ਸ਼੍ਰੀ ਰਾਮ ਮੰਦਰ ਦੀ ਦੂਜੀ ਵਰ੍ਹੇਗੰਢ ਮੌਕੇ ਭਾਜਪਾ ਆਗੂ ਸੰਜੀਵ ਖੰਨਾ ਨੇ ਲੰਗਰ ਦੌਰਾਨ ਸੇਵਾ ਨਿਭਾਈ
ਸ਼੍ਰੀ ਰਾਮ ਮੰਦਰ ਦੀ ਦੂਜੀ ਵਰ੍ਹੇਗੰਢ ਮੌਕੇ ਭਾਜਪਾ ਆਗੂ ਸੰਜੀਵ ਖੰਨਾ ਨੇ ਲੰਗਰ ਦੌਰਾਨ ਸੇਵਾ ਨਿਭਾਈ
Publish Date: Thu, 22 Jan 2026 08:09 PM (IST)
Updated Date: Thu, 22 Jan 2026 08:12 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ ਵਿਚ ਪ੍ਰਭੂ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਪਵਿੱਤਰ ਮੌਕੇ ਤੇ ਜ਼ੀਰਕਪੁਰ ’ਚ ਧਾਰਮਿਕ ਆਸਥਾ ਅਤੇ ਸਮਾਜਕ ਏਕਤਾ ਦੀ ਇਕ ਵਿਲੱਖਣ ਝਲਕ ਵੇਖਣ ਨੂੰ ਮਿਲੀ। ਇਸ ਸ਼ੁੱਭ ਮੌਕੇ ਨੂੰ ਸਮਰਪਿਤ ਭਾਜਪਾ ਡੇਰਾਬੱਸੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਪ੍ਰਦੇਸ਼ ਸਕੱਤਰ ਸੰਜੀਵ ਖੰਨਾ ਵੱਲੋਂ ਵਿਸ਼ੇਸ਼ ਲੰਗਰ ਦੀ ਸੇਵਾ ਕਰਵਾਈ ਗਈ, ਜਿਸ ਵਿਚ ਸਥਾਨਕ ਨਿਵਾਸੀਆਂ ਅਤੇ ਸ਼ਰਧਾਲੂਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਮੌਕੇ ਸੰਜੀਵ ਖੰਨਾ ਨੇ ਮੰਦਰ ਵਿਚ ਨਤਮਸਤਕ ਹੋ ਕੇ ਵਿਧੀਵਤ ਪੂਜਾ-ਅਰਚਨਾ ਕੀਤੀ। ਉਨ੍ਹਾਂ ਨੇ ਦੇਸ਼ ਅਤੇ ਸੂਬੇ ਦੀ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਦਭਾਵਨਾ ਅਤੇ ਸਰਬੱਤ ਦੇ ਭਲੇ ਲਈ ਪ੍ਰਭੂ ਸ਼੍ਰੀ ਰਾਮ ਅੱਗੇ ਅਰਦਾਸ ਕੀਤੀ। ਅਰਦਾਸ ਉਪਰੰਤ ਲੰਗਰ ਸੇਵਾ ਸ਼ੁਰੂ ਕੀਤੀ ਗਈ, ਜਿੱਥੇ ਸ਼ਰਧਾਲੂਆਂ ਨੇ ਕਤਾਰਾਂ ਵਿਚ ਬੈਠ ਕੇ ਬਹੁਤ ਹੀ ਸ਼ਰਧਾ ਅਤੇ ਸੇਵਾ ਭਾਵ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸੰਜੀਵ ਖੰਨਾ ਨੇ ਕਿਹਾ ਕਿ ਅਯੋਧਿਆ ਦਾ ਸ਼੍ਰੀ ਰਾਮ ਮੰਦਰ ਸਿਰਫ਼ ਇਕ ਧਾਰਮਿਕ ਸਥਾਨ ਹੀ ਨਹੀਂ, ਸਗੋਂ ਇਹ ਸਾਡੀ ਸੱਭਿਆਚਾਰਕ ਵਿਰਾਸਤ, ਸੇਵਾ ਦੀ ਭਾਵਨਾ ਅਤੇ ਸਮਾਜਕ ਏਕਤਾ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੇ ਜੀਵਨ ਆਦਰਸ਼ ਅਤੇ ਸੱਚਾਈ, ਮਰਿਆਦਾ ਅਤੇ ਨਿਰਸਵਾਰਥ ਸੇਵਾ ਅੱਜ ਵੀ ਪੂਰੀ ਮਨੁੱਖਤਾ ਨੂੰ ਸਹੀ ਰਸਤਾ ਦਿਖਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੰਗਰ ਵਰਗੀ ਪਵਿੱਤਰ ਪਰੰਪਰਾ ਸਮਾਜ ਵਿਚ ਸਮਾਨਤਾ ਦਾ ਸੁਨੇਹਾ ਦਿੰਦੀ ਹੈ, ਜਿੱਥੇ ਅਮੀਰ-ਗਰੀਬ ਦਾ ਭੇਦ ਮਿਟ ਜਾਂਦਾ ਹੈ। ਸਮਾਗਮ ਦੌਰਾਨ ਭਾਜਪਾ ਵਰਕਰਾਂ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਸੇਵਾ ਵਿਚ ਪੂਰਾ ਯੋਗਦਾਨ ਪਾਇਆ। ਮੰਦਰ ਕੰਪਲੈਕਸ ਵਿਚ ਸਾਫ਼-ਸਫ਼ਾਈ ਅਤੇ ਅਨੁਸ਼ਾਸਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਦੀ ਆਏ ਹੋਏ ਸ਼ਰਧਾਲੂਆਂ ਨੇ ਖ਼ੂਬ ਸ਼ਲਾਘਾ ਕੀਤੀ। ਪੂਰਾ ਮਾਹੌਲ ਪ੍ਰਭੂ ਸ਼੍ਰੀ ਰਾਮ ਦੇ ਭਜਨਾਂ ਅਤੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ, ਜਿਸ ਨੇ ਖੇਤਰ ਵਿਚ ਇਕ ਅਧਿਆਤਮਿਕ ਲਹਿਰ ਪੈਦਾ ਕਰ ਦਿੱਤੀ।