dec 2025 07:37 PM (IST)
Updated Date: Sat, 06 Dec 2025 07:39 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਹਲਕਾ ਡੇਰਾਬੱਸੀ ਦੇ ਪ੍ਰਮੁੱਖ ਚਿਹਰੇ ਐੱਸਐੱਮਐੱਸ ਸੰਧੂ ਨੇ ਆਉਣ ਵਾਲੀਆਂ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਇਕ ਵੱਡਾ ਬਿਆਨ ਜਾਰੀ ਕੀਤਾ ਹੈ। ਸੰਧੂ ਨੇ ਜ਼ੋਰਦਾਰ ਦਾਅਵਾ ਕੀਤਾ ਹੈ ਕਿ ਭਾਜਪਾ ਇਸ ਵਾਰ ਡੇਰਾਬੱਸੀ ਹਲਕੇ ਤੋਂ ਬਲਾਕ ਸੰਮਤੀ ਚੋਣਾਂ ਇਕੱਲੇ ਆਪਣੇ ਦਮ ਤੇ ਲੜੇਗੀ ਅਤੇ ਇਕ ਨਵਾਂ ਇਤਿਹਾਸ ਸਿਰਜੇਗੀ। ਐੱਸਐੱਮਐੱਸ ਸੰਧੂ ਨੇ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿਚ ਭਾਜਪਾ ਪ੍ਰਤੀ ਉਤਸ਼ਾਹ ਵੱਧ ਰਿਹਾ ਹੈ। ਉਨ੍ਹਾਂ ਅਨੁਸਾਰ, ਕੇਂਦਰ ਸਰਕਾਰ ਦੀਆਂ ਜਨ-ਹਿਤੈਸ਼ੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ’ਚ ਹੋਏ ਵਿਕਾਸ ਕਾਰਜਾਂ ਦਾ ਅਸਰ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਪਾਰਟੀ ਨੇ ਗਠਜੋੜ ਤਹਿਤ ਚੋਣਾਂ ਲੜੀਆਂ ਸਨ, ਪਰ ਇਸ ਵਾਰ ਉਹ ਡੇਰਾਬੱਸੀ ਵਿਚ ਆਪਣੀ ਤਾਕਤ ਦਿਖਾਵਾਂਗੇ। ਬਲਾਕ ਸੰਮਤੀ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਪੰਜਾਬ ਵਿਚ ਬਦਲਾਅ ਲਿਆਉਣ ਲਈ ਭਾਜਪਾ ਨੂੰ ਭਰਪੂਰ ਸਮਰਥਨ ਦੇਣਗੇ ਅਤੇ ਉਹ ਇਤਿਹਾਸਕ ਜਿੱਤ ਦਰਜ ਕਰਨਗੇ। ਸੰਧੂ ਨੇ ਇਹ ਵੀ ਦੱਸਿਆ ਕਿ ਪਾਰਟੀ ਵੱਲੋਂ ਜ਼ਮੀਨੀ ਪੱਧਰ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਚੋਣ ਜਲਸਿਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਵਿਰੋਧੀ ਧਿਰਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਜਪਾ ਹੁਣ ਪੰਜਾਬ ਵਿਚ ਇਕੱਲੇ ਚੋਣ ਲੜਨ ਦੀ ਸਮਰੱਥਾ ਰੱਖਦੀ ਹੈ ਅਤੇ ਜਲਦ ਹੀ ਪੰਜਾਬ ਦੀ ਸਿਆਸਤ ਵਿਚ ਇਕ ਪ੍ਰਮੁੱਖ ਸ਼ਕਤੀ ਬਣ ਕੇ ਉੱਭਰੇਗੀ।